ਨਵੀਂ ਦਿੱਲੀ, 1 ਅਗਸਤ (ਪੋਸਟ ਬਿਊਰੋ): ਆਪਣੀ ਪਹਿਲੀ ਓਲੰਪਿਕ ਖੇਡ ਰਹੇ ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਸ਼ੂਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਕੁਸਾਲੇ ਪੁਰਸ਼ਾਂ ਦੀ 50 ਮੀਟਰ ਰਾਈਫਲ 3ਪੀ ਈਵੈਂਟ ਵਿੱਚ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਵੀ ਬਣ ਗਏ ਹਨ। ਕੁਆਲੀਫਿਕੇਸ਼ਨ ਵਿੱਚ ਸੱਤਵੇਂ ਸਥਾਨ ’ਤੇ ਰਹੇ ਸਵਪਨਿਲ ਨੇ ਫਾਈਨਲ ਵਿੱਚ 451.4 ਦੇ ਸਕੋਰ ਨਾਲ ਤੀਜਾ ਸਥਾਨ ਹਾਸਿਲ ਕੀਤਾ। ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਹ ਤੀਜਾ ਕਾਂਸੀ ਤਮਗਾ ਹੈ। ਮਹਾਰਾਸ਼ਟਰ ਦੇ ਰਹਿਣ ਵਾਲੇ ਸਵਪਨਿਲ ਕੁਸਾਲੇ ਦੇ ਪਿੰਡ ਕੋਲਹਾਪੁਰ 'ਚ ਅੱਜ ਜਸ਼ਨ ਦਾ ਮਾਹੌਲ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਸਵਪਨਿਲ ਕੁਸਲੇ ਦੇ ਮਾਤਾ-ਪਿਤਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦਾ ਪੁੱਤਰ ਤਿਰੰਗੇ ਅਤੇ ਦੇਸ਼ ਲਈ ਤਮਗਾ ਜਿੱਤੇਗਾ। ਸਵਪਨਿਲ ਦੇ ਪਿਤਾ ਨੇ ਕੋਲਹਾਪੁਰ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਉਸ ਨੂੰ ਆਪਣੀ ਖੇਡ 'ਤੇ ਧਿਆਨ ਦੇਣ ਦਿੱਤਾ ਅਤੇ ਕੱਲ੍ਹ ਫੋਨ ਵੀ ਨਹੀਂ ਕੀਤਾ। ਪਿਛਲੇ ਦਸ-ਬਾਰਾਂ ਸਾਲਾਂ ਤੋਂ ਉਹ ਘਰ ਤੋਂ ਬਾਹਰ ਹੈ ਅਤੇ ਆਪਣੀ ਸ਼ੂਟਿੰਗ 'ਤੇ ਧਿਆਨ ਦੇ ਰਿਹਾ ਹੈ। ਜਦੋਂ ਤੋਂ ਉਸ ਨੇ ਮੈਡਲ ਜਿੱਤਿਆ ਹੈ, ਸਾਨੂੰ ਲਗਾਤਾਰ ਫੋਨ ਆ ਰਹੇ ਹਨ।