ਕਿਊਬਿਕ, 28 ਮਾਰਚ (ਪੋਸਟ ਬਿਊਰੋ) : ਟਰੌਇਸ ਰਿਵਿਏਰਸ, ਕਿਊਬਿਕ ਦੇ ਪੱਛਮ ਵੱਲੋਂ ਲੂਈਵਿੱਲ ਟਾਊਨ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਗਈ ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੀ ਇੱਕ ਅਧਿਕਾਰੀ ਦੀ ਛੁਰੇਬਾਜ਼ੀ ਕਾਰਨ ਮੌਤ ਹੋ ਗਈ।
ਸੁਰੇਤ ਡੂ ਕਿਊਬਿਕ (ਐਸਕਿਊ) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਅਧਿਕਾਰੀ ਦੀ ਪਛਾਣ ਸਾਰਜੈਂਟ ਮੌਰੀਨ ਬ੍ਰਿਊ ਵਜੋਂ ਕੀਤੀ ਗਈ ਹੈ ਤੇ ਉਹ ਪਿਛਲੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੁਲਿਸ ਡਿਪਾਰਟਮੈਂਟ ਵਿੱਚ ਕੰਮ ਕਰ ਰਹੀ ਸੀ।ਉਸ ਨੂੰ ਐਮਆਰਸੀ ਡੀ ਮੈਸਕਿਨੌਂਲਜ ਦੇ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਸੀ। ਇੱਕ ਹੋਰ ਪੁਲਿਸ ਅਧਿਕਾਰੀ ਵੀ ਇਸ ਘਟਨਾ ਵਿੱਚ ਜ਼ਖ਼ਮੀ ਹੋ ਗਿਆ ਪਰ ਉਸ ਦੀ ਜਿ਼ੰਦਗੀ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਬ੍ਰਿਊ ਤੇ ਉਸ ਦਾ ਕੁਲੀਗ ਰਾਤੀਂ 8:30 ਵਜੇ ਦੇ ਨੇੜੇ ਤੇੜੇ ਸੇਂਟ ਏਮ ਸਟਰੀਟ ਤੇ ਸੇਂਟ ਲਾਰੈਂਟ ਐਵਨਿਊ ਨੇੜੇ ਧਮਕੀਆਂ ਦੇਣ ਵਾਲੇ ਇੱਕ 35 ਸਾਲਾ ਸ਼ਖ਼ਸ ਨੂੰ ਗ੍ਰਿਫਤਾਰ ਕਰਨ ਦੀ ਕੋਸਿ਼ਸ਼ ਕਰ ਰਹੇ ਸਨ।ਇਸ ਦਾ ਖੁਲਾਸਾ ਕਿਊਬਿਕ ਦੇ ਇੰਡੀਪੈਂਡੈਂਟ ਇਨਵੈਸਟੀਗੇਸ਼ਨਜ਼ ਬਿਊਰੋ, ਬੀਈਆਈ, ਵੱਲੋਂ ਮੁਹੱਈਆ ਕਰਵਾਈ ਗਈ ਮੁੱਢਲੀ ਜਾਣਕਾਰੀ ਵਿੱਚ ਦਿੱਤਾ ਗਿਆ। ਪੁਲਿਸ ਅਧਿਕਾਰੀ ਕਥਿਤ ਮਸ਼ਕੂਕ ਨੂੰ ਉਸ ਦੇ ਅਧਿਕਾਰਾਂ ਬਾਰੇ ਜਾਣੂ ਕਰਵਾ ਰਹੇ ਸਨ ਜਦੋਂ ਉਸ ਮਸ਼ਕੂਕ ਨੂੰ ਨੇੜੇ ਹੀ ਕਿਤੋਂ ਚਾਕੂ ਹੱਥ ਲੱਗ ਗਿਆ ਤੇ ਉਸ ਨੇ ਬ੍ਰਿਊ ਨੂੰ ਚਾਕੂ ਮਾਰ ਦਿੱਤਾ।ਮੌਕੇ ਉੱਤੇ ਮੌਜੂਦ ਦੋ ਹੋਰਨਾਂ ਪੁਲਿਸ ਅਧਿਕਾਰੀਆਂ ਨੇ ਗੋਲੀ ਮਾਰ ਕੇ ਮਸ਼ਕੂਕ ਨੂੰ ਥਾਂ ਉੱਤੇ ਹੀ ਖ਼ਤਮ ਕਰ ਦਿੱਤਾ। ਮਾਂਟਰੀਅਲ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।