Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਨਜਰਰੀਆ

ਘਟੇ ਹੋਏ ਰੁਪਏ ਬਨਾਮ ਖੁਦਦਾਰੀ

August 25, 2022 03:47 PM

-ਪ੍ਰਿੰਸੀਪਲ ਵਿਜੈ ਕੁਮਾਰ
ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਪਿੱਛੋਂ ਜ਼ਿੰਦਗੀ ਵਿੱਚ ਇੱਕ ਠਹਿਰਾਅ ਜਿਹਾ ਆ ਗਿਆ ਹੈ। ਭਾਵੇਂ ਮੈਂ ਅਜੇ ਵੀ ਇੱਕ ਪ੍ਰਾਈਵੇਟ ਮਾਡਲ ਸਕੂਲ ਵਿੱਚ ਸੇਵਾ ਨਿਭਾ ਰਿਹਾ ਹਾਂ, ਪਰ ਫਿਰ ਵੀ ਜ਼ਿੰਦਗੀ ਵਿੱਚ ਪਹਿਲਾਂ ਜਿਹੀ ਬਣ-ਠਣ ਕੇ ਰਹਿਣ ਤੇ ਲਾਉਣ-ਪਾਉਣ ਦੀ ਇੱਛਾ ਜ਼ਿੰਦਗੀ ਕੋਲੋਂ ਹੋ ਕੇ ਲੰਘ ਜਾਂਦੀ ਹੈ। ਪਤਨੀ ਦੀ ਅਕਸਰ ਇਹ ਜ਼ਿੱਦ ਰਹਿੰਦੀ ਹੈ ਕਿ ਮੈਂ ਨਵੇਂ ਕੱਪੜੇ ਕਿਉਂ ਨਹੀਂ ਸਿਲਵਾਉਂਦਾ, ਅਲਮਾਰੀ ਵਿਚਲੇ ਕੱਪੜਿਆਂ ਨੂੰ ਕਿਉਂ ਨਹੀਂ ਪਾਉਂਦਾ? ਇੱਕੋ ਕੱਪੜੇ ਵਾਰ-ਵਾਰ ਕਿਉਂ ਪਾਉਂਦਾ ਹਾਂ। ਨਵੇਂ ਬੂਟਾਂ ਦੇ ਜੋੜੇ ਕਿਉਂ ਨਹੀਂ ਖਰੀਦਦਾ? ਮੈਂ ਉਸ ਅੱਗੇ ਉਸ ਨੂੰ ਸਹੀ ਸਾਬਿਤ ਕਰਨ ਲਈ ਸੌ ਤਰ੍ਹਾਂ ਦੇ ਤਰਕ ਦਿੰਦਾ ਹਾਂ, ਪਰ ਉਸ ਦੀਆਂ ਗੱਲਾਂ ਮੈਨੂੰ ਚੁੱਪ ਕਰਾ ਦਿੰਦੀਆਂ।
ਉਸ ਦਾ ਪਹਿਲਾ ਕਹਿਣਾ ਇਹ ਹੁੰਦੈ, ‘‘ਸਾਰੀ ਉਮਰ ਮੇਰੀ ਗੱਲ ਮੰਨੀ ਨਹੀਂ, ਬੁਢਾਪੇ ਵਿੱਚ ਮੰਨ ਲਓ। ਬੱਚਿਆਂ ਸਾਹਮਣੇ ਤਾਂ ਮੇਰੀ ਇੱਜ਼ਤ ਰੱਖ ਲਿਆ ਕਰੋ।” ਉਸ ਦੀ ਦੂਜੀ ਦਲੀਲ ਇਹ ਹੁੰਦੀ ਕਿ ਜ਼ਿੰਦਗੀ ਭਰ ਅਸੀਂ ਨਾ ਚੰਗਾ ਖਾ ਕੇ ਵੇਖਿਆ ਅਤੇ ਨਾ ਚੰਗਾ ਪਹਿਨ ਕੇ। ਸਾਰੀ ਕਮਾਈ ਘਰਦਿਆਂ ਤੇ ਬੱਚਿਆਂ ਉੱਤੇ ਲਾ ਦਿੱਤੀ, ਇਸ ਉਮਰ ਵਿੱਚ ਆ ਕੇ ਕੁਝ ਆਪਣੇ ਲਈ ਵੀ ਜੀਅ ਲਓ। ਮੈਂ ਉਸ ਨੂੰ ਬਿਨਾਂ ਕੁਝ ਕਿਹਾਂ ਆਪਣੇ ਮਨ ਵਿੱਚ ਸੋਚਦਾ ਕਿ ਤੈਨੂੰ ਕਿਵੇਂ ਸਮਝਾਵਾਂ ਕਿ ਉੱਚੇ ਅਹੁਦਿਆਂ ਉੱਤੇ ਲੱਗੇ ਸਾਡੇ ਪੁੱਤਰ ਜਦੋਂ ਸਜ ਧਜ ਕੇ ਨਿਕਲਦੇ ਹਨ, ਉਹ ਵੀ ਸਾਡੀ ਹੀ ਟੌਹਰ ਹੁੰਦੀ ਹੈ, ਪਰ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਗੱਲ ਮੁੱਕਦੀ ਹੀ ਚੰਗੀ ਹੁੰਦੀ ਹੈ, ਉਹ ਵੀ ਘਰ ਵਾਲੀ ਨਾਲ।
ਛੇਤੀ ਗੱਲ ਮੁਕਾਉਣ ਦਾ ਮੇਰਾ ਉਦੇਸ਼ ਇਹ ਵੀ ਹੁੰਦਾ ਹੈ ਕਿ ਘਰ ਵਿੱਚ ਜੇ ਦੋ ਬੰਦੇ ਵੀ ਆਪਸ ਵਿੱਚ ਇੱਕ ਦੂਜੇ ਨਾਲ ਮੂੰਹ ਸੁਜਾ ਕੇ ਰੱਖਣ ਤਾਂ ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਜਿਹੜੇ ਕੱਪੜੇ ਉਹ ਪਾਉਣ ਲਈ ਕੱਢ ਦਿੰਦੀ ਹੈ, ਮੈਂ ਚੁੱਪ ਕਰ ਕੇ ਪਾ ਲੈਂਦਾ ਹਾਂ। ਪਤਨੀ ਨਾਲ ਗੱਲ ਛੇਤੀ ਮੁੱਕ ਜਾਂਦੀ ਹੈ, ਪਰ ਜਦੋਂ ਦੋਵੇਂ ਪੁੱਤਰ ਆਏ ਹੁੰਦੇ ਹਨ ਤਾਂ ਫਿਰ ਮੈਂ ਇਕੱਲਾ ਰਹਿ ਜਾਂਦਾ ਹਾਂ। ਮਾਂ-ਪੁੱਤਰ ਇਕੱਠੇ ਹੋ ਜਾਂਦੇ ਹਨ। ਪਤਨੀ ਪੁੱਤਰਾਂ ਤੋਂ ਅੱਡ ਹੋ ਕੇ ਮੈਨੂੰ ਪਹਿਲਾਂ ਕਹਿ ਦਿੰਦੀ ਹੈ ਕਿ ਮੁੰਡੇ ਜੋ ਕਹਿਣਗੇ, ਉਹ ਮੰਨ ਲਿਓ, ਬਿਲਕੁਲ ਨਾਂਹ ਨਾ ਕਰਿਓ। ਸ਼ੁਕਰ ਕਰੋ ਕਿ ਤੁਹਾਨੂੰ ਤੁਹਾਡੇ ਬੱਚੇ ਪੁੱਛਦੇ ਹਨ। ਲੋਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਪੁੱਛਦੇ ਨਹੀਂ। ਇਸ ਬਾਰੇ ਵੀ ਮੈਂ ਉਸ ਨਾਲ ਸਹਿਮਤ ਨਹੀਂ ਹੁੰਦਾ ਕਿਉਂਕਿ ਬੱਚਿਆਂ ਨੂੰ ਹਿਸਾਬ-ਕਿਤਾਬ ਨਾਲ ਪੈਸੇ ਖਰਚ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਪੈਸੇ ਬਚਾ ਕੇ ਰੱਖਣੇ ਚਾਹੀਦੇ ਹਨ, ਪਰ ਇੱਥੇ ਹਾਲਾਤ ਨੂੰ ਮੁੱਖ ਰੱਖ ਕੇ ਚੁੱਪ ਰਹਿਣ ਵਿੱਚ ਭਲੀ ਸਮਝੀ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਛੋਟਾ ਪੁੱਤਰ ਆਇਆ ਸੀ। ਉਹ ਜਦੋਂ ਵੀ ਆਉਂਦਾ ਹੈ, ਸਾਡੇ ਦੋਵਾਂ ਲਈ ਕੱਪੜੇ, ਬੂਟ ਅਤੇ ਹੋਰ ਬਹੁਤ ਕੁਝ ਖਰੀਦ ਕੇ ਦੇਣ ਦੀ ਨਾ ਛੱਡਣ ਵਾਲੀ ਜ਼ਿੱਦ ਕਰਦਾ ਹੈ। ਉਹ ਸਾਨੂੰ ਦੋਵਾਂ ਨੂੰ ਖਰੀਦਦਾਰੀ ਲਈ ਸ਼ਹਿਰ ਦੀ ਮਾਰਕੀਟ ਲੈ ਗਿਆ। ਕਾਫੀ ਦੁਕਾਨਾਂ ਉੱਤੇ ਘੁੰਮਣ ਦੇ ਬਾਵਜੂਦ ਨਾ ਉਸ ਨੂੰ ਕੋਈ ਕੱਪੜਾ ਪਸੰਦ ਆਇਆ ਤੇ ਨਾ ਸਾਨੂੰ ਦੋਵਾਂ ਨੂੰ। ਚੰਡੀਗੜ੍ਹ ਤੋਂ ਖਰੀਦਦਾਰੀ ਦਾ ਪ੍ਰੋਗਰਾਮ ਬਣ ਕੇ ਅਸੀਂ ਘਰ ਨੂੰ ਮੁੜਨ ਦੀ ਧਾਰ ਲਈ।
ਘਰ ਮੁੜਦਿਆਂ ਪਤਨੀ ਨੇ ਘਰ ਨੂੰ ਸਬਜ਼ੀ ਲੈਣ ਲਈ ਪੁੱਤਰ ਨੂੰ ਸਬਜ਼ੀ ਦੀ ਦੁਕਾਨ ਕੋਲ ਗੱਡੀ ਖੜ੍ਹਾਉਣ ਲਈ ਕਿਹਾ। ਅਸੀਂ ਤਿੰਨੇ ਜਣੇ ਸਬਜ਼ੀ ਦੀ ਦੁਕਾਨ ਉੱਤੇ ਜਾ ਖੜ੍ਹੇ ਹੋਏ। ਸਬਜ਼ੀ ਦੀ ਦੁਕਾਨ ਦੇ ਲਾਗੇ ਪੁਰਾਣੇ ਕੱਪੜੇ ਵੇਚਣ ਵਾਲਿਆਂ ਦੀਆਂ ਫੜ੍ਹੀਆਂ ਹਨ। ਇੱਕ ਫੜ੍ਹੀ ਉੱਤੇ ਆਰਥਿਕ ਪੱਖੋਂ ਕਮਜ਼ੋਰ ਔਰਤ ਆਪਣੇ ਦੋ ਬੱਚਿਆਂ ਨੂੰ ਨਾਲ ਲਈ ਉਨ੍ਹਾਂ ਲਈ ਪੁਰਾਣੇ ਕੱਪੜੇ ਖਰੀਦ ਰਹੀ ਸੀ। ਜਿਹੜੇ ਕੱਪੜੇ ਉਸ ਦੇ ਬੱਚਿਆਂ ਨੂੰ ਪਸੰਦ ਸਨ, ਉਨ੍ਹਾਂ ਦੀ ਕੀਮਤ ਦੇਣ ਜੋਗੇ ਉਸ ਕੋਲ ਪੈਸੇ ਨਹੀਂ ਸਨ।ਉਹ ਉਨ੍ਹਾਂ ਨੂੰ ਆਪਣੀ ਆਰਥਿਕ ਹਿੰਮਤ ਅਨੁਸਾਰ ਕੱਪੜੇ ਲੈ ਕੇ ਦੇਣਾ ਚਾਹੁੰਦੀ ਸੀ, ਪਰ ਬੱਚੇ ਆਪਣੀ ਪਸੰਦ ਦੇ ਕੱਪੜੇ ਖਰੀਦਣ ਦੀ ਜ਼ਿੱਦ ਉੱਤੇ ਅੜੇ ਸਨ। ਉਸ ਫੜ੍ਹੀ ਦਾ ਦੁਕਾਨਦਾਰ ਬੱਚਿਆਂ ਦੇ ਪਸੰਦ ਦੇ ਕੱਪੜਿਆਂ ਦੇ ਪੈਸੇ ਘੱਟ ਕਰਨ ਲਈ ਤਿਆਰ ਨਹੀਂ ਸੀ। ਦੁਕਾਨਦਾਰ ਤੇ ਉਸ ਔਰਤ ਵਿਚਕਾਰ ਹੋ ਰਹੇ ਸੰਵਾਦ ਨੂੰ ਮੈਂ ਵੀ ਸੁਣ ਰਿਹਾ ਸੀ ਅਤੇ ਮੇਰਾ ਪੁੱਤਰ ਵੀ। ਮੇਰੇ ਪੁੱਤਰ ਨੇ ਦੁਕਾਨਦਾਰ ਨੂੰ ਕਿਹਾ, ‘‘ਵੀਰ ਜੀ, ਇਨ੍ਹਾਂ ਬੱਚਿਆਂ ਨੂੰ ਕੱਪੜੇ ਦੇ ਦਿਓ, ਘਟਦੇ ਰੁਪਏ ਤੁਹਾਨੂੰ ਮੈਂ ਦੇ ਦਿੰਦਾ ਹਾਂ।” ਦੁਕਾਨਦਾਰ ਨੇ ਬੱਚਿਆਂ ਦੀ ਪਸੰਦ ਦੇ ਕੱਪੜੇ ਉਸ ਔਰਤ ਦੇ ਹੱਥ ਫੜਾਉਣ ਦਾ ਯਤਨ ਕੀਤਾ, ਪਰ ਉਸ ਨੇ ਕੱਪੜੇ ਲੈਣ ਤੋਂ ਨਾਂਹ ਕਰ ਦਿੱਤੀ। ਮੈਂ ਔਰਤ ਦੀ ਨਾਂਹ ਦਾ ਅਰਥ ਸਮਝ ਗਿਆ ਸੀ, ਪਰ ਪੁੱਤਰ ਉਸ ਦੀ ਗੱਲ ਨੂੰ ਨਹੀ ਸਮਝ ਸਕਿਆ। ਮੈਂ ਉਸ ਔਰਤ ਨੂੰ ਸਮਝਾਉਂਦੇ ਹੋਏ ਕਿਹਾ, ‘‘ਭੈਣ ਜੀ, ਕੋਈ ਗੱਲ ਨਹੀਂ, ਇਹਬੱਚੇ ਵੀ ਸਾਡੇ ਬੱਚਿਆਂ ਵਰਗੇ ਹਨ, ਅਸੀਂ ਕੱਪੜਿਆਂ ਦੇ ਘਟਦੇ ਰੁਪਏ ਦੇ ਦਿੰਦੇ ਹਾਂ। ਤੁਸੀਂ ਬੱਚਿਆਂ ਨੂੰ ਆਪਣੀ ਪਸੰਦ ਦੇ ਕੱਪੜੇ ਲੈ ਲੈਣ ਦਿਓ।” ਉਸ ਔਰਤ ਨੇ ਅੱਗੋਂ ਜੋ ਜਵਾਬ ਦਿੱਤਾ, ਉਸ ਨੇ ਮੈਨੂੰ ਉਸ ਦੀ ਸਿਆਣਪ ਦਾ ਕਾਇਲ ਬਣਾ ਦਿੱਤਾ। ਉਸ ਨੇ ਕਿਹਾ, ‘‘ਭਰਾ ਜੀ, ਅੱਜ ਤੁਹਾਡੇ ਰੁਪਏ ਲੈ ਕੇ ਮੈਂ ਇਨ੍ਹਾਂ ਦੀਆਂ ਆਦਤਾਂ ਖਰਾਬ ਨਹੀਂ ਕਰਨਾ ਚਾਹਾਂਗੀ। ਇਨ੍ਹਾਂ ਨੂੰ ਆਪਣੇ ਪਰਵਾਰ ਦੀ ਆਮਦਨ ਅਨੁਸਾਰ ਖਰਚ ਕਰਨ ਦੀ ਆਦਤ ਪੈਣੀ ਚਾਹੀਦੀ ਹੈ। ਅੱਜ ਤੁਸੀਂ ਇਨ੍ਹਾਂ ਦੀ ਮਦਦ ਕਰੋਗੇ, ਕੱਲ੍ਹ ਇਹ ਕਿਸੇ ਹੋਰ ਤੋਂ ਆਸ ਰੱਖਣਗੇ। ਇਨ੍ਹਾਂ ਨੂੰ ਪਰਵਾਰ ਦੀ ਆਮਦਨ ਮੁਤਾਬਕ ਜਿਊਣਾ ਸਿੱਖਣਾ ਚਾਹੀਦਾ ਹੈ।” ਸਾਡੇ ਕੋਲ ਚੁੱਪ ਰਹਿਣ ਤੋਂ ਬਿਨਾਂ ਕੋਈ ਹੋਰ ਚਾਰਾ ਵੀ ਨਹੀਂ ਸੀ। ਸਾਡੇ ਕਹਿਣ ਦਾ ਲਾਭ ਇਹ ਹੋਇਆ ਕਿ ਦੁਕਾਨਦਾਰ ਘੱਟ ਪੈਸਿਆਂ ਵਿੱਚ ਬੱਚਿਆਂ ਦੇ ਮਨਪਸੰਦ ਕੱਪੜੇ ਦੇਣ ਲਈ ਤਿਆਰ ਹੋ ਗਿਆ। ਉਨ੍ਹਾਂ ਬੱਚਿਆਂ ਦੇ ਚਿਹਰਿਆਂ ਵਿੱਚ ਮੈਨੂੰ ਆਪਣਾ ਬਚਪਨ ਵਿਖਾਈ ਦੇ ਰਿਹਾ ਸੀ।
ਮੈਨੂੰ ਆਪਣੇ ਬਚਪਨ ਦੇ ਉਹ ਦਿਨ ਯਾਦ ਆ ਗਏ ਜਦੋਂ ਮੈਨੂੰ ਆਪਣੇ ਮਾਮਿਆਂ ਦੇ ਹੰਢਾਏ ਹੋਏ ਕੱਪੜੇ ਪਾਉਣ ਨੂੰ ਮਿਲਦੇ ਸਨ। ਮੈਂ ਉਸ ਦਿਨ ਬਹੁਤ ਖੁਸ਼ ਹੁੰਦਾ ਸੀ ਜਿਸ ਦਿਨ ਮਾਂ ਕਹਿੰਦੀ ਸੀ ਕਿ ਤੇਰੇ ਮਾਮੇ ਦੇ ਕੱਪੜੇ ਆਏ ਹਨ, ਇਨ੍ਹਾਂ ਨੂੰ ਦਰਜੀ ਤੋਂ ਆਪਣੇ ਨਾਪ ਦੇ ਬਣਵਾ ਕੇ ਠੀਕ ਕਰਵਾ ਲੈ। ਮਾਮਿਆਂ ਦੇ ਉਨ੍ਹਾਂ ਕੱਪੜਿਆਂ ਦਾ ਮੈਨੂੰ ਇਹ ਲਾਭ ਹੋਇਆ ਕਿ ਉਨ੍ਹਾਂ ਕੱਪੜਿਆਂ ਨੇ ਮੈਨੂੰ ਤੇ ਮੇਰੇ ਭਰਾਵਾਂ ਨੂੰ ਇਹ ਗੱਲ ਨਹੀਂ ਭੁੱਲਣ ਦਿੱਤੀ ਕਿ ਸਾਨੂੰ ਮਿਹਨਤ ਕਰ ਕੇ ਹੀ ਅੱਗੇ ਵਧਣਾ ਪੈਣਾ ਹੈ। ਮਿਹਨਤ ਕਰਨ ਤੋਂ ਬਗੈਰ ਗਰੀਬੀ ਦੇ ਇਹ ਦਿਨ ਦੂਰ ਨਹੀਂ ਹੋਣੇ।
ਇਸ ਮੁਲਕ ਦੀ ਕਿੰਨੀ ਵੱਡੀ ਤਰਾਸਦੀ ਹੈ ਕਿ ਇਸ ਦੇਸ਼ ਦੇ ਜ਼ਿਆਦਾਤਰ ਬੱਚੇ ਆਪਣੀ ਮਨਪਸੰਦ ਦੇ ਕੱਪੜੇ ਵੀ ਨਹੀਂ ਪਾ ਸਕਦੇ। ਆਪਣੇ ਮਨਪਸੰਦ ਦੇ ਸਕੂਲਾਂ ਵਿੱਚ ਪੜ੍ਹ ਨਹੀਂ ਸਕਦੇ ਤੇ ਆਪਣੀ ਇੱਛਾ ਅਨੁਸਾਰ ਖਾ ਨਹੀਂ ਸਕਦੇ। ਉਨ੍ਹਾਂ ਬੱਚਿਆਂ ਦੀ ਮਾਂ ਵਾਂਗ ਹਰ ਮਾਂ ਨੂੰ ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਉਸ ਦੇ ਬੱਚਿਆਂ ਨੂੰ ਖੁਦ ਮਿਹਨਤ ਕਰ ਕੇ ਅੱਗੇ ਵਧਣ ਦੀ ਆਦਤ ਪਵੇ। ਉਨ੍ਹਾਂ ਨੂੰ ਆਪਣੇ ਉੱਤੇ ਵਿਸ਼ਵਾਸ ਰਹੇ। ਉਨ੍ਹਾਂ ਨੂੰ ਆਤਮ ਨਿਰਭਰ ਹੋਣ ਦੀ ਆਦਤ ਪਵੇ। ਜਿਨ੍ਹਾਂ ਬੱਚਿਆਂ ਨੂੰ ਬਚਪਨ ਤੋਂ ਹੀ ਧਰਤੀ ਨਾਲ ਜੁੜ ਕੇ ਰਹਿਣ ਦੀ ਆਦਤ ਪੈ ਜਾਂਦੀ ਹੈ, ਉਹ ਚਾਹੇ ਕਿੰਨੇ ਵੀ ਵੱਡੇ ਮੁਕਾਮ ਉੱਤੇ ਪਹੁੰਚ ਜਾਣ, ਤਾਂ ਵੀ ਉਨ੍ਹਾਂ ਨੂੰ ਮਿਹਨਤ ਅਤੇ ਇਮਾਨਦਾਰੀ ਦੇ ਅਰਥ ਨਹੀਂ ਭੁੱਲਦੇ।

 
Have something to say? Post your comment