ਵਾਇਨਾਡ, 4 ਅਗਸਤ (ਪੋਸਟ ਬਿਊਰੋ): ਕੇਰਲ ਦੇ ਵਾਇਨਾਡ 'ਚ 29 ਜੁਲਾਈ ਦੀ ਅੱਧੀ ਰਾਤ ਨੂੰ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 365 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚ 30 ਬੱਚੇ ਵੀ ਸ਼ਾਮਿਲ ਹਨ। ਹਾਦਸੇ ਦੇ ਛੇਵੇਂ ਦਿਨ ਐਤਵਾਰ ਨੂੰ ਸਰਚ ਮੁਹਿੰਮ ਜਾਰੀ ਹੈ। 206 ਲੋਕ ਲਾਪਤਾ ਹਨ।
ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਵਾਇਨਾਡ ਜ਼ਮੀਨ ਖਿਸਕਣ ਵਿੱਚ ਆਪਣੇ ਘਰ ਅਤੇ ਜ਼ਮੀਨ ਗੁਆਉਣ ਵਾਲੇ ਲੋਕਾਂ ਦੇ ਮੁੜ ਵਸੇਬੇ ਲਈ ਇੱਕ ਟਾਊਨਸਿ਼ਪ ਬਣਾਏਗੀ। ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਦੇ ਬਾਕੀ ਰਹਿੰਦੇ ਲੋਕਾਂ ਨੂੰ ਇੱਥੇ ਵਸਾਇਆ ਜਾਵੇਗਾ। ਰਾਹੁਲ ਗਾਂਧੀ ਅਤੇ ਕਰਨਾਟਕ ਸਰਕਾਰ ਨੇ ਜ਼ਮੀਨ ਖਿਸਕਣ ਦੇ ਪੀੜਤਾਂ ਲਈ 100 ਘਰ ਬਣਾਉਣ ਦਾ ਵੀ ਐਲਾਨ ਕੀਤਾ ਹੈ।
ਜਾਣਕਾਰੀ ਮੁਤਾਬਕ ਜ਼ਮੀਨ ਖਿਸਕਣ ਤੋਂ ਬਾਅਦ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਚੋਰੀਆਂ ਹੋ ਰਹੀਆਂ ਹਨ। ਕੁਝ ਲੋਕ ਰਾਤ ਨੂੰ ਆ ਕੇ ਘਰਾਂ ਵਿਚੋਂ ਕੀਮਤੀ ਸਮਾਨ ਚੋਰੀ ਕਰ ਰਹੇ ਹਨ। ਰਿਪੋਰਟ ਦਰਜ ਕਰਨ ਤੋਂ ਬਾਅਦ ਹੁਣ ਪੁਲਿਸ ਚੋਰਾਂ ਨੂੰ ਫੜ੍ਹਨ ਲਈ ਗਸ਼ਤ ਕਰ ਰਹੀ ਹੈ।