ਬਰੈਂਪਟਨ, 25 ਸਤੰਬਰ (ਪੋਸਟ ਬਿਊਰੋ): ਯਾਰਕ ਪੁਲਿਸ ਨੇ ਬਰੈਂਪਟਨ ਦੇ ਇੱਕ ਵਿਅਕਤੀ `ਤੇ ਦੋਸ਼ ਲਗਾਇਆ ਹੈ ਅਤੇ grandparent scam ਵਿੱਚ ਪੀੜਤ ਤੋਂ 6000 ਡਾਲਰ ਠੱਗਣ ਤੋਂ ਬਾਅਦ ਦੂਜੇ ਸ਼ੱਕੀ ਦੀ ਭਾਲ ਜਾਰੀ ਹੈ।
ਯਾਰਕ ਪੁਲਿਸ ਨੇ ਦੱਸਿਆ ਕਿ ਜੁਲਾਈ 2024 ਵਿੱਚ ਇੱਕ ਪੀੜਤ ਨੇ ਰਿਪੋਰਟ ਦਿੱਤੀ ਸੀ ਕਿ ਉਸਨੂੰ ਪੁਲਿਸ ਅਧਿਕਾਰੀ ਹੋਣ ਦਾ ਦਿਖਾਵਾ ਕਰਨ ਵਾਲੇ ਕਿਸੇ ਵਿਅਕਤੀ ਵੱਲੋਂ ਕਾਲ ਆਇਆ ਸੀ, ਜਿਸਨੇ ਸੰਕੇਤ ਦਿੱਤਾ ਸੀ ਕਿ ਉਸਦੇ ਪੋਤਰੇ ਨੂੰ ਡਰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸਨੂੰ ਜ਼ਮਾਨਤ ਦੇ ਪੈਸੇ ਦੀ ਜ਼ਰੂਰਤ ਹੈ, ਜਿਸਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ।
ਪੁਲਿਸ ਨੇ ਦੱਸਿਆ ਕਿ ਪੀੜਤ ਨੇ ਉਸਦੀ ਗੱਲ ਮੰਨ ਲਈ ਅਤੇ ਸ਼ੱਕੀ ਨੇ ਉਸਤੋਂ 6000 ਡਾਲਰ ਨਕਦ ਲੈਣ ਲਈ ਕੋਰੀਅਰ ਭੇਜਿਆ। ਉਸੇ ਦਿਨ ਬਾਅਦ ਵਿੱਚ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਫਿਰ ਤੋਂ ਫੋਨ ਕਰਕੇ ਦੱਸਿਆ ਕਿ ਜਿਸ ਵਾਹਨ ਵਿੱਚ ਪੋਤਾ ਸੀ, ਉਸ ਵਿੱਚ ਇੱਕ ਬੰਦੂਕ ਹੈ ਅਤੇ ਜ਼ਮਾਨਤ ਲਈ 7000 ਡਾਲਰ ਦੀ ਵਾਧੂ ਰਾਸ਼ੀ ਦੀ ਲੋੜ ਹੈ।
ਪੀੜਤ ਨੂੰ ਤੱਦ ਅਹਿਸਾਸ ਹੋਇਆ ਕਿ ਕਾਲ ਇੱਕ ਧੋਖਾਧੜੀ ਹੋ ਸਕਦੀ ਹੈ ਅਤੇ ਉਸਨੇ ਪੁਲਿਸ ਨੂੰ ਫੋਨ ਕੀਤਾ।
ਦੋ ਮਹੀਨੇ ਦੀ ਜਾਂਚ ਤੋਂ ਬਾਅਦ ਯਾਰਕ ਪੁਲਿਸ ਨੇ 20 ਸਾਲਾ ਬਰੈਂਪਟਨ ਦੇ ਇੱਕ ਵਿਅਕਤੀ ਦੀ ਪਹਿਚਾਣ ਕੀਤੀ ਅਤੇ ਉਸ `ਤੇ 5,000 ਡਾਲਰ ਤੋਂ ਜਿ਼ਆਦਾ ਦੀ ਧੋਖਾਧੜੀ ਦਾ ਚਾਰਜਿਜ਼ ਲਗਾਇਆ।
ਦੂਜਾ ਸ਼ੱਕੀ ਜੋ ਬਰੈਂਪਟਨ ਦੇ ਮੁਲਜ਼ਮ ਦਾ ਸਾਥੀ ਮੰਨਿਆ ਜਾਂਦਾ ਹੈ ਹਾਲੇ ਵੀ ਫਰਾਰ ਹੈ ਅਤੇ ਪੁਲਿਸ ਉਸਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਉਹ ਪੰਜ ਫੁੱਟ 9 ਇੰਚ ਲੰਬਾ ਅਤੇ 150 ਪਾਊਂਡ ਭਾਰ ਹੈ, ਉਸਦੇ ਵਾਲ ਕਾਲੇ ਅਤੇ ਉਹ ਦਰਮਿਆਨੇ ਕੱਦ ਦਾ ਹੈ।