ਓਟਵਾ, 13 ਸਤੰਬਰ (ਪੋਸਟ ਬਿਊਰੋ): ਕਿੰਗਸਟਨ, ਓਂਟਾਰੀਓ ਵਿੱਚ ਵੀਰਵਾਰ ਨੂੰ ਇੱਕ ਕੈਂਪ `ਤੇ ਹੋਏ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤੀਜੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕਈ ਘੰਟਿਆਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੀਰਵਾਰ ਨੂੰ ਸਵੇਰੇ 10:40`ਤੇ ਇੰਟੀਗਰੇਟਡ ਕੇਅਰ ਹੱਬ ਕੋਲ ਕੈਂਪ `ਤੇ ਹਮਲੇ ਦੀ ਰਿਪੋਰਟ `ਤੇ ਅਧਿਕਾਰੀਆਂ ਨੂੰ 661 ਮਾਂਟਰੀਅਲ ਸੇਂਟ `ਤੇ ਬੁਲਾਇਆ ਗਿਆ। ਕਿੰਗਸਟਨ ਪੁਲਿਸ ਦੇ ਮੀਡੀਆ ਰਿਲੇਸ਼ਨ ਅਫਸਰ ਕਾਂਸਟ. ਏਂਥਨੀ ਕੋਲਾਂਗੇਲੀ ਨੇ ਘਟਨਾ ਸਥਾਨ `ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਬੇਲੇ ਪਾਰਕ ਦੇ ਮੈਦਾਨ ਵਿੱਚ ਅਤੇ ਫਿਰ ਮਾਂਟਰੀਅਲ ਸਟਰੀਟ `ਤੇ ਵੱਖਰਾ ਖੇਤਰਾਂ ਵਿੱਚ ਇਹ ਘਟਨਾ ਹੋਈ।
ਫਰੋਂਟੇਨੈਕ ਕਾਉਂਟੀ ਪੈਰਾਮੇਡਿਕਸ ਨੇ ਪੁਸ਼ਟੀ ਕੀਤੀ ਕਿ ਤਿੰਨ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਕਿੰਗਸਟਨ ਜਨਰਲ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਪੀੜਤਾਂ `ਤੇ ਚਾਕੂ ਦੇ ਜ਼ਖਮ ਸਨ। ਪੁਲਿਸ ਨੇ ਦੱਸਿਆ ਕਿ ਦੋ ਪੀੜਤਾਂ ਦੀ ਮੌਤ ਹੋ ਗਈ ਹੈ, ਦੋਵੇਂ ਪੁਰਸ਼ ਹਨ। ਤੀਜੀ ਔਰਤ ਹਸਪਤਾਲ ਵਿੱਚ ਭਰਤੀ ਹੈ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਅਤੇ ਮੁਲਜ਼ਮ ਇੱਕ-ਦੂਜੇ ਨੂੰ ਜਾਣਦੇ ਸਨ। ਪੁਲਿਸ ਵੱਲੋਂ ਪੀੜਤਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਹੈ।