ਪੁਣੇ, 2 ਅਕਤੂਬਰ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਪੁਣੇ ਜਿ਼ਲ੍ਹੇ ਦੇ ਬਾਵਧਨ ਵਿੱਚ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਦੋ ਪਾਇਲਟ ਅਤੇ ਇੱਕ ਇੰਜੀਨੀਅਰ ਸਵਾਰ ਸਨ। ਤਿੰਨਾਂ ਦੀ ਮੌਤ ਹੋ ਗਈ। ਇਹ ਘਟਨਾ ਬਾਵਧਨ ਦੇ ਕੇ.ਕੇ. ਕੰਸਟਰਕਸ਼ਨ ਹਿੱਲ ਨੇੜੇ ਸਵੇਰੇ 6:45 ਵਜੇ ਵਾਪਰੀ।
ਪੁਣੇ ਦੇ ਪਿੰਪਰੀ-ਚਿੰਚਵਾੜ ਦੇ ਡੀ.ਸੀ.ਪੀ. ਵਿਸ਼ਾਲ ਗਾਇਕਵਾੜ ਨੇ ਦੱਸਿਆ ਕਿ ਹੈਲੀਕਾਪਟਰ ਨੇ ਮੁੰਬਈ ਦੇ ਜੁਹੂ ਲਈ ਆਕਸਫੋਰਡ ਗੋਲਫ ਕੋਰਸ ਦੇ ਹੈਲੀਪੈਡ ਤੋਂ ਉਡਾਣ ਭਰੀ ਸੀ। ਕਰੀਬ 10 ਮਿੰਟ ਬਾਅਦ ਹੈਲੀਕਾਪਟਰ ਡੇਢ ਕਿਲੋਮੀਟਰ ਦੀ ਦੂਰੀ 'ਤੇ ਕ੍ਰੈਸ਼ ਹੋ ਗਿਆ। ਇਹ ਹਾਦਸਾ ਪਹਾੜੀ ਇਲਾਕੇ 'ਚ ਵਾਪਰਿਆ। ਸਵੇਰੇ ਉੱਥੇ ਸੰਘਣੀ ਧੁੰਦ ਛਾਈ ਹੋਈ ਸੀ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ।
ਪੁਣੇ ਦੇ ਚੀਫ ਫਾਇਰ ਅਫਸਰ ਦਵਿੰਦਰ ਪ੍ਰਭਾਕਰ ਪੋਟਫੋਡੇ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਕਾਰਜ ਲਈ ਦੋ ਐਂਬੂਲੈਂਸ ਅਤੇ ਚਾਰ ਫਾਇਰ ਇੰਜਨ ਮੌਕੇ 'ਤੇ ਪਹੁੰਚ ਗਏ। ਹੈਲੀਕਾਪਟਰ ਦੇ ਸਾਰੇ ਹਿੱਸੇ ਚਕਨਾਚੂਰ ਹੋ ਗਏ।
ਹੈਲੀਕਾਪਟਰ ਹੈਰੀਟੇਜ ਐਵੀਏਸ਼ਨ ਨਾਂ ਦੀ ਨਿੱਜੀ ਕੰਪਨੀ ਦਾ ਸੀ। ਪਾਇਲਟ ਅਤੇ ਇੰਜੀਨੀਅਰ ਦੋਨਾਂ ਦੀ ਪਹਿਚਾਣ ਹਾਲੇ ਨਹੀਂ ਹੋ ਸਕੀ ਹੈ। ਡੀਸੀਪੀ ਵਿਸ਼ਾਲ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਡੀਜੀਸੀਏ ਮਾਮਲੇ ਦੀ ਜਾਂਚ ਕਰੇਗਾ।