ਇੰਡੋਨੇਸ਼ੀਆ, 21 ਨਵੰਬਰ (ਪੋਸਟ ਬਿਊਰੋ)- ਇੰਡੋਨੇਸ਼ੀਆ 'ਚ ਜ਼ਬਰਦਸਤ ਭੂਚਾਲ ਆਇਆ ਹੈ। ਸਥਾਨਕ ਮੀਡੀਆ ਰਿਪੋਰਟਂ ਮੁਤਾਬਿਕ 5[6 ਤੀਬਰਤਾ ਵਾਲੇ ਭੂਚਾਲ ਵਿੱਚ ਘੱਟੋ-ਘੱਟ 162 ਲੋਕ ਮਾਰੇ ਗਏ ਹਨ ਅਤੇ 700 ਤੋਂ ਵੱਧ ਜ਼ਖ਼ਮੀ ਹੋਏ ਹਨ। ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ 'ਚ ਸੋਮਵਾਰ ਨੂੰ ਭੂਚਾਲ ਆਇਆ। ਪੱਛਮੀ ਜਾਵਾ ਦੇ ਸਿਆਨਜੂਰ ਖੇਤਰ ਦੇ ਸਥਾਨਕ ਪ੍ਰਸ਼ਾਸਨ ਦੇ ਬੁਲਾਰੇ ਐਡਮ ਨੇ ਕਿਹਾ ਕਿ ਕਈ ਦਰਜਨ ਲੋਕ ਮਾਰੇ ਗਏ ਹਨ। ਸੈਂਕੜੇ ਘਰ ਤਬਾਹ ਹੋ ਗਏ ਹਨ। ਹੁਣ ਤੱਕ 162 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇੰਡੋਨੇਸ਼ੀਆ 'ਚ ਆਏ ਭੂਚਾਲ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ। ਇਹ ਇੰਡੋਨੇਸ਼ੀਆ ਦੇ ਸਿਆਨਜੂਰ ਵਿੱਚ 5[6 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੋਏ ਨੁਕਸਾਨ ਨੂੰ ਦਰਸਾਉਂਦੇ ਹਨ। ਸੋਸ਼ਲ ਮੀਡੀਆ ਦਾ ਹਵਾਲਾ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਨੇ ਪੇਂਡੂ ਖੇਤਰਾਂ 'ਚ ਜ਼ਿਆਦਾ ਨੁਕਸਾਨ ਕੀਤਾ ਹੈ। ਟਵਿੱਟਰ 'ਤੇ ਸ਼ੇਅਰ ਕੀਤੇ ਗਏ ਵੀਡੀਓ ਦੇ ਮੁਤਾਬਕ ਸਿਆਂਜੂਰ ਖੇਤਰ ਦੇ ਮਾਂਗੁਨਕੇਰਤਾ ਪਿੰਡ 'ਚ ਇਸ ਭੂਚਾਲ ਨਾਲ ਕਈ ਘਰ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ। ਵੀਡੀਓ 'ਚ ਸੜਕ ਕਿਨਾਰੇ ਪਿਆ ਮਲਬਾ ਦੇਖਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ, ਸਿਆਨਜੂਰ ਪ੍ਰਸ਼ਾਸਨ ਦੇ ਮੁਖੀ ਹਰਮਨ ਸੁਹਰਮਨ ਨੇ ਦੱਸਿਆ ਕਿ "ਹੁਣ ਮੈਨੂੰ ਜੋ ਜਾਣਕਾਰੀ ਮਿਲ ਰਹੀ ਹੈ, ਉਹ ਇਹ ਹੈ ਕਿ ਇਸ ਹਸਪਤਾਲ ਵਿੱਚ ਘੱਟੋ-ਘੱਟ 700 ਲੋਕ ਇਲਾਜ ਅਧੀਨ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇਮਾਰਤ ਦੇ ਮਲਬੇ ਹੇਠਾਂ ਦੱਬੇ ਹੋਣ ਕਾਰਨ ਇੱਥੇ ਆਏ ਹਨ।"