Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਨਜਰਰੀਆ

ਸਫਰ

August 25, 2022 03:47 PM

-ਜਸਵਿੰਦਰ ਸੁਰਗੀਤ
ਮੇਰੀ ਉਸ ਵਿੱਚ ਲਗਾਤਾਰ ਦਿਲਚਸਪੀ ਪੈਦਾ ਹੋ ਰਹੀ ਸੀ। ਹਸਪਤਾਲ ਦੇ ਵਰਾਂਡੇ ਵਿੱਚ ਬੈਠਾ ਬੜੇ ਇਤਮੀਨਾਨ ਨਾਲਉਹ ਕਿਤਾਬ ਪੜ੍ਹ ਰਿਹਾ ਸੀ। ਜਿਵੇਂ ਇਹ ਹਸਪਤਾਲ ਨਹੀਂ, ਕੋਈ ਲਾਇਬਰੇਰੀ ਹੋਵੇ। ਨਾ ਮੱਥੇ ਉੱਤੇ ਕਿਸੇ ਪ੍ਰਕਾਰ ਦੀ ਚਿੰਤ ਦੀ ਲਕੀਰ, ਨਾ ਚਿਹਰੇ ਉੱਤੇ ਕੋਈ ਉਦਾਸੀ। ਚਿੱਤ ਵਿੱਚ ਵਿਚਾਰ ਉਭਰਿਆ, ‘‘ਹਸਪਤਾਲ ਵਿੱਚ ਭਲਾ ਕੋਈ ਕਿਤਾਬ ਪੜ੍ਹਦਾ! ਇੱਥੇ ਤਾਂ ਲੋਕ ਉਦਾਸ ਚਿਹਰੇ ਲੈ ਕੇ ਬੈਠੇ ਹੁੰਦੇ, ਜਾਂ ਬਿਮਾਰੀਆਂ, ਦੁੱਖਾਂ ਕਸ਼ਟਾਂ ਦੀਆਂ ਗੱਲਾਂ ਕਰਦੇ ਨੇ, ਪਰ ਇਹ ਭਲਾਮਾਣਸ ਕਿਤਾਬ ਪੜ੍ਹ ਰਿਹੈ।”ਮੈਂ ਉਸ ਨੂੰ ਕਿੰਨੇ ਚਿਰ ਤੋਂ ਦੇਖ ਰਿਹਾ ਸੀ। ਕਦੇ ਕਦੇ ਉਹਨੂੰ ਪੜ੍ਹਦੇ ਨੂੰ ਇੱਕ ਟਕ ਦੇਖਣ ਲੱਗ ਜਾਂਦਾ। ਸਾਧਾਰਨ ਜਿਹੇ ਨੈਣ ਨਕਸ਼ਾਂ ਤੇ ਕਰੜ ਬਰੜੀ ਦਾੜ੍ਹੀ ਵਾਲਾ ਇਹ ਬੰਦਾ ਬੜਾ ਅਜੀਬ ਤੇ ਦਿਲਚਸਪ ਲੱਗਿਆ। ਇੱਕ ਦੋ ਵਾਰ ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਵੀ। ਸ਼ਾਂਤ ਚਿਹਰੇ ਉੱਤੇ ਅਚਾਨਕ ਆਈ ਮੁਸਕੁਰਾਹਟ ਨੇ ਮੈਨੂੰ ਮੰਤਰਮੁਗਧ ਕਰ ਦਿੱਤਾ। ਸੋਚਿਆ, ‘‘ਕਾਫੀ ਰੌਚਕ ਹੋਵੇਗਾ ਇਹ ਸ਼ਖਸ।”
ਅਚਾਨਕ ਪੜ੍ਹਦੇ ਪੜ੍ਹਦੇ ਉਹਨੇ ਆਪਣੇ ਬਸਤੇ ਵਿੱਚੋਂ ਡਾਇਰੀ ਕੱਢੀ ਤੇ ਉਸ ਉੱਤੇ ਕੁਝ ਲਿਖਣ ਲੱਗਿਆ। ਕਿੰਨਾ ਚਿਰ ਲਿਖੀ ਗਿਆ। ਫਿਰ ਲਿਖਣਾ ਬੰਦ ਕਰ ਕੇ ਦੁਬਾਰਾ ਕਿਤਾਬ ਪੜ੍ਹਨ ਲੱਗ ਪਿਆ। ਇੰਨੇ ਨੂੰ ਨਰਸ ਆਈ ਅਤੇ ਉਹਨੂੰ ਪਰਚੀ ਫੜਾਈ। ਉਹਨੇ ਕਿਤਾਬ ਦਾ ਵਰਕਾ ਮੋੜਿਆ ਅਤੇ ਉਠ ਕੇ ਫਾਰਮੇਸੀ ਦੀ ਦੁਕਾਨ ਉੱਤੇ ਦਵਾਈਆਂ ਲੈਣ ਚਲਾ ਗਿਆ। ਵਾਪਸ ਕੇ ਫਿਰ ਕਿਤਾਬ ਪੜ੍ਹਨ ਲੱਗ ਪਿਆ।
‘‘ਤੁਹਾਡਾ ਇੱਥੇ ਕੌਣ ਦਾਖਲ ਹੈ?” ਮੈਥੋਂ ਉਹਦੇ ਕੋਲ ਜਾ ਕੇ ਪੁੱਛਣੋਂ ਰਿਹਾ ਨਾ ਗਿਆ। ਉਸ ਨੇ ਕਿਤਾਬ ਪੜ੍ਹਨੀ ਥਾਏਂ ਰੋਕ ਕੇ ਮੈਨੂੰ ਧਿਆਨ ਨਾਲ ਦੇਖਿਆ ਤੇ ਫਿਰ ਬੜੇ ਸ਼ਾਂਤਮਈ ਲਹਿਜ਼ੇ ਵਿੱਚ ਕਿਹਾ, ‘‘ਪਤਨੀ ਦਾਖਲ ਐ।”
‘‘ਕੀ ਦਿੱਕਤ ਐ?” ਨਾਲ ਦੀ ਨਾਲ ਮੈਂ ਅਗਲਾ ਸਵਾਲ ਪੁੱਛਿਆ।
‘‘ਬ੍ਰੇਨ ਹੈਮਰੇਜ ਹੋਇਐ।” ਉਸ ਨੇ ਬੜੇ ਸਹਿਜ ਨਾਲ ਇਉਂ ਆਖਿਆ, ਜਿਵੇਂ ਕੋਈ ਮਾਮੂਲੀ ਜਿਹਾ ਸਿਰ ਦਰਦ ਹੋਵੇ, ਜਿਸ ਨੇ ਥੋੜ੍ਹੇ ਚਿਰ ਬਾਅਦ ਹਟ ਜਾਣਾ ਹੋਵੇ। ਮੈਂ ਉਸ ਨਾਲ ਹੋਰ ਵੀ ਗੱਲਾਂ ਕਰਨਾ ਚਾਹੁੰਦਾ ਸੀ, ਪਰ ਉਹ ਕਿਤਾਬ ਵਿੱਚ ਰੁੱਝ ਗਿਆ ਤੇ ਮੈਂ ਵੀ ਉਸ ਨੂੰ ਬੁਲਾਉਣਾ ਮੁਨਾਸਿਬ ਨਾ ਸਮਝਿਆ।
ਫਿਰ ਪਤਾ ਨਹੀਂ, ਉਹਦੇ ਮਨ ਵਿੱਚ ਕੀ ਆਇਆ, ਕਿਤਾਬ ਪਾਸੇ ਰੱਖ ਕੇ ਉਸ ਨੇ ਮੈਨੂੰ ਪੁੱਛਿਆ, ‘‘ਮੇਰੇ ਨਾਲ ਚਾਹ ਦਾ ਕੱਪ ਸਾਂਝਾ ਕਰੋਗੇ?”
‘‘ਹਾਂ ਜੀ, ਹਾਂ ਜੀ! ਕਿਉਂ ਨਹੀਂ।” ਮੈਂ ਉਸ ਦੀ ਇਸ ਪੇਸ਼ਕਸ਼ ਉੱਤੇ ਹੈਰਾਨ ਹੋਇਆ।
ਥੋੜ੍ਹੇ ਚਿਰਬਾਅਦ ਸਾਡੇ ਦੋਵਾਂ ਦੇ ਹੱਥਾਂ ਵਿੱਚ ਚਾਹ ਦੇ ਕੱਪ ਸਨ। ਉਹ ਚਾਹ ਦੀਆਂ ਚੁਸਕੀਆਂ ਇੰਨਾ ਇਕਾਗਰ ਚਿੱਤ ਹੋ ਕੇ ਭਰ ਰਿਹਾ ਸੀ, ਜਿਵੇਂ ਉਸ ਦੀ ਜ਼ਿੰਦਗੀ ਦਾ ਮਕਸਦ ਚਾਹ ਦੀਆਂ ਚੁਸਕੀਆਂ ਭਰਨਾ ਹੀ ਹੋਵੇ।
‘‘ਤੁਹਾਡਾ ਕੌਣ ਦਾਖਲ ਹੈ?” ਉਸ ਨੇ ਚਾਹ ਦੀ ਆਖਰੀ ਘੁੱਟ ਮੁਕਾਉਂਦਿਆਂ ਪੁੱਛਿਆ।
‘‘ਮੇਰੇ ਮੈਡਮ ਨੇ, ਡਲਿਵਰੀ ਕੇਸ ਐ।” ਸੁਣ ਕੇ ਉਹ ਚੁੱਪ ਹੋ ਗਿਆ, ਜਿਵੇਂ ਅਤੀਤ ਵਿੱਚ ਗੁਆਚ ਗਿਆ ਹੋਵੇ। ਫਿਰ ਥੋੜ੍ਹਾ ਰੁਕ ਕੇ ਬੋਲਿਆ, ‘‘ਨਾ ਆਏ ਦੀ ਬਾਹਲੀ ਖੁਸ਼ੀ ਕਰੀਏ, ਨਾ ਗਏ ਦਾ ਦੁੱਖ ਮਨਾਈਏ ਸੱਜਣਾ।” ਉਸ ਦੇ ਬੋਲਾਂ ਵਿੱਚ ਜਿਵੇਂ ਸੰਗੀਤ ਉਤਰ ਆਇਆ ਹੋਵੇ।
‘‘ਤੁਹਾਨੂੰ ਡਾਕਟਰ ਸਾਬ੍ਹ ਬੁਲਾਉਂਦੇ ਨੇ।” ਨਰਸ ਨੇ ਉਸ ਕੋਲ ਆ ਕੇ ਸੁਨੇਹਾ ਲਾਇਆ। ਉਹ ਉਠ ਕੇ ਡਾਕਟਰ ਦੇ ਕੈਬਿਨ ਵਿੱਚ ਚਲਾ ਗਿਆ।ਵਾਪਸ ਆ ਕੇ ਉਹ ਗੰਭੀਰ ਮੁਦਰਾ ਵਿੱਚ ਬੈਠ ਗਿਆ। ਅੱਖਾਂ ਬੰਦ ਕਰ ਲਈਆਂ। ਪੰਜ ਸੱਤ ਮਿੰਟਾਂ ਵਿੱਚ ਉਹਦਾ ਚਿਹਰਾ ਹੋਰ ਵੀ ਸ਼ਾਂਤ ਲੱਗਣ ਲੱਗਿਆ। ਕਿੰਨਾ ਹੀ ਚਿਰ ਉਹ ਇਸੇ ਹਾਲਤ ਵਿੱਚ ਬੈਠਾ ਰਿਹਾ। ਫਿਰ ਅਚਾਨਕ ਉਸ ਨੇ ਅੱਖਾਂ ਖੋਲ੍ਹੀਆਂ। ਡੂੰਘਾ ਸ਼ਾਹ ਭਰਿਆ। ਆਸੇ ਪਾਸੇ ਧਿਆਨ ਨਾਲ ਦੇਖਿਆ, ਜਿਵੇਂ ਗਹਿਰੀ ਨੀਂਦ ਵਿੱਚੋਂ ਜਾਗਿਆ ਹੋਵੇ। ਇਸ ਵਾਰ ਉਸ ਨੇ ਕਿਤਾਬ ਨਹੀਂ ਚੁੱਕੀ। ਉਂਝ ਹੀ ਬੈਠਾ ਰਿਹਾ।
‘‘ਕਿਵੇਂ ਐ ਤੁਹਾਡੀ ਪਤਨੀ?” ਮੈਂ ਉਸ ਨਾਲ ਦੁਬਾਰਾ ਗੱਲ ਸ਼ੁਰੂ ਕੀਤੀ।
‘‘ਦੇਖੋ...।” ਉਸ ਨੇ ਬੱਸ ਇੰਨਾ ਹੀ ਕਿਹਾ।
‘‘ਦੇਖੋ ਮਤਲਬ?...”
‘‘ਲੱਗਦੈ, ਪ੍ਰੀਤ ਵੀ ਜਾਊਗੀ।” ਉਹ ਸਹਿਜ ਭਾਅ ਬੋਲਿਆ।
‘‘ਪ੍ਰੀਤ ਵੀ ਜਾਊਗੀ, ਇਹਦਾ ਮਤਲਬ ਇਸ ਤੋਂ ਪਹਿਲਾਂ ਵੀ ਕੋਈ।”
ਅੱਗੇ ਮੈਥੋਂ ਬੋਲਿਆ ਨਾ ਗਿਆ, ਪਰ ਉਹ ਸਮਝ ਗਿਆ, ‘‘ਛੇ ਕੁ ਮਹੀਨੇ ਪਹਿਲਾਂ ਮੇਰਾ ਇਕਲੌਤਾ ਪੁੱਤਰ ਹਾਦਸੇ ਵਿੱਚ ਪੂਰਾ ਹੋਇਐ।” ਸੁਣ ਕੇ ਮੈਨੂੰ ਜਿਵੇਂ ਕਰੰਟ ਲੱਗ ਗਿਆ ਹੋਵੇ।
‘‘ਪੁੱਤਰ! ਇਕਲੌਤਾ ਪੁੱਤਰ!” ਮੈਂ ਉਹਦੇ ਮੂੰਹ ਵੱਲ ਬਿਟ ਬਿਟ ਦੇਖਣ ਲੱਗਿਆ।
ਖਾਮੋਸ਼ੀ ਭਾਰੂ ਪੈਣ ਲੱਗੀ, ਪਰ ਉਹਨੇ ਆਪੇ ਹੀ ਤੋੜ ਦਿੱਤੀ, ‘‘ਦੇਖੋ ਦੋਸਤ, ਮੈਂ ਸਹਿਜ ਭਾਅ ਜਿਊਣ ਦਾ ਰਸਤਾ ਚੁਣਿਆ ਹੋਇਐ,ਪਰ ਕੋਈ ਬੰਦਾ ਏਦਾਂ ਔਖੀ ਘੜੀ ਵਿੱਚ ਸਹਿਜ ਕਿਵੇਂ ਹੋ ਸਕਦੈ, ਜਦੋਂ ਇਕਲੌਤਾ ਪੁੱਤਰ ਤੁਰ ਗਿਆ ਹੋਵੇ ਤੇ ਪਤਨੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੋਵੇ, ‘‘ਮੇਰੇ ਅਸਹਿਜ ਹੋਣ ਨਾਲ ਕੋਈ ਫਰਕ ਨਹੀਂ ਪੈਣਾ।”
‘‘ਇਹ ਦਾ ਮਤਲਬ ਬੰਦਾ ਕੋਈ ਯਤਨ ਵੀ ਨਾ ਕਰੇ?” ਮੈਂ ਸਵਾਲ ਉਠਾਇਆ।
‘‘ਮੈਂ ਕਦ ਕਹਿੰਨਾ ਬੰਦਾ ਯਤਨ ਨਾ ਕਰੇ, ਪਰ ਨਤੀਜਾ ਜੋ ਵੀ ਆਵੇ, ਉਹਨੂੰ ਖਿੜ੍ਹੇ ਮੱਥੇ ਮੰਨੇ।”
ਮਲਟੀਸਪੈਸ਼ਲਿਟੀ ਹਸਪਤਾਲ ਦੇ ਵਰਾਂਡੇ ਦੇ ਕੋਨੇ ਵਿੱਚ ਇਸ ਅਜਨਬੀ ਦੀਆਂ ਗੱਲਾਂ ਮੈਂ ਪਤਾ ਨਹੀਂ ਕਿੰਨਾ ਚਿਰ ਹੋਰ ਸੁਣਦਾ ਰਹਿੰਦਾ ਕਿ ਜੱਚਾ ਬੱਚਾ ਕੇਂਦਰ ਤੋਂ ਮੇਰੇ ਨਾਂਅ ਦੀ ਆਵਾਜ਼ ਪਈ ਅਤੇ ਮੈਂ ਉਠ ਕੇ ਚਲਾ ਗਿਆ।
ਪਤਨੀ ਦੀਆਂ ਜਣੇਪਾ ਪੀੜਾਂ ਸ਼ੁਰੂ ਹੋ ਚੁੱਕੀਆਂ ਸਨ। ਮੈਂ ਬੈਂਚ ਉੱਤੇ ਬੈਠ ਕੇ ਨਵੇਂ ਜੀਅ ਦੀ ਉਡੀਕ ਕਰਨ ਲੱਗਾ। ਉਂਝ ਮੇਰੇ ਮਨ ਦਾ ਕੁਝ ਹਿੱਸਾ ਉਸ ਅਜਨਬੀ ਦੀਆਂ ਗੱਲਾਂ ਖੁਰਚਣ ਵਿੱਚ ਵੀ ਲੱਗਿਆ ਹੋਇਆ ਸੀ। ਥੋੜ੍ਹੇ ਚਿਰ ਬਾਅਦ ਨਰਸ ਬਾਹਰ ਆਈ। ਮੈਂ ਪੁੱਤਰ ਦਾ ਬਾਪ ਬਣ ਗਿਆ ਸੀ।ਦੱਸਣ ਲਈ ਮੈਂ ਉਸ ਅਜਨਬੀ ਵੱਲ ਗਿਅ, ਪਰ ਉਹ ਉਥੇ ਨਹੀਂ ਸੀ। ਉਸ ਦੀ ਕਿਤਾਬ ਉਥੇ ਪਈ ਸੀ। ਮੈਂ ਉਥੇ ਬੈਠ ਕੇ ਉਹਨੂੰ ਉਡੀਕਣ ਲੱਗਿਆ। ਲਗਭਗ ਅੱਧੇ ਘੰਟੇ ਦੇ ਕਰੀਬ ਉਹ ਐਮਰਜੈਂਸੀ ਵਿਭਾਗ ਵੱਲੋਂ ਆ ਰਿਹਾ ਸੀ।ਮੈਂ ਉਠ ਕੇ ਉਸ ਨੂੰ ਪੁੱਤਰ ਬਾਰੇ ਦੱਸਿਆ। ਉਹ ਬੜੇ ਖਾਸ ਅੰਦਾਜ਼ ਵਿੱਚ ਬੋਲਿਆ, ‘‘ਧਰਤੀ ਉੱਤੇ ਆਏ ਨਵੇਂ ਮਹਿਮਾਨ ਲਈ ਵਧਾਈਆਂ।”
‘‘ਤੁਹਾਡੀ ਪਤਨੀ ਵੀ ਛੇਤੀ ਰਾਜ਼ੀ ਹੋਵੇ।'' ਮੇਰੇ ਮੁੱਖੋਂ ਸਹਿਜ ਭਾਅ ਨਿਕਲਿਆ। ਉਹ ਮੇਰੇ ਵੱਲ ਝਾਕਿਆ। ਖਾਸ ਅੰਦਾਜ਼ ਵਿੱਚ ਸਿਰ ਹਿਲਾਇਆ ਤੇ ਮੇਰੇ ਉੱਤੇ ਭਰਵੀਂ ਨਿਗ੍ਹਾ ਸੁੱਟਦਿਆਂ ਬੋਲਿਆ, ‘‘ਉਹ ਤਾਂ ਲੰਮੇ ਸਫਰ ਲਈ ਵਿਦਾ ਹੋ ਗਏ ਨੇ।”
‘‘ਲੰਮੇ ਸਫਰ ਉੱਤੇ!” ਮੈਂ ਸਮਝ ਗਿਆ ਸਾਂ, ਫਿਰ ਵੀ ਮੇਰੇ ਮੂੰਹੋਂ ਇਹ ਸ਼ਬਦ ਨਿਕਲ ਗਏ। ਮੇਰੇ ਹੱਥ ਜੁੜ ਗਏ ਸਨ। ਮੈਂ ਉਹਦੇ ਪੈਰਾਂ ਵੱਲ ਧਾਇਆ ਤੇ ਉਸ ਅੱਧ ਵਿਚਾਲਿਉਂ ਰੋਕ ਮੈਨੂੰ ਕਲਾਵੇ ਵਿੱਚ ਭਰ ਲਿਆ।

 
Have something to say? Post your comment