ਓਨਟਾਰੀਓ, 21 ਨਵੰਬਰ (ਪੋਸਟ ਬਿਊਰੋ) : ਇੱਕ ਪੰਜ ਸਾਲਾ ਬੱਚੇ ਨੂੰ ਸਕੂਲ ਬੱਸ ਵੱਲੋਂ ਘੜੀਸੇ ਜਾਣ ਕਾਰਨ ਬ੍ਰੈਂਟ ਕਾਊਂਟੀ ਦੇ 64 ਸਾਲਾ ਸਕੂਲ ਬੱਸ ਡਰਾਈਵਰ ਨੂੰ ਲਾਪਰਵਾਹੀ ਨਾਲ ਬੱਸ ਚਲਾਉਣ ਲਈ ਚਾਰਜ ਕੀਤਾ ਗਿਆ ਹੈ।
ਬ੍ਰੈਂਟ ਕਾਊਂਟੀ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਅਨੁਸਾਰ ਪਹਿਲੀ ਨਵੰਬਰ ਨੂੰ ਦੁਪਹਿਰੇ 3:56 ਵਜੇ ਦੇ ਨੇੜੇ ਤੇੜੇ ਬ੍ਰੈਂਟਫੋਰਡ, ਓਨਟਾਰੀਓ ਦੇ ਦੱਖਣ ਵੱਲ ਮਾਊਂਟ ਪਲੈਜ਼ੈਂਟ ਉੱਤੇ ਪੁਲਿਸ ਨੂੰ ਸੱਦਿਆ ਗਿਆ। ਓਪੀਪੀ ਨੇ ਨਿਊਜ਼ ਰਲੀਜ਼ ਜਾਰੀ ਕਰਕੇ ਆਖਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਸਾਲਾ ਬੱਚਾ ਸਕੂਲ ਬੱਸ ਵਿੱਚੋਂ ਬਾਹਰ ਨਿਕਲਣ ਦੀ ਕੋਸਿ਼ਸ਼ ਕਰ ਰਿਹਾ ਸੀ ਜਦੋਂ ਬੱਸ ਦਾ ਦਰਵਾਜ਼ਾ ਬੰਦ ਹੋ ਗਿਆ ਤੇ ਬੱਚੇ ਦਾ ਅੱਧਾ ਸ਼ਰੀਰ ਦਰਵਾਜ਼ੇ ਵਿੱਚ ਹੀ ਫਸ ਗਿਆ।ਇੱਥੇ ਹੀ ਬੱਸ ਨਹੀ਼ਂ ਡਰਾਈਵਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ 15 ਤੋਂ 20 ਫੁੱਟ ਤੱਕ ਬੱਸ ਬੱਚੇ ਨੂੰ ਇਸੇ ਸਥਿਤੀ ਵਿੱਚ ਹੀ ਘੜੀਸਦੀ ਹੋਈ ਨਾਲ ਲੈ ਗਈ। ਬੱਸ ਚੱਲ ਰਹੀ ਸੀ ਤੇ ਬੱਚੇ ਦੀਆਂ ਲੱਤਾਂ ਦਰਵਾਜ਼ੇ ਤੋਂ ਬਾਹਰ ਲਮਕ ਰਹੀਆਂ ਸਨ। ਓਪੀਪੀ ਅਨੁਸਾਰ ਜਿਸ ਦਿਨ ਇਹ ਹਾਦਸਾ ਹੋਇਆ ਉਸ ਦਿਨ ਬੱਸ ਸਹੀ ਼ਢੰਗ ਨਾਲ ਕੰਮ ਕਰ ਰਹੀ ਸੀ।
ਓਪੀਪੀ ਕਾਂਸਟੇਬਲ ਕੌਨਰਾਡ ਵਿਟਾਲਿਸ ਨੇ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਬੱਸ ਨੂੰ ਮਕੈਨਿਕਲ ਫਿੱਟਨੈੱਸ ਲਈ ਚੈੱਕ ਕੀਤਾ ਗਿਆ ਸੀ ਤੇ ਉਹ ਬਿਲਕੁਲ ਸਹੀ ਢੰਗ ਨਾਲ ਕੰਮ ਕਰਦੀ ਪਾਈ ਗਈ। ਉਨ੍ਹਾਂ ਆਖਿਆ ਕਿ ਦਰਵਾਜ਼ੇ ਵਿੱਚ ਕਿਸੇ ਕਿਸਮ ਦੀ ਮਕੈਨੀਕਲ ਗੜਬੜੀ ਨਹੀਂ ਪਾਈ ਗਈ। ਇਸ ਹਾਦਸੇ ਵਿੱਚ ਬੱਚੇ ਨੂੰ ਕੋਈ ਖਾਸ ਸੱਟਾਂ ਨਹੀ਼ਂ ਲੱਗੀਆਂ ਪਰ ਬੱਚੇ ਦੇ ਪਿਤਾ ਟੈਪਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਨਸਿਕ ਤੌਰ ਉੱਤੇ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਉਹ ਆਪਣੇ ਬੱਚੇ ਨੂੰ ਆਪ ਗੱਡੀ ਰਾਹੀਂ ਸਕੂਲ ਛੱਡ ਕੇ ਆਉਂਦੇ ਹਨ ਤੇ ਲੈ ਕੇ ਆਉਂਦੇ ਹਨ ਤੇ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਬੱਸ ਵਿੱਚ ਨਹੀਂ ਭੇਜਣਗੇ। ਇਸ ਹਾਦਸੇ ਤੋਂ ਬਾਅਦ ਟੈਪਨ ਵੱਲੋਂ ਸੇਫਟੀ ਸਬੰਧੀ ਤਬਦੀਲੀਆਂ ਕਰਨ ਦੀ ਮੰਗ ਕੀਤੀ ਗਈ ਹੈ ਤੇ ਇਹ ਵੀ ਆਖਿਆ ਗਿਆ ਹੈ ਕਿ ਸਕੂਲ ਬੱਸ ਦੇ ਦਰਵਾਜਿ਼ਆਂ ਉੱਤੇ ਸੈਂਸਰਜ਼ ਲਾਏ ਜਾਣ।
ਇਹ ਵੀ ਪਤਾ ਲੱਗਿਆ ਹੈ ਕਿ ਇਸੇ ਬੱਸ ਕੰਪਨੀ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਇਸ ਇਲਾਕੇ ਵਿੱਚ ਵਾਪਰੀ ਇਸ ਤਰ੍ਹਾਂ ਦੀ ਘਟਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਨੇ ਇਸ ਸਬੰਧ ਵਿੱਚ ਕ੍ਰਾਈਸਿਸ ਮੈਨੇਜਮੈਂਟ ਪ੍ਰੋਗਰਾਮ ਵੀ ਲਾਂਚ ਕੀਤਾ ਹੈ।