ਚੰਡੀਗੜ੍ਹ, 28 ਅਕਤੂਬਰ (ਪੋਸਟ ਬਿਊਰੋ): ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ `ਚ ਹੋਇਆ। ਇਸ ਸਾਲਾਨਾ ਜਰਨਲ ਇਜਲਾਸ `ਚ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਦੇ ਸਹਾਰੇ ਚੱਲਣ ਵਾਲੀ ਵਿਰੋਧੀ ਧਿਰ ਦੀ ਹਾਰ ਹੋਈ ਹੈ।
ਇਸਦੇ ਨਾਲ ਹੀ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਚੁਣੇ ਗਏ ਹਨ। ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਚੁਣੇ ਗਏ ਹਨ ਤੇ 11 ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਵੀ ਚੋਣ ਹੋਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ `ਚ ਹਰਜਿੰਦਰ ਸਿੰਘ ਧਾਮੀ ਨੂੰ ਇਕਤਰਫਾ ਜਿੱਤ ਹੋਈ ਹੈ , ਉਨ੍ਹਾਂ ਨੂੰ 107 ਵੋਟਾਂ ਮਿਲੀਆਂ। ਜਦੋਂਕਿ ਬਾਗੀ ਧੜੇ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਆਰ.ਐੱਸ.ਐੱਸ., ਭਾਜਪਾ ਅਤੇ ਕਾਂਗਰਸ `ਤੇ ਸਿੱਖ ਮਾਮਲਿਆਂ ‘ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਇਸ `ਚ ਪਿੱਛੇ ਨਹੀਂ ਹੈ ਅਤੇ ਸਿੱਖਾਂ ਦੇ ਮਸਲਿਆਂ ਨੂੰ ਉਲਝਾਇਆ ਜਾ ਰਿਹਾ ਹੈ।
ਚਰਚਾ ਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ `ਤੇ ਬਾਦਲ ਪਰਿਵਾਰ ਦਾ ਪ੍ਰਭਾਵ ਰਿਹਾ ਹੈ . ਪੰਜਾਬ ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਇਸ ਵਾਰ ਮੰਨਿਆ ਜਾ ਰਿਹਾ ਸੀ ਕਿ ਅਕਾਲੀ ਦਲ `ਚ ਫੁੱਟ ਦਾ ਅਸਰ ਸ਼੍ਰੋਮਣੀ ਕਮੇਟੀ ਚੋਣਾਂ `ਤੇ ਪਵੇਗਾ। ਹਾਲਾਂਕਿ, ਅਜਿਹਾ ਨਹੀਂ ਹੋਇਆਅਤੇ ਬਾਗੀ ਧੜੇ ਦੀ ਬੀਬੀ ਜਗੀਰ ਕੌਰ ਨੂੰ 2022 ਤੋਂ ਘੱਟ ਵੋਟਾਂ ਮਿਲੀਆਂ ਹਨ।