ਨਵੀਂ ਦਿੱਲੀ, 27 ਜੂਨ (ਪੋਸਟ ਬਿਊਰੋ): ਨੀਟ ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਬਿਹਾਰ, ਝਾਰਖੰਡ ਅਤੇ ਗੁਜਰਾਤ ਸਮੇਤ 6 ਰਾਜਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਨੀਟ ਪੇਪਰ ਲੀਕ ਦਾ ਕੁਨੈਕਸ਼ਨ ਹਜ਼ਾਰੀਬਾਗ, ਝਾਰਖੰਡ ਤੋਂ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਗੁਜਰਾਤ ਦੇ ਗੋਧਰਾ ਵਿੱਚ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਬੀਆਈ ਨੂੰ ਸ਼ੱਕ ਹੈ ਕਿ ਪੁਲਿਸ ਵੱਲੋਂ ਹੁਣ ਤੱਕ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਸਿਰਫ਼ ਠੇਕੇਦਾਰ ਹਨ ਜਦਕਿ ਪੇਪਰ ਲੀਕ ਦਾ ਮਾਸਟਰਮਾਈਂਡ ਕੋਈ ਹੋਰ ਹੈ। ਸੀਬੀਆਈ ਮੁਤਾਬਕ ਹੁਣ ਤੱਕ ਹੋਈਆਂ ਗ੍ਰਿਫ਼ਤਾਰੀਆਂ ਵਿਚਾਲੇ ਕੋਈ ਸਬੰਧ ਹੋ ਸਕਦਾ ਹੈ।
ਸੀਬੀਆਈ ਨੇ 26 ਜੂਨ ਨੂੰ ਓਏਸਿਸ ਸਕੂਲ ਦੇ ਪ੍ਰਿੰਸੀਪਲ ਅਹਿਸਾਨ ਉਲ ਹੱਕ ਅਤੇ ਕੋਰੀਅਰ ਸਟਾਫ਼ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਨੂੰ ਪਟਨਾ ਲਿਜਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਹਜ਼ਾਰੀਬਾਗ ਦੇ ਓਏਸਿਸ ਸਕੂਲ ਤੋਂ ਪ੍ਰਸ਼ਨ ਪੱਤਰਾਂ ਦੇ ਪੈਕਿੰਗ ਬਾਕਸ, ਕੱਟੇ ਹੋਏ ਤਾਲੇ, ਪ੍ਰਸ਼ਨ ਪੱਤਰਾਂ ਦੇ ਪੈਕੇਟ ਅਤੇ ਸੀਸੀਟੀਵੀ ਫੁਟੇਜ ਬਰਾਮਦ ਕੀਤੇ ਹਨ।
ਗੁਜਰਾਤ ਵਿੱਚ ਸੀਬੀਆਈ ਨੇ ਅਣਪਛਾਤੇ ਲੋਕਾਂ ਖਿਲਾਫ਼ ਧਾਰਾ 120 ਏ - ਅਪਰਾਧਿਕ ਸਾਜਿ਼ਸ਼ ਅਤੇ ਧੋਖਾਧੜੀ ਤਹਿਤ ਕੇਸ ਦਰਜ ਕੀਤਾ ਹੈ। ਗੁਜਰਾਤ ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।