ਲਾਹੌਰ, 30 ਜਨਵਰੀ (ਪੋਸਟ ਬਿਊਰੋ) - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਮਾਰਚ ’ਚ ਦੇਸ਼ ਦੀਆਂ 33 ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ’ਚ ਆਪਣੀ ਪਾਰਟੀ ਦੇ ਇਕਲੌਤੇ ਉਮੀਦਵਾਰ ਹੋਣਗੇ। ਉਨ੍ਹਾਂ ਦੀ ਪਾਰਟੀ ਨੇ ਇਹ ਐਲਾਨ ਕੀਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਉਪ ਪ੍ਰਧਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਤਵਾਰ ਸ਼ਾਮ ਨੂੰ ਇੱਥੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਇਹ ਫੈਸਲਾ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ। ਕੁਰੈਸ਼ੀ ਨੇ ਕਿਹਾ, ‘‘ਇਮਰਾਨ ਖਾਨ ਸਾਰੀਆਂ 33 ਸੰਸਦੀ ਸੀਟਾਂ ’ਤੇ ਪੀਟੀਆਈ ਦੇ ਇਕਲੌਤੇ ਉਮੀਦਵਾਰ ਹੋਣਗੇ। ਖਾਨ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਜਮਾਨ ਪਾਰਕ ਲਾਹੌਰ ਵਿਚ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ।
ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੈਸ਼ਨਲ ਅਸੈਂਬਲੀ ਦੀਆਂ 33 ਸੀਟਾਂ ਲਈ 16 ਮਾਰਚ ਨੂੰ ਉਪ ਚੋਣਾਂ ਹੋਣਗੀਆਂ। ਖਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ, ਜਿਨ੍ਹਾਂ ਨੂੰ ਪਿਛਲੇ ਸਾਲ ਅਪ੍ਰੈਲ ‘ਚ ਬੇਭਰੋਸਗੀ ਮਤੇ ਤੋਂ ਬਾਅਦ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ, ਨੇ ਪਾਕਿਸਤਾਨ ਸੰਸਦ ਦੇ ਹੇਠਲੇ ਸਦਨ (ਰਾਸ਼ਟਰੀ ਅਸੈਂਬਲੀ) ਨੂੰ ਛੱਡ ਦਿੱਤਾ ਸੀ। ਹਾਲਾਂਕਿ ਸਦਨ ਦੇ ਸਪੀਕਰ ਰਾਜਾ ਪਰਵੇਜ ਅਸ਼ਰਫ਼ ਨੇ ਸੰਸਦ ਮੈਂਬਰਾਂ ਦੇ ਅਸਤੀਫੇ ਸਵੀਕਾਰ ਨਹੀਂ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਇਹ ਪੁਸ਼ਟੀ ਕਰਨ ਦੀ ਲੋੜ ਹੈ ਕਿ ਕੀ ਸੰਸਦ ਮੈਂਬਰ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇ ਰਹੇ ਹਨ ਜਾਂ ਦਬਾਅ ਹੇਠ। ਪਿਛਲੇ ਮਹੀਨੇ, ਸਪੀਕਰ ਨੇ ਪੀਟੀਆਈ ਦੇ 35 ਸੰਸਦ ਮੈਂਬਰਾਂ ਦੇ ਅਸਤੀਫੇ ਸਵੀਕਾਰ ਕਰ ਲਏ ਸਨ, ਜਿਸ ਤੋਂ ਬਾਅਦ ਚੋਣ ਕਮਿਸਨ ਨੇ ਉਨ੍ਹਾਂ ਨੂੰ ਡੀ-ਨੋਟੀਫਾਈ ਕਰ ਦਿੱਤਾ ਸੀ।