ਟੋਰਾਂਟੋ, 24 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਅਤੇ ਦੱਖਣੀ ਓਂਟਾਰੀਓ ਦੇ ਕਈ ਹੋਰ ਇਲਾਕਿਆਂ ਵਿੱਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਇਨਵਾਇਰਨਮੈਂਟ ਕੈਨੇਡਾ ਨੇ 24 ਘੰਟਿਆਂ ਤੋਂ ਘੱਟ ਸਮੇਂ ਵਿੱਚ 50 ਮਿਲੀਮੀਟਰ ਤੱਕ ਮੀਂਹ ਪੈਣ ਦੀ ਗੱਲ ਕਹੀ ਹੈ।
ਰਾਸ਼ਟਰੀ ਮੌਸਮ ਏਜੰਸੀ ਨੇ ਸਲਾਹ ਦਿੱਤੀ ਹੈ ਕਿ ਮੰਗਲਵਾਰ ਦੁਪਹਿਰ ਤੋਂ ਮੀਂਹ ਸ਼ੁਰੂ ਹੋ ਸਕਦਾ ਹੈ। ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਨਮੀ ਨਾਲ ਭਰੀ ਪ੍ਰਣਾਲੀ ਗਰੇਟ ਲੇਕਸ ਬੇਸਿਨ ਵਿੱਚ ਜਾਣ ਕਾਰਨ ਦੁਪਹਿਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਰਾਤ ਮੀਂਹ ਜਿ਼ਆਦਾ ਪੈਣ ਦੀ ਉਮੀਦ ਹੈ। ਨਾਲ ਹੀ ਹਨ੍ਹੇਰੀ-ਤੂਫਾਨ ਦਾ ਖ਼ਤਰਾ ਵੀ ਹੈ। ਬੁੱਧਵਾਰ ਨੂੰ ਵੀ ਮੀਂਹ ਜਾਰੀ ਰਹੇਗਾ ਪਰ ਇਹ ਜਿ਼ਆਦਾ ਅਲੱਗ-ਥਲੱਗ ਹੋ ਜਾਵੇਗਾ ਅਤੇ ਇਸਦੀ ਤੀਵਰਤਾ ਘੱਟ ਹੋ ਜਾਵੇਗੀ।
ਕੁੱਝ ਇਲਾਕਿਆਂ ਵਿੱਚ 50 ਮਿ.ਮੀ. ਤੋਂ ਜਿ਼ਆਦਾ ਮੀਂਹ ਪੈ ਸਕਦਾ ਹੈ। ਭਾਰੀ ਮੀਂਹ ਕਾਰਨ ਅਚਾਨਕ ਹੜ੍ਹ ਆ ਸਕਦੇ ਹਨ ਅਤੇ ਸੜਕਾਂ ਉੱਤੇ ਪਾਣੀ ਜਮ੍ਹਾਂ ਹੋ ਸਕਦਾ ਹੈ। ਹੇਠਲੇ ਇਲਾਕਿਆਂ ਵਿੱਚ ਸਥਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ।