ਲੰਡਨ, 7 ਦਸੰਬਰ (ਪੋਸਟ ਬਿਊਰੋ)- ਬਿ੍ਰਟੇਨ ਦੀ ਵਿਭਿੰਨਤਾ ਦਾ ਸੰਦੇਸ਼ ਦਿੰਦਿਆਂ ਕਿੰਗ ਚਾਰਲਸ ਨੇ ਲੰਡਨ ਤੋਂ ਬਿਲਕੁਲ ਬਾਹਰ ਲੂਟਨ ਸ਼ਹਿਰ ਵਿਚ ਇੱਕ ਨਵੇਂ ਬਣੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਅਤੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ। ਯੂਨੀਅਨ ਜੈਕ ਅਤੇ ਸਿੱਖ ਝੰਡੇ ‘ਨਿਸ਼ਾਨ ਸਾਹਿਬ’ ਫੜ੍ਹ ਕੇ ਉਨ੍ਹਾਂ ਦੇ ਸਵਾਗਤ ਲਈ ਸਾਰੇ ਧਰਮਾਂ ਦੇ ਬੱਚੇ ਹਾਜਰ ਸਨ।
ਸ਼ਾਹੀ ਪਰਿਵਾਰ ਦੇ ਅਧਿਕਾਰੀਆਂ ਦੁਆਰਾ ਸੋਸ਼ਲ ਮੀਡੀਆ ਪੋਸਟਾਂ ਵਿਚ ਕਿਹਾ ਗਿਆ ਹੈ ਕਿ ਬਾਦਸ਼ਾਹ ਨੇ ਲੁਟਨ ਸਿੱਖ ਸੂਪ ਕਿਚਨ ਸਟੈਂਡ ਚਲਾਉਣ ਵਾਲੇ ਵਲੰਟੀਅਰਾਂ ਨਾਲ ਵੀ ਮੁਲਾਕਾਤ ਕੀਤੀ, ਜੋ ਕਿ ਗੁਰਦੁਆਰੇ ਵਿਚ “ਹਫਤੇ ਵਿਚ ਸੱਤ ਦਿਨ, ਸਾਲ ਵਿਚ 365 ਦਿਨ ਸ਼ਾਕਾਹਾਰੀ ਗਰਮ ਭੋਜਨ ਪ੍ਰਦਾਨ ਕਰਦਾ ਹੈ। “
ਉਨ੍ਹਾਂ ਨੇ ਪਿਛਲੇ ਲਗਭਗ ਤਿੰਨ ਸਾਲਾਂ ਵਿਚ ਕੋਵਿਡ ਮਹਾਂਮਾਰੀ ਦੌਰਾਨ ਕਮਿਊਨਿਟੀ ਵਲੋਂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸ਼ਾਹੀ ਪਰਿਵਾਰ ਦੀ ਇੰਸਟਾਗ੍ਰਾਮ ਪੋਸਟ ਨੇ ਕਿਹਾ ਕਿ ਇਹ ਇਕ ਪੌਪ-ਅਪ ਕੋਵਿਡ ਵੈਕਸੀਨ ਕਲੀਨਿਕ ਚਲਾਉਂਦੇ ਹਨ, ਯੂ.ਕੇ. ਵਿਚ ਆਪਣੀ ਕਿਸਮ ਦਾ ਪਹਿਲਾ ਹੈ। ਅੱਗੇ ਕਿਹਾ ਗਿਆ ਕਿ ਗੁਰਦੁਆਰੇ ਨੇ ਵੈਕਸੀਨ ਬਾਰੇ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਹੋਰ ਧਾਰਮਿਕ ਸਥਾਨਾਂ ਨੂੰ ਉਤਸਾਹਿਤ ਕੀਤਾ।“
ਬਰਤਾਨੀਆ ਵਿਚ 5 ਲੱਖ ਤੋਂ ਵੱਧ ਸਿੱਖ ਹਨ, ਜੋ ਦੇਸ ਦੀ ਆਬਾਦੀ ਦਾ ਲਗਭਗ 1 ਫੀਸਦੀ ਹੈ। ਬਰਤਾਨੀਆ ਦੀ ਪਾਰਲੀਮੈਂਟ ਵਿੱਚ ਬਹੁਤ ਸਾਰੇ ਸਿੱਖ ਮੈਂਬਰ ਵੀ ਹਨ।