Welcome to Canadian Punjabi Post
Follow us on

03

October 2022
ਟੋਰਾਂਟੋ/ਜੀਟੀਏ

ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿਚ ਖੂਬ ਰੌਣਕਾਂ

September 16, 2022 12:15 AM

  

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਤਰਕਸ਼ੀਲ ਸੋਸਾਇਟੀ ਕਨੇਡਾ ਦੀ ਓਨਟਾਰੀਓ ਇਕਾਈ ਵਲੋਂ ਬੀਤੇ ਐਤਵਾਰ ਬਰੈਂਪਟਨ ਦੇ ਐਲ ਡੋਰੈਡੋ ਪਾਰਕ ਵਿਚ ਅਯੋਜਿਤ ਕੀਤੀ ਪਿਕਨਿਕ ਵਿਚ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਮੈਂਬਰਾਂ, ਹਤੈਸ਼ੀਆਂ, ਸਪੌਂਸਰਾਂ, ਪਤਰਕਾਰਾਂ ਤੇ ਕਲਾਕਾਰਾਂ ਨੇ ਸ਼ਾਮਿਲ ਹੋ ਕੇ ਰੌਣਕਾਂ ਵਧਾਈਆਂ। ਇਸ ਵਿਚ ਪੰਜਾਬੀ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਤਿਕਾਰਿਤ ਹਸਤੀਆਂ ਵੀ ਪਹੁੰਚੀਆਂ। ਇਸ ਵਾਰ ਮਰਦਾਂ ਔਰਤਾਂ, ਬੱਚਿਆਂ ਦੀਆਂ ਖੇਡਾਂ ਦਾ ਖਾਸ ਇੰਤਜ਼ਾਮ ਕੀਤਾ ਗਿਆ ਸੀ, ਜਿਸ ਨਾਲ ਸਭ ਨੇ ਪਿਕਨਿਕ ਦਾ ਬਹੁਤ ਆਨੰਦ ਮਾਣਿਆਂ।

  

ਪਰਮਜੀਤ ਸੰਧੂ ਵਲੋਂ ਵੱਡੇ ਟੈਂਟ ਦਾ ਇੰਤਜ਼ਾਮ ਕੀਤਾ ਗਿਆ ਸੀ,ਜਿਸ ਨੇ ਪਿਕਨਿਕ ਨੂੰ ਇੱਕ ਜਸ਼ਨ ਦਾ ਰੰਗ ਦੇ ਦਿੱਤਾ। ਸੋਸਾਇਟੀ ਦੇ ਮੋਢੀ ਮੈਂਬਰਾਂ ਨੇ ਸਵੇਰ ਵੇਲੇ ਜਾ ਕੇ ਲੋੜੀਂਦੇ ਬੈਂਚ ਇਕੱਠੇ ਕਰ ਲਏ ਅਤੇ ਟੈਂਟ ਲਾ ਲਿਆ। 11 ਵਜੇ ਤੋਂ ਹੀ ਬੱਚਿਆਂ ਸਮੇਤ ਲੋਕ ਆਉਣ ਲੱਗ ਪਏ ਅਤੇ 12 ਕੁ ਵਜੇ ਤੱਕ ਇਕੱਠ ਇਕ ਮੇਲੇ ਦਾ ਰੂਪ ਧਾਰਨ ਕਰ ਗਿਆ। ਇਸੇ ਵੇਲੇ ਤੋਂ ਹੀ ਪਿਕਨਿਕ ਦੇ ਅੰਤ ਤੀਕ ਜਸਵੀਰ ਚਹਿਲ ਤੇ ਪਾਲ ਰੰਧਾਵਾ ਵਲੋਂ ਕਰਵਾਈਆਂ ਗਈਆਂ ਖੇਡਾਂ ਵਿਚ ਸਾਰੇ ਹੀ, ਪਰ ਖਾਸ ਕਰ ਬੱਚੇ ਸ਼ਾਮਿਲ ਹੋ, ਮੰਨੋਰੰਜਣ ਕਰਦੇ ਰਹੇ। ਖੇਡਾਂ ਵਿਚ ਰੱਸਾ ਕਸ਼ੀ, ਵਾਲੀਬਾਲ, ਖੋਹ ਖੋਹ ਅਤੇ ਵੱਖੋ ਵੱਖਰੀਆਂ ਦੌੜਾਂ ਸ਼ਾਮਿਲ ਸਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਮੈਂਬਰਾਂ ਤੇ ਬੱਚਿਆਂ ਨੇ ਹਿੱਸਾ ਲਿਆ। ਜੇਤੂਆਂ ਨੂੰ ਅਗਾਂਹ ਵਧੂ ਸਾਹਿਤ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਬਚੇ ਖਾਸ ਕਰ ਇਨ੍ਹਾਂ ਇਨਾਮਾਂ ਨਾਲ ਬਹੁੱਤ ਉਤਾਸਿ਼ਹਤ ਹੋਏ ਤੇ ਅੱਗੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਬਾਰੇ ਸੋਚਣ ਲੱਗੇ। ਕਈ ਪ੍ਰੀਵਾਰ ਅਪਣੇ ਬੱਚਿਆਂ ਨੂੰ ਨਾਲ ਲੈ ਪਾਰਕ ਦੇ ਸੰਘਣੇ ਜੰਗਲ ਵਿਚ ਤੇ ਵਗਦੇ ਕਰੈਡਿਟ ਦਰਿਆ ਦੇ ਪਾਣੀਆਂ ਦੇ ਨੇੜੇ ਤੇੜੇ ਦਾ ਰਮਣੀਕ ਨਜ਼ਾਰਾ ਵੀ ਲੈਣ ਚੱਲੇ ਜਾਂਦੇ ਰਹੇ। ਸਵੇਰ ਤੋਂ ਹੀ ਖਾਣ ਪੀਣ ਦਾ ਖੁਲ੍ਹਾ ਪ੍ਰਬੰਧ ਸੀ, ਜਿਸ ਵਿਚ ਪਕੌੜੇ,ਸਮੋਸੇ, ਚਾਹ, ਬਾਰਬੀਕਿਊ ਕੀਤੇ ਪਕਵਾਨਾਂ ਅਤੇ ਲੰਚ ਦਾ ਸਾਰਿਆਂ ਚੰਗਾ ਸੁਆਦ ਮਾਣਿਆਂ। ਸਾਰਾ ਸਮਾਂ ਸ਼ਾਮਿਲ ਵਿਅੱਕਤੀਆਂ ਨੇ ਆਪਸ ਵਿਚ ਵੱਖ ਵੱਖ ਵਿਸਿ਼ਆਂ ਤੇ ਚਰਚਾ ਕੀਤੀ। ਸੁਸਾਇਟੀ ਵਲੋਂ ਸਾਰੇ ਸ਼ਾਮਿਲ ਵਿਅਕਤੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਖਾਣ ਪੀਣ ਦੇ ਪ੍ਰਬੰਧ ਵਿਚ ਅਮਨਦੀਪ ਮੰਡੇਰ ਦੇ ਸਮੁੱਚੇ ਪ੍ਰਵਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।
ਤਰਕਸ਼ੀਲ ਸੁਸਾਇਟੀ ਪੰਜਾਬੀਆਂ ਨੂੰ ਵਹਿਮਾਂ ਭਰਮਾ, ਠੱਗ ਬਾਬਿਆਂ, ਤਵੀਤਾਂ, ਮੜੀਆਂ ਮਸਾਣੀਆਂ, ਭੁਲੇਖਾ ਪਾਉ ਲੁਟੇਰੇ ਪੰਡਤਾਂ `ਤੇ ਕਰਾਮਾਤੀ ਚਮਕੀਲੇ ਪੱਥਰਾਂ ਦੇ ਤੰਦੂਏ ਜਾਲ ਵਿਚੋਂ ਕੱਢ ਕੇ, ਤਰਕਸ਼ੀਲ ਬਣਾਉਣ ਦੇ ਯਤਨ ਵਿਚ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ ਤਾਂ ਜੋ ਲੋਕਾਂ ਦੇ ਅਣਜਾਣ ਪੁਣੇ ਦਾ ਫਾਇਦਾ ਉਠਾ ਕੇ ਠੱਗ ਲੁਟੇਰੇ ਲੋਕਾਂ ਦੀ ਖੂੰਨ ਪਸੀਨੇ ਦੀ ਕਮਾਈ ਤੇ ਡਾਕੇ ਨਾ ਮਾਰ ਸਕਣ।
ਸੁਸਾਇੱਟੀ ਬਾਰੇ ਹੋਰ ਜਾਣਕਾਰੀ ਲਈ, ਬਲਦੇਵ ਰਹਿਪਾ (416 881 7202), ਅਮਨਦੀਪ ਮੰਡੇਰ (647 782 8334) ਜਾਂ ਬਲਰਾਜ ਸ਼ੌਕਰ (647 679 4398) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Have something to say? Post your comment