ਬੀਜਿੰਗ, 18 ਸਤੰਬਰ (ਪੋਸਟ ਬਿਊਰੋ): ਹੁਣ ਚੀਨ ਇੱਕ ਅਜਿਹਾ ਕਾਨੂੰਨ ਲਿਆ ਰਿਹਾ ਹੈ, ਜਿਸ ਵਿਚ ਦੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੱਪੜਿਆਂ ਨੂੰ ਚੀਨ ਵਿਚ ਗੈਰ-ਕਾਨੂੰਨੀ ਕਰਾਰ ਦਿੱਤਾ ਜਾ ਸਕਦਾ ਹੈ। ਇਸ ਤਹਿਤ ਅਜਿਹਾ ਕਰਨ ਵਾਲੇ ਲੋਕਾਂ ਨੂੰ ਜੇਲ੍ਹ ਜਾਂ ਜ਼ੁਰਮਾਨੇ ਦੀ ਸਜ਼ਾ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਦੇਸ਼ ਦੀ ਵਿਧਾਨਸਭਾ ਦੀ ਸਥਾਈ ਕਮੇਟੀ ਨੇ ਹਾਲ ਹੀ ਵਿਚ ਕਾਨੂੰਨ ਵਿਚ ਸੋਧ ਲਈ ਇੱਕ ਖਰੜਾ ਜਾਰੀ ਕੀਤਾ ਹੈ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ। ਪ੍ਰਸਤਾਵਿਤ ਕਾਨੂੰਨ ਵਿਚ ਕਿਹਾ ਗਿਆ ਹੈ ਕਿ ਪਹਿਰਾਵੇ ਜਾਂ ਭਾਸ਼ਣ ਸਮੇਤ ਕਈ ਤਰ੍ਹਾਂ ਦੇ ਵਿਵਹਾਰ 'ਤੇ ਪਾਬੰਦੀ ਲਗਾਈ ਜਾਵੇਗੀ, ਜੋ ਆਮ ਚੀਨੀ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਨਹੀਂ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਹਾਲਾਂਕਿ ਇਸ ਮਾਮਲੇ ਵਿਚ ਸੰਸਦ ਮੈਂਬਰਾਂ ਨੇ ਹਾਲੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਕੱਪੜਿਆਂ 'ਤੇ ਪਾਬੰਦੀ ਹੋਵੇਗੀ। ਨਾਲ ਹੀ, ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਅਜਿਹਾ ਕਰਨ ਵਾਲਿਆਂ ਨੂੰ ਕਿੰਨੀ ਸਜ਼ਾ ਦਿੱਤੀ ਜਾਵੇਗੀ? ਜਾਂ ਕਿੰਨਾ ਵਿੱਤੀ ਜ਼ੁਰਮਾਨਾ ਲਗਾਇਆ ਜਾਵੇਗਾ? ਇੱਕ ਰਿਪੋਰਟ ਮੁਤਾਬਕ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਚੀਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਲੋਕਾਂ ਨੂੰ 15 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ।ਇਸ ਦੇ ਨਾਲ ਹੀ ਭਾਰਤੀ ਕਰੰਸੀ ਵਿਚ 5687 ਰੁਪਏ ਮਤਲਬ 5 ਹਜ਼ਾਰ ਯੂਆਨ ਤੱਕ ਦਾ ਵਿੱਤੀ ਜ਼ੁਰਮਾਨਾ ਜਾ ਸਕਦਾ ਹੈ।