ਪੁਣੇ, 4 ਅਕਤੂਬਰ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਪੁਣੇ 'ਚ 21 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਕੋਂਡਵਾ ਪੁਲਸ ਮੁਤਾਬਕ ਇਹ ਘਟਨਾ ਪੁਣੇ ਦੇ ਬੋਪਦੇਵ ਘਾਟ ਇਲਾਕੇ 'ਚ ਵੀਰਵਾਰ ਰਾਤ ਨੂੰ ਵਾਪਰੀ। ਲੜਕੀ ਆਪਣੇ ਦੋਸਤ ਨਾਲ ਘਾਟ 'ਤੇ ਗਈ ਸੀ, ਜਿੱਥੇ ਰਾਤ ਕਰੀਬ 11 ਵਜੇ ਤਿੰਨ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ।
ਹਾਲਾਂਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਸ਼ੁੱਕਰਵਾਰ ਸਵੇਰੇ 5 ਵਜੇ ਦਿੱਤੀ ਗਈ। ਪੁਣੇ ਦੇ ਜੁਆਇੰਟ ਸੀਪੀ ਰੰਜਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਸ਼ੱਕੀ ਰਾਜੇਖਾਨ ਕਰੀਮ ਪਠਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਾਕੀ 2 ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਲਈ ਕ੍ਰਾਈਮ ਬ੍ਰਾਂਚ ਅਤੇ ਡਿਟੈਕਟਿਵ ਬ੍ਰਾਂਚ ਦੀਆਂ 10 ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ ਕੋਂਡਵਾ ਇਲਾਕੇ 'ਚ ਜਾਂਚ ਕਰ ਰਹੀਆਂ ਹਨ।
ਜੁਆਇੰਟ ਸੀਪੀ ਰੰਜਨ ਕੁਮਾਰ ਨੇ ਦੱਸਿਆ ਕਿ ਸਿ਼ਕਾਇਤ ਵਿੱਚ ਕਿਹਾ ਗਿਆ ਹੈ ਕਿ ਲੜਕੀ ਆਪਣੇ ਦੋਸਤ ਨਾਲ ਘਾਟ ਦੇ ਸੁੰਨਸਾਨ ਇਲਾਕੇ ਵਿੱਚ ਸੀ। ਜਾਣਕਾਰੀ ਅਨੁਸਾਰ, ਇੱਕ ਦੋਸ਼ੀ ਰਾਜੇਖਾਨ ਉਨ੍ਹਾਂ ਦੀ ਕਾਰ ਕੋਲ ਆਇਆ ਅਤੇ ਕਿਹਾ ਕਿ ਇਸ ਖੇਤਰ ਵਿੱਚ ਜੋੜਿਆਂ ਦੀ ਇਜਾਜ਼ਤ ਨਹੀਂ ਹੈ।
ਇਸ ਤੋਂ ਬਾਅਦ ਉਸ ਨੇ ਦੋਨਾਂ ਦੀਆਂ ਤਸਵੀਰਾਂ ਖਿੱਚੀਆਂ। ਇਸ ਤੋਂ ਬਾਅਦ ਮੁਲਜ਼ਮਾਂ ਵਿੱਚੋਂ ਇੱਕ ਨੇ ਲੜਕੀ ਨੂੰ ਡਰਾ ਧਮਕਾ ਕੇ ਆਪਣੀ ਕਾਰ ਵਿੱਚ ਬੈਠਣ ਲਈ ਮਜ਼ਬੂਰ ਕਰ ਦਿੱਤਾ। ਉਸ ਨੂੰ ਕਿਸੇ ਹੋਰ ਥਾਂ 'ਤੇ ਲਿਜਾਅ ਕੇ ਕਾਰ ਰੋਕ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਇਸ ਤੋਂ ਪਹਿਲਾਂ ਮੁਲਜ਼ਮ ਨੇ ਆਪਣੇ ਦੋਸਤ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ ਸੀ। ਲੜਕੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਿਸ ਅੱਜ ਹੀ ਲੜਕੀ ਦੇ ਬਿਆਨ ਦਰਜ ਕਰੇਗੀ।