ਕਰਾਚੀ, 25 ਜਨਵਰੀ (ਪੋਸਟ ਬਿਊਰੋ)-ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ 'ਚ ਪਿਛਲੇ ਇਕ ਹਫਤੇ 'ਚ ਗੈਸ ਲੀਕ ਹੋਣ ਦੀਆਂ ਘਟਨਾਵਾਂ 'ਚ ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਕਵੇਟਾ ਦੇ ਕਿੱਲੀ ਬਡੇਜ਼ਈ ਇਲਾਕੇ 'ਚ ਕੱਚੀ ਕੰਧ ਨਾਲ ਬਣੇ ਘਰ 'ਚ ਗੈਸ ਲੀਕ ਹੋਣ ਕਾਰਨ ਇਕ ਪਰਿਵਾਰ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਪੁਲਿਸ ਨੇ ਦੱਸਿਆ ਕਿ ਬੱਚੇ ਸੌਂ ਰਹੇ ਸਨ ਜਦੋਂ ਕਮਰੇ ਵਿੱਚ ਗੈਸ ਭਰ ਗਈ ਅਤੇ ਧਮਾਕਾ ਹੋ ਗਿਆ, ਜਿਸ ਕਾਰਨ ਘਰ ਦੀਆਂ ਕੰਧਾਂ ਢਹਿ ਗਈਆਂ।
ਇੱਕ ਵੱਖਰੀ ਘਟਨਾ ਵਿੱਚ, ਕਵੇਟਾ ਦੇ ਇੱਕ ਹੋਰ ਖੇਤਰ ਵਿੱਚ ਇੱਕ ਪੁਲਿਸ ਸਬ-ਇੰਸਪੈਕਟਰ ਦੀ ਆਪਣੇ ਕਮਰੇ ਵਿੱਚ ਗੈਸ ਸਾਹ ਲੈਣ ਨਾਲ ਮੌਤ ਹੋ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪਿਛਲੇ ਹਫ਼ਤੇ ਤੋਂ ਰੋਜ਼ਾਨਾ ਆਧਾਰ 'ਤੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਘਰਾਂ ਵਿਚ ਗੈਸ ਲੀਕ ਹੋਣ ਕਾਰਨ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਬੇਹੋਸ਼ ਹੋ ਗਏ। ਬਲੋਚਿਸਤਾਨ ਇਸ ਸਮੇਂ ਪਿਛਲੇ ਇੱਕ ਮਹੀਨੇ ਤੋਂ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ।