ਵਾਅਨ, 30 ਸਤੰਬਰ (ਪੋਸਟ ਬਿਊਰੋ) : ਵਾਅਨ ਦੇ ਰਿਹਾਇਸ਼ੀ ਇਲਾਕੇ ਵਿੱਚ ਮਹਿਲਾ ਦੇ ਹੋਏ ਕਤਲ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਉਸ ਦੇ ਪਤੀ ਖਿਲਾਫ ਲੱਗੇ ਚਾਰਜਿਜ਼ ਯੌਰਕ ਰੀਜਨਲ ਪੁਲਿਸ ਵੱਲੋਂ ਹਟਾਅ ਲਏ ਗਏ ਹਨ।ਇਸ ਮਾਮਲੇ ਵਿੱਚ ਹੁਣ ਨਵੇਂ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿ਼ਕਰਯੋਗ ਹੈ ਕਿ 23 ਸਤੰਬਰ ਨੂੰ ਸ਼ਾਮੀਂ 7:45 ਉੱਤੇ ਪਾਰਕਟਰੀ ਡਰਾਈਵ ਤੇ ਲਿਊਸੇਨਾ ਕ੍ਰੀਸੈਂਟ ਏਰੀਆ ਵਿੱਚ ਇੱਕ ਘਰ ਨੂੰ ਲੱਗੀ ਅੱਗ ਸਬੰਧੀ ਯੌਰਕ ਰੀਜਨ ਵਿੱਚ ਫਾਇਰ ਅਮਲੇ ਨੂੰ ਸੱਦਿਆ ਗਿਆ। ਮੌਕੇ ਉੱਤੇ ਪੁਲਿਸ ਨੂੰ ਘਰ ਦੇ ਅੰਦਰੋਂ ਇੱਕ ਮਹਿਲਾ ਬੇਹੋਸ਼ ਹਾਲਤ ਵਿੱਚ ਮਿਲੀ। ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੰਗਲਵਾਰ ਨੂੰ ਪੁਲਿਸ ਨੇ ਮ੍ਰਿਤਕ ਮਹਿਲਾ ਦੀ ਸ਼ਨਾਖ਼ਤ ਵਾਅਨ ਦੀ 64 ਸਾਲਾ ਨਾਹੀਦ ਆਸਕਰਯਾਰ ਵਜੋਂ ਕੀਤੀ। ਪੋਸਟ ਮਾਰਟਮ ਤੋਂ ਬਾਅਦ ਜਾਂਚਕਾਰਾਂ ਨੇ ਮਹਿਲਾ ਦੀ ਮੌਤ ਦਾ ਕਾਰਨ ਛੁਰੇਬਾਜ਼ੀ ਦੱਸਿਆ।
ਸ਼ੁਰੂ ਵਿੱਚ ਅਧਿਕਾਰੀਆਂ ਨੇ ਮਹਿਲਾ ਦੇ 71 ਸਾਲਾ ਪਤੀ ਮੁਹੰਮਦ ਅਸਕਰਯਾਰ ਨੂੰ ਮਸ਼ਕੂਕ ਵਜੋਂ ਗ੍ਰਿਫਤਾਰ ਕੀਤਾ। ਪਰ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਜਾਂਚਕਾਰਾਂ ਨੇ ਦੱਸਿਆ ਕਿ ਹੁਣ ਮਹਿਲਾ ਦੇ ਕਤਲ ਦੇ ਸਬੰਧ ਵਿੱਚ 43 ਸਾਲਾ ਅਹਿਮਦ ਸਾਕਿਬ ਅਸਕਰਜ਼ਾਦਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਤੇ ਫਰਸਟ ਡਿਗਰੀ ਮਰਡਰ ਤੇ ਅਗਜ਼ਨੀ ਦੇ ਦੋਸ਼ ਵੀ ਲਾਏ ਗਏ ਹਨ। ਮ੍ਰਿਤਕਾ ਨਾਲ ਉਸ ਦੇ ਸਬੰਧਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ।