ਬੈਂਗਲੁਰੂ, 30 ਸਤੰਬਰ (ਪੋਸਟ ਬਿਊਰੋ): ਇੱਕ ਪਾਕਿਸਤਾਨੀ ਨਾਗਰਿਕ, ਉਸ ਦੀ ਪਤਨੀ ਅਤੇ ਦੋ ਹੋਰ ਲੋਕਾਂ ਨੂੰ ਪਿਛਲੇ 6 ਸਾਲਾਂ ਤੋਂ ਜਾਅਲੀ ਪਹਿਚਾਣ ਪੱਤਰਾਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਢਲੀ ਜਾਂਚ ਅਨੁਸਾਰ ਪਾਕਿਸਤਾਨੀ ਨਾਗਰਿਕ ਦੀ ਪਤਨੀ ਬੰਗਲਾਦੇਸ਼ ਦੀ ਰਹਿਣ ਵਾਲੀ ਹੈ ਅਤੇ ਇਸ ਤੋਂ ਪਹਿਲਾਂ ਉਹ ਢਾਕਾ ’ਚ ਸਨ ਜਿੱਥੇ ਉਨ੍ਹਾਂ ਦਾ ਵਿਆਹ ਹੋਇਆ ਸੀ।
ਇਹ ਜੋੜਾ ਕਥਿਤ ਤੌਰ ’ਤੇ 2014 ’ਚ ਦਿੱਲੀ ਆਇਆ ਸੀ ਅਤੇ ਬਾਅਦ ’ਚ 2018 ’ਚ ਬੰਗਲੁਰੂ ਚਲਾ ਗਿਆ। ਗ੍ਰਿਫ਼ਤਾਰ ਕੀਤੇ ਗਏ ਹੋਰ ਦੋ ਵਿਅਕਤੀ ਉਸ ਦੇ ਸਹੁਰੇ ਪਰਿਵਾਰ ਦੇ ਹਨ। ਐਤਵਾਰ ਨੂੰ ਬੈਂਗਲੁਰੂ ਦੇ ਬਾਹਰੀ ਇਲਾਕੇ ਜਿਗਾਨੀ ਵਿਖੇ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਸਾਡੇ ਜਿਗਾਨੀ ਅਧਾਰਤ ਇੰਸਪੈਕਟਰ ਨੇ ਇਕ ਕੇਸ ਦੀ ਜਾਂਚ ਕੀਤੀ ਅਤੇ ਕੇਸ ਦਰਜ ਕੀਤਾ। ਇੱਥੇ ਇੱਕ ਪਰਿਵਾਰ ਦੇ ਚਾਰ ਲੋਕ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਚਾਰਾਂ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਨਤੀਜੇ ਦੇ ਆਧਾਰ ’ਤੇ ਅਸੀਂ ਅਗਲੇਰੀ ਕਾਰਵਾਈ ਕਰਾਂਗੇ।
ਉਨ੍ਹਾਂ ਨੇ ਦਸਿਆ ਕਿ ਉਹ ਪਿਛਲੇ ਛੇ ਸਾਲਾਂ ਤੋਂ ਜਿਗਾਨੀ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ। ਉਨ੍ਹਾਂ ਨੇ ਕਥਿਤ ਤੌਰ ’ਤੇ ਜਾਅਲੀ ਨਾਵਾਂ ਤਹਿਤ ਪਹਿਚਾਣ ਪੱਤਰ ਪ੍ਰਾਪਤ ਕੀਤੇ ਹਨ। ਪੁਲਿਸ ਗ੍ਰਿਫਤਾਰ ਵਿਅਕਤੀ ਤੋਂ ਉਸ ਦੇ ਨੈੱਟਵਰਕ ਅਤੇ ਗਤੀਵਿਧੀਆਂ ਬਾਰੇ ਪੁੱਛ-ਪੜਤਾਲ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਬਾਰੇ ਵੇਰਵੇ ਇਕੱਠੇ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹ ਇੱਕ ਗੈਰੇਜ ਨੂੰ ਸਮੱਗਰੀ ਦੀ ਸਪਲਾਈ ਕਰ ਰਹੇ ਸਨ, ਪਰ ਇਸ ਦੀ ਜਾਂਚ ਕਰਨ ਦੀ ਜ਼ਰੂਰਤ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਘਰੋਂ ਜ਼ਬਤ ਕੀਤੀ ਗਈ ਸਮੱਗਰੀ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਇਹ ਜਾਂਚ ਦਾ ਹਿੱਸਾ ਹੈ।
ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਇੱਥੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਮੇਸ਼ਵਰ ਨੇ ਆਖਿਆ ਕਿ ਉਹ ਕਿਵੇਂ ਆਏ? ਉਹ ਸਾਰੇ ਕਿਉਂ ਆਏ? ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾਵੇਗੀ।