ਬਰੈਂਪਟਨ, 1 ਦਸੰਬਰ (ਪੋਸਟ ਬਿਊਰੋ) : ਪ੍ਰਾਈਵੇਟ ਪ੍ਰਾਪਰਟੀ ਉੱਤੇ ਇਲੈਕਸ਼ਨ ਸਾਈਨਜ਼ ਨਾਲ ਸਬੰਧਤ ਸਿ਼ਕਾਇਤਾਂ ਮਿਲਣ ਤੋਂ ਬਾਅਦ ਬੀਤੇ ਦਿਨੀਂ ਸਪੈਸ਼ਲ ਕਾਊਂਸਲ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।
ਇਸ ਸਬੰਧ ਵਿੱਚ ਮਤਾ ਕਾਊਂਸਲਰ ਰੋਵੇਨਾ ਸੈਂਟੋਸ ਨੇ ਪੇਸ਼ ਕੀਤਾ ਤੇ ਉਸਦੀ ਤਾਈਦ ਕਾਊਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਕੀਤੀ ਗਈ। ਇਸ ਮਤੇ ਰਾਹੀਂ ਸਿਟੀ ਦੇ ਸਾਈਨਾਂ ਸਬੰਧੀ ਬਾਇ-ਲਾਅ ਵਿੱਚ ਸੋਧ ਕੀਤੀ ਗਈ। ਇਹ ਮਤਾ ਪਾਸ ਹੋਣ ਤੋਂ ਬਾਅਦ ਹੁਣ ਇਲੈਕਸ਼ਨਜ਼ ਸਬੰਧੀ ਪੋਸਟਰ ਕਿਸੇ ਵੀ ਤਰ੍ਹਾਂ ਦੀ ਪ੍ਰਾਈਵੇਟ ਪ੍ਰਾਪਰਟੀ, ਜਿਸ ਵਿੱਚ ਰਿਹਾਇਸ਼ੀ ਤੇ ਗੈਰ ਰਿਹਾਇਸ਼ੀ ਸੰਪਤੀ ਵੀ ਸ਼ਾਮਲ ਹੋਵੇਗੀ, ਉੱਤੇ ਨਹੀਂ ਲਾਏ ਜਾ ਸਕਣਗੇ। ਇਨ੍ਹਾਂ ਇਲੈਕਸ਼ਨ ਪੋਸਟਰਜ਼ ਨੂੰ ਖਿੜਕੀਆਂ ਜਾਂ ਦਰਵਾਜਿ਼ਆਂ ਦੀਆਂ ਖਿੜਕੀਆਂ ਉੱਤੇ ਹੀ ਲਾਇਆ ਜਾ ਸਕੇਗਾ।
ਇਸ ਮਤੇ ਦੇ ਪਾਸ ਹੋਣ ਨਾਲ ਸਿਟੀ ਵਿੱਚ ਚੋਣਾਂ ਦੇ ਮੌਸਮ ਵਿੱਚ ਥਾਂ ਥਾਂ ਲੱਗੇ ਪੋਸਟਰ ਤੇ ਸਾਈਨ ਨਜ਼ਰ ਨਹੀਂ ਆਇਆ ਕਰਨਗੇ। ਇਸ ਨਾਲ ਸਾਈਨ ਬਾਇ-ਲਾਅ ਨੂੰ ਲਾਗੂ ਕਰਨ ਉੱਤੇ ਆਉਣ ਵਾਲੀ ਲਾਗਤ ਵੀ ਘਟੇਗੀ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਲੈਕਸ਼ਨਜ਼ ਸਾਈਨਜ਼ ਉੱਤੇ ਮੁਕੰਮਲ ਪਾਬੰਦੀ ਨਹੀਂ ਲਾਈ ਗਈ ਹੈ। ਪ੍ਰਾਪਰਟੀ ਦੇ ਮਾਲਕ ਦੀ ਰਜ਼ਾਮੰਦੀ ਨਾਲ ਸੀਮਤ ਹੱਦ ਤੱਕ ਸਾਈਨ ਬੋਰਡ ਲਾਏ ਜਾ ਸਕਦੇ ਹਨ।ਇਸ ਤੋਂ ਇਲਾਵਾ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਿਆਂ ਵਿੱਚ ਵਾਧਾ ਕਰਨ ਦਾ ਵੀ ਸੁਝਾਅ ਮਤੇ ਵਿੱਚ ਮੰਗਿਆ ਗਿਆ।