ਓਟਵਾ, 30 ਨਵੰਬਰ (ਪੋਸਟ ਬਿਊਰੋ) : ਇੰਡੋ ਪੈਸੇਫਿਕ ਰੀਜਨ ਨਾਲ ਕੈਨੇਡਾ ਦੇ ਸਬੰਧ ਪੀੜ੍ਹੀਆਂ ਦੇ ਆਪਸੀ ਪਿਆਰ ਨਾਲ ਵਧੇ ਫੁੱਲੇ ਹਨ।
ਕੈਨੇਡਾ ਵਿੱਚ ਨਿਊਕਮਰਜ਼ ਦੇ ਵੱਡੇ ਸਰੋਤ ਤੇ ਦੁਨੀਆ ਵਿੱਚ ਤੇਜ਼ੀ ਨਾਲ ਵਧ ਰਹੇ ਇਕਨੌਮਿਕ ਰੀਜਨ ਵਜੋਂ ਇੰਡੋ-ਪੈਸੇਫਿਕ ਕੈਨੇਡਾ ਦੀ ਇਮੀਗ੍ਰੇਸ਼ਨ ਰਣਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣੀ ਜਾਰੀ ਰੱਖੇਗਾ।
ਇੰਡੋ-ਪੈਸੇਫਿਕ ਰਣਨੀਤੀ ਦੇ ਹਿੱਸੇ ਵਜੋਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟ ਵਿੱਚ ਨਿਵੇਸ਼ ਕਿਸ ਤਰ੍ਹਾਂ ਆਵੇਗਾ ਤੇ ਕਿਸ ਤਰ੍ਹਾਂ ਇਹ ਸਾਡੇ ਲਈ ਖੁਸ਼ਹਾਲੀ ਲਿਆਵੇਗਾ ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਪੰਜ ਸਾਲਾਂ ਦੇ ਅਰਸੇ ਦੌਰਾਨ 74·6 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਘਰੇਲੂ ਤੇ ਇੰਡੋ-ਪੈਸੇਫਿਕ ਰੀਜਨ, ਜਿਸ ਵਿੱਚ ਨਵੀੱ ਦਿੱਲੀ, ਚੰਡੀਗੜ੍ਹ, ਇਸਲਾਮਾਬਾਦ ਤੇ ਮਨੀਲਾ ਸ਼ਾਮਲ ਹਨ, ਵਿੱਚ ਸਾਡੀ ਐਪਲੀਕੇਸ਼ਨ ਪ੍ਰਕਿਰਿਆ ਨੂੰ ਹੱਲਾਸ਼ੇਰੀ ਮਿਲੇਗੀ।
ਇਨ੍ਹਾਂ ਨਵੇਂ ਸਰੋਤਾਂ ਨਾਲ ਅਸੀਂ ਰੀਜਨ ਤੋਂ ਹਾਸਲ ਹੋਣ ਵਾਲੀਆਂ ਵੀਜ਼ਾ ਅਰਜ਼ੀਆਂ ਦੀ ਭਾਰੀ ਤਾਦਾਦ ਨੂੰ ਸਾਂਭ ਸਕਾਂਗੇ ਤੇ ਪ੍ਰੋਸੈਸਿੰਗ ਟਾਈਮ ਵਿੱਚ ਸੁਧਾਰ ਕਰਨ ਵਿੱਚ ਯੋਗਦਾਨ ਪਾ ਸਕਾਂਗੇ। ਇਸ ਨਾਲ ਸਾਡੇ ਲੋਕਾਂ ਨਾਲ ਸਬੰਧਾਂ ਵਿੱਚ ਵੀ ਸੁਧਾਰ ਹੋਵੇਗਾ ਤੇ ਲੋਕਾਂ ਨੂੰ ਕੈਨੇਡਾ ਲਿਆਉਣ, ਫਿਰ ਭਾਵੇਂ ਉਹ ਘੁੰਮਣ ਆਉਣ, ਸਟੱਡੀ ਲਈ, ਕੰਮ ਲਈ ਜਾਂ ਪਰਮਾਨੈਂਟ ਤੌਰ ਉੱਤੇ ਇਮੀਗ੍ਰੇਟ ਕਰਨ ਲਈ ਆਉਣ, ਦਾ ਸਾਡਾ ਟੀਚਾ ਵੀ ਪੂਰਾ ਹੋਵੇਗਾ।
ਇਸ ਤੋਂ ਇਲਾਵਾ ਅਸੀਂ ਇਹ ਵੀ ਵੇਖਿਆ ਹੈ ਕਿ ਕਿਸ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਦੇ ਸਮਾਜਕ ਤੇ ਆਰਥਿਕ ਖੇਤਰਾਂ ਵਿੱਚ ਯੋਗਦਾਨ ਪਾਇਆ ਹੈ। ਪਿਛਲੇ ਸਾਲਾਂ ਵਿੱਚ ਇੰਡੋ-ਪੈਸੇਫਿਕ ਰੀਜਨ ਤੋਂ ਲੱਗਭਗ ਦੋ ਤਿਹਾਈ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆਏ। ਹਰ ਸਾਲ ਇਨ੍ਹਾਂ ਵਿੱਚੋਂ ਹਜ਼ਾਰਾਂ ਵਿਦਿਆਰਥੀ ਕੈਨੇਡਾ ਦੇ ਪੱਕੇ ਵਸਨੀਕ ਬਣਦੇ ਹਨ, ਹਜ਼ਾਰਾਂ ਇੱਥੋਂ ਤਾਲੀਮ ਲੈ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ ਤੇ ਉਨ੍ਹਾਂ ਦੇ ਵੀ ਕੈਨੇਡਾ ਨਾਲ ਨੇੜਲਾ ਸਬੰਧ ਬਣ ਜਾਂਦਾ ਹੈ।
ਇੰਡੋ-ਪੈਸੇਫਿਕ ਰਣਨੀਤੀ ਰਾਹੀਂ ਹਾਸਲ ਹੋਣ ਵਾਲੇ ਫੰਡਾਂ ਨਾਲ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਤੇ ਇੱਥੇ ਪੜ੍ਹਣ ਦੀ ਤਾਂਘ ਰੱਖਣ ਵਾਲਿਆਂ ਨਾਲ ਰੀਜਨ ਵਿੱਚ ਵੰਨ ਸੁਵੰਨਤਾ ਵੀ ਵਧੇਗੀ। ਇਹੋ ਵਿਦਿਆਰਥੀ ਅੱਗੇ ਚੱਲ ਕੇ ਕੈਨੇਡਾ ਵਿੱਚ ਸਕਿੱਲਡ ਵਰਕਰਜ਼ ਬਣਨਗੇ ਤੇ ਸਾਡੇ ਅਰਥਚਾਰੇ ਨੂੰ ਦਰਪੇਸ਼ ਚੁਣੌਤੀਆਂ ਨੂੰ ਖ਼ਤਮ ਕਰਨ ਵਿੱਚ ਮਦਦ ਕਰਨਗੇ।