ਮੁੰਬਈ, 13 ਸਤੰਬਰ (ਪੋਸਟ ਬਿਊਰੋ): ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ. ਜੇ. ਡੀ. ਸੁਪਰੀਮੋ ਲਾਲੂ ਪ੍ਰਸਾਦ ਦੀ ਮੁੰਬਈ ਦੇ ਇਕ ਹਸਪਤਾਲ 'ਚ ਸਫਲ ਐਂਜੀਓਪਲਾਸਟੀ ਕੀਤੀ ਗਈ। ਉਨ੍ਹਾਂ ਨੂੰ ਸਟੰਟ ਪਾਇਆ ਗਿਆ।
ਸਫ਼ਲ ਇਲਾਜ ਮਗਰੋਂ ਲਾਲੂ ਯਾਦਵ ਦੀ ਧੀ ਰੋਹਿਣੀ ਆਚਾਰੀਆ ਨੇ ਆਪਣੇ ਸੋਸ਼ਲ ਮੀਡੀਆ ਪੋਸਟ 'ਚ ਉਨ੍ਹਾਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਆਪਣੀ ਪੋਸਟ 'ਚ ਧੀ ਨੇ ਪਿਤਾ ਲਾਲੂ ਯਾਦਵ ਦੀ ਤਸਵੀਰ ਸਾਂਝਾ ਕਰਦਿਆਂ ਲਿਖਿਆ ਕਿ ਹੁਣ ਉਨ੍ਹਾਂ ਦੇ ਪਿਤਾ ਬਿਲਕੁਲ ਠੀਕ ਹਨ। ਲਾਲੂ ਪ੍ਰਸਾਦ ਯਾਦਵ 10 ਸਤੰਬਰ ਤੋਂ ਇੱਥੇ ਏਸ਼ੀਅਨ ਹਾਰਟ ਇੰਸਟੀਚਿਊਟ ’ਚ ਦਾਖਲ ਹਨ ਤੇ ਬੁੱਧਵਾਰ ਨੂੰ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ। ਸੂਤਰਾਂ ਮੁਤਾਬਕ ਯਾਦਵ ਨੂੰ ਇੱਕ-ਦੋ ਦਿਨਾਂ ’ਚ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਦੀ ਉਮੀਦ ਹੈ। ਯਾਦਵ ਦਾ ਸਾਲ 2014 ’ਚ ਏਸ਼ੀਅਨ ਹਾਰਟ ਇੰਸਟੀਚਿਊਟ ਵਿੱਚ ਦਿਲ ਦਾ ਅਪਰੇਸ਼ਨ ਹੋਇਆ ਸੀ। ਏਓਰਟਿਕ ਵਾਲਵ ਨੂੰ ਲਗਭਗ 6 ਘੰਟਿਆਂ ਵਿੱਚ ਬਦਲਿਆ ਗਿਆ ਸੀ।