ਯੂਐੱਨ, 29 ਸਤੰਬਰ (ਪੋਸਟ ਬਿਊਰੋ): ਭਾਰਤ ਨੇ ਸੰਯੁਕਤ ਰਾਸ਼ਟਰ ਮਹਾਂਸਭਾ ’ਚ ਪਾਕਿਸਤਾਨ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਦੁਨੀਆਂ ਭਰ ’ਚ ਅੱਤਵਾਦੀ ਘਟਨਾਵਾਂ ’ਚ ਸ਼ਾਮਿਲ ਰਿਹਾ ਹੈ ਅਤੇ ਗੁਆਂਢੀ ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਵਿਰੁੱਧ ਸਰਹੱਦ ਪਾਰ ਦੇ ਅੱਤਵਾਦ ਦੇ ਨਤੀਜੇ ਲਾਜ਼ਮੀ ਤੌਰ ’ਤੇ ਭੁਗਤਣੇ ਪੈਣਗੇ। ਭਾਰਤ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 79ਵੇਂ ਸੈਸ਼ਨ ਦੀ ਆਮ ਬਹਿਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਲੋਂ ਸ਼ੁਕਰਵਾਰ ਨੂੰ ਜੰਮੂ-ਕਸ਼ਮੀਰ ਦਾ ਮੁੱਦਾ ਉਠਾਉਣ ਵਿਰੁਧ ਪ੍ਰਤੀਕਰਮ ਵਜੋਂ ਆਪਣੇ ‘ਜਵਾਬ ਦੇ ਅਧਿਕਾਰ’ ਦੀ ਵਰਤੋਂ ਕੀਤੀ।
ਭਾਰਤ ਦੇ ਜਵਾਬ ਦੇ ਅਧਿਕਾਰ ਤਹਿਤ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਪਹਿਲੀ ਸਕੱਤਰ ਭਾਵਿਕਾ ਮੰਗਲਾਨੰਦਨ ਨੇ ਕਿਹਾ ਕਿ ਇਸ ਜਨਰਲ ਅਸੈਂਬਲੀ ਵਿਚ ਅੱਜ ਸਵੇਰੇ ਇਕ ਹਾਸੋਹੀਣੀ ਘਟਨਾ ਦੇਖੀ ਗਈ। ਅੱਤਵਾਦ, ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਅੰਤਰਰਾਸ਼ਟਰੀ ਅਪਰਾਧ ਲਈ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਦੇਸ਼ ਜੋ ਫ਼ੌਜ ਦੁਆਰਾ ਚਲਾਇਆ ਜਾਂਦਾ ਹੈ, ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ’ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਕਿ ਦੁਨੀਆਂ ਜਾਣਦੀ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੋਂ ਸਰਹੱਦ ਪਾਰ ਅੱਤਵਾਦ ਨੂੰ ਆਪਣੇ ਗੁਆਂਢੀਆਂ ਵਿਰੁਧ ਹਥਿਆਰ ਵਜੋਂ ਵਰਤ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਦੁਆਰਾ 2001 ਵਿਚ ਭਾਰਤੀ ਸੰਸਦ ’ਤੇ ਹਮਲੇ ਅਤੇ ਮੁੰਬਈ ਵਿਚ 26/11 ਦੇ ਅੱਤਵਾਦੀ ਹਮਲਿਆਂ ਸਬੰਧੀ ਕਿਹਾ ਕਿ ਕਿ ਉਨ੍ਹਾਂ ਨੇ ਸਾਡੀ ਸੰਸਦ, ਸਾਡੀ ਵਿੱਤੀ ਰਾਜਧਾਨੀ ਮੁੰਬਈ ਦੇ ਬਾਜ਼ਾਰਾਂ ਅਤੇ ਤੀਰਥ ਸਥਾਨਾਂ ’ਤੇ ਹਮਲਾ ਕੀਤਾ।
ਮੰਗਲਾਨੰਦਨ ਨੇ ਕਿਹਾ ਕਿ ਸੂਚੀ ਲੰਬੀ ਹੈ। ਅਜਿਹੇ ਦੇਸ਼ ਲਈ ਹਿੰਸਾ ਬਾਰੇ ਕਿਤੇ ਵੀ ਬੋਲਣਾ ਪੂਰੀ ਤਰ੍ਹਾਂ ਪਾਖੰਡ ਹੈ। ਮੰਗਲਾਨੰਦਨ ਨੇ ਕੌਮਾਂਤਰੀ ਭਾਈਚਾਰੇ ਨੂੰ ਯਾਦ ਦਿਵਾਇਆ ਕਿ ਇਹ ਉਹੀ ਦੇਸ਼ ਹੈ ਜਿਸ ਨੇ ਅਲ-ਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਨੂੰ ਲੰਮੇ ਸਮੇਂ ਤਕ ਪਨਾਹ ਦਿੱਤੀ ਹੋਈ ਸੀ।
ਜ਼ਿਕਰਯੋਗ ਹੈ ਕਿ ਸ਼ਰੀਫ਼ ਨੇ ਉਮੀਦ ਅਨੁਸਾਰ ਅਪਣੇ ਸੰਬੋਧਨ ਵਿਚ ਕਸ਼ਮੀਰ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਸਥਾਈ ਸ਼ਾਂਤੀ ਯਕੀਨੀ ਬਣਾਉਣ ਲਈ ਭਾਰਤ ਨੂੰ ਧਾਰਾ 370 ਨੂੰ ਬਹਾਲ ਕਰਨਾ ਹੋਵੇਗਾ ਅਤੇ ਜੰਮੂ-ਕਸ਼ਮੀਰ ਮੁੱਦੇ ਦੇ ਸ਼ਾਂਤਮਈ ਹੱਲ ਲਈ ਗੱਲਬਾਤ ਸ਼ੁਰੂ ਕਰਨੀ ਪਵੇਗੀ।