ਜੇਨੇਵਾ, 30 ਜਨਵਰੀ (ਪੋਸਟ ਬਿਊਰੋ) - ਕੋਵਿਡ-19 ਨੂੰ ਲੈ ਕੇ ਉੱਚ ਪੱਧਰੀ ਵਿਸ਼ਵਵਿਆਪੀ ਚੇਤਾਵਨੀ ਜਾਰੀ ਕਰਨ ਦੇ ਤਿੰਨ ਸਾਲ ਬਾਅਦ, ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐਚ.ਓ.) ਨੇ ਸੋਮਵਾਰ ਨੂੰ ਕਿਹਾ ਕਿ ਮਹਾਮਾਰੀ ਅਜੇ ਵੀ ਅੰਤਰਰਾਸ਼ਟਰੀ ਐਮਰਜੰਸੀ ਬਣੀ ਹੋਈ ਹੈ। ਕੋਵਿਡ-19
’ਤੇ ਸੰਯੁਕਤ ਰਾਸਟਰ (ਯੂ.ਐੱਨ.) ਦੀ ਸਿਹਤ ਏਜੰਸੀ ਦੀ ਐਮਰਜੈਂਸੀ ਕਮੇਟੀ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 14ਵੀਂ ਵਾਰ ਪਿਛਲੇ ਸ਼ੁੱਕਰਵਾਰ ਨੂੰ ਬੈਠਕ ਕੀਤੀ। ਮੀਟਿੰਗ ਤੋਂ ਬਾਅਦ ਡਬਲਿਊ.ਐੱਚ.ਓ. ਦੇ ਇਕ ਬਿਆਨ ਵਿਚ ਕਿਹਾ ਗਿਆ ਹੈ, ਸੰਗਠਨ ਦੇ ਮੁਖੀ, ਟੇਡਰੋਸ ਅਡਾਨੋਮ ਘੇਬਰੇਅਸਸ, ਚੱਲ ਰਹੀ ਕੋਵਿਡ -19 ਮਹਾਂਮਾਰੀ ਬਾਰੇ ਕਮੇਟੀ ਦੀ ਸਲਾਹ ਨਾਲ ਸਹਿਮਤ ਹਨ। ਕੋਵਿਡ ਅਜੇ ਵੀ ਅੰਤਰਰਾਸ਼ਟਰੀ ਪੱਧਰ ’ਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਟ੍ਰੇਡੋਸ ਕਮੇਟੀ ਦੇ ਵਿਚਾਰ ਨੂੰ ਸਵੀਕਾਰ ਕਰਦਾ ਹੈ ਕਿ ਕੋਵਿਡ-19 ਸੰਭਾਵਤ ਤੌਰ ’ਤੇ ਇੱਕ ਪਰਿਵਰਤਨ ਬਿੰਦੂ ’ਤੇ ਹੈ ਅਤੇ ਇਸ ਨੂੰ ਨੈਵੀਗੇਟ ਕਰਨ ਅਤੇ ਇਸਦੇ ਨਕਾਰਾਤਮਕ ਨਤੀਜਿਆਂ ਨੂੰ ਘੱਟ ਕਰਨ ਦੇ ਤਰੀਕੇ ਬਾਰੇ ਕਮੇਟੀ ਦੀ ਸਲਾਹ ਦੀ ਸ਼ਲਾਘਾ ਕਰਦੇ ਹਾਂ। ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਡਬਲਿਊ.ਐੱਚ.ਓ. ਮੁਖੀ ਨੇ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਮਹਾਮਾਰੀ ਦਾ ਐਮਰਜੈਂਸੀ ਦੌਰ ਅਜੇ ਖਤਮ ਨਹੀਂ ਹੋਇਆ ਹੈ। ਉਨ੍ਹਾਂ ਮੀਟਿੰਗ ਦੀ ਸ਼ੁਰੂਆਤ ਵਿਚ ਕਮੇਟੀ ਨੂੰ ਦੱਸਿਆ, “ਅਸੀਂ ਮਹਾਂਮਾਰੀ ਦੇ ਚੌਥੇ ਸਾਲ ਵਿਚ ਪ੍ਰਵੇਸ਼ ਕਰ ਚੁੱਕੇ ਹਾਂ। ਅਸੀਂ ਨਿਸ਼ਚਿਤ ਤੌਰ ’ਤੇ ਹੁਣ ਇਕ ਸਾਲ ਪਹਿਲਾਂ ਨਾਲੋਂ ਕਿਤੇ ਬਿਹਤਰ ਸਥਿਤੀ ਵਿਚ ਹਾਂ, ਜਦੋਂ ਓਮਿਕਰੋਨ ਲਹਿਰ ਆਪਣੇ ਸਿਖਰ ’ਤੇ ਸੀ ਅਤੇ ਹਰ ਹਫਤੇ ਨੂੰ 70,000 ਤੋਂ ਵੱਧ ਮੌਤਾਂ ਦੀ ਸੂਚਨਾ ਦਿੱਤੀ ਜਾ ਰਹੀ ਹੈ।“
ਟ੍ਰੇਡੋਸ ਨੇ ਕਿਹਾ ਕਿ ਅਕਤੂਬਰ ’ਚ ਹਫਤਾਵਾਰੀ ਮੌਤ ਦਰ 10,000 ਤੋਂ ਹੇਠਾਂ ਆ ਗਈ ਸੀ ਪਰ ਦਸੰਬਰ ਦੀ ਸ਼ੁਰੂਆਤ ’ਚ ਇਹ ਫਿਰ ਤੋਂ ਵਧਣ ਲੱਗੀ। ਚੀਨ ਵਿਚ ਕੋਵਿਡ ’ਤੇ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਤੋਂ ਬਾਅਦ ਮੌਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਨਵਰੀ ਦੇ ਅੱਧ ਵਿੱਚ ਕੋਵਿਡ ਕਾਰਨ ਇੱਕ ਹਫਤੇ ਵਿੱਚ ਕਰੀਬ 40 ਹਜਾਰ ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਮੌਤਾਂ ਚੀਨ ਵਿੱਚ ਹੋਈਆਂ। ਮੌਤਾਂ ਦੀ ਗਿਣਤੀ ਨਿਸ਼ਚਿਤ ਤੌਰ ’ਤੇ ਇਸ ਤੋਂ ਕਿਤੇ ਵੱਧ ਹੈ।