ਟੈਕਸਾਸ, 6 ਅਗਸਤ (ਪੋਸਟ ਬਿਊਰੋ)- ਐਮਾਜਾਨ ਦੇ ਫਾਊਂਡਰ ਜੇਫ ਬੇਜੋਸ ਦੀ ਸਪੇਸ ਕੰਪਨੀ ਬਲੂ ਓਰੀਜਿਨ ਨੇ ਛੇ ਲੋਕਾਂ ਨੂੰ ਸਪੇਸ ਟੂਰਿਜਮ ਲਈ ਪੁਲਾੜ ਵਿੱਚ ਭੇਜਿਆ। ਕੰਪਨੀ ਦੇ ਨਿਊ ਸ਼ੇਪਰਡ ਸਪੇਸਕ੍ਰਾਫਡਟ ਨੇ ਟੈਕਸਾਸ ਦੀ ਲਾਂਚ ਸਾਈਟ ਵਨ ਤੋਂ ਉਡਾਣ ਭਰੀ। ਇਹ ਸਪੇਸਕ੍ਰਾਫਟ ਯਾਤਰੀਆਂ ਨੂੰ ਧਰਤੀ ਤੋਂ 107 ਕਿਲੋਮੀਟਰ ਉਪਰ ਲੈ ਗਿਆ ਤੇ ਫਿਰ ਉਥੋਂ ਪੈਰਾਸ਼ੂਟ ਰਾਹੀਂ ਲੋਕ ਧਰਤੀ ਉੱਤੇ ਵਾਪਸ ਲਿਆਂਦਾ ਗਿਆ ਹੈ।
ਇਸ ਸਪੇਸ ਮਿਸ਼ਨ ਵਿੱਚ ਸਿਰਫ਼ 10 ਮਿੰਟ 20 ਸੈਕੰਡ ਸਮਾਂ ਲੱਗਾ। ਇਸ ਦੌਰਾਨ ਸਪੇਸਕ੍ਰਾਫਟ ਦੀ ਵੱਧ ਤੋਂ ਵੱਧ ਰਫਤਾਰ 2239 ਮੀਲ ਘੰਟਾ, ਭਾਵ 3603 ਕਿਲੋਮੀਟਰ ਪ੍ਰਤੀ ਘੰਟਾ ਰਹੀ। ਇਸ ਫਲਾਈਟ ਨਾਲ ਬਲੂ ਓਰੀਜਿਨ ਨੇ ਨਵਾਂ ਵਰਲਡ ਰਿਕਾਰਡ ਵੀ ਬਣਾ ਲਿਆ। ਪਹਿਲੀ ਵਾਰ ਮਿਸਰ ਤੇ ਪੁਰਤਗਾਲ ਦੇ ਲੋਕ ਸਪੇਸ ਟੁਰਿਜਮ ਦਾ ਹਿੱਸਾ ਬਣੇ ਹਨ।ਇੰਜੀਨੀਅਰ ਸਾਰਾ ਸਾਬਰੀ ਪੁਲਾੜ ਦੀ ਯਾਤਰਾ ਕਰਨ ਵਾਲੀ ਪਹਿਲੀ ਮਿਸਰੀ ਤੇ ਬਿਜਨੈਸਮੈਨ ਮਾਰੀਓ ਫਰੇਰਾ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਪੁਰਤਗਾਲੀ ਬਣੇ। ਪੁਲਾੜ ਯਾਤਰਾ ਵਿੱਚ ਯੂ-ਟਿਊਬ ਚੈਨਲ ਡੂਡ ਪਰਫੈਕਟ ਦੇ ਕੋ-ਫਾਊਂਡਰ ਕੋਬੀ ਕਾਟਨ, ਬ੍ਰਿਟਿਸ਼-ਅਮਰੀਕੀ ਪਰਵਤਾਰੋਗੀ ਵੈਨੇਸਾ ਓ ਬ੍ਰਾਇਨ, ਟੈਕਨਾਲੌਜੀ ਲੀਡਰ ਕਲਿੰਟ ਕੇਲੀ ਥਰਡ ਤੇ ਟੈਲੀ ਕਮਿਊਨਿਕੇਸ਼ਨ ਐਗਜੀਕਿਊਟਿਵ ਸਟੀਵ ਯੰਗ ਵੀ ਸ਼ਾਮਲ ਸਨ।ਕਵਾਰਟਜ ਦੀ ਰਿਪੋਰਟ ਮੁਤਾਬਕ ਬਲੂ ਓਰੀਜਿਨ ਦੇ ਸਪੇਸਕ੍ਰਾਫਟ ਦੀ ਇੱਕ ਟਿਕਟ ਦੀ ਕੀਮਤ 1.25 ਮਿਲੀਅਨ ਡਾਲਰ ਭਾਵ 9,89,73,750 ਰੁਪਏ ਹੈ। ਇਹ ਰਿਚਰਡ ਬ੍ਰੈਨਸਨ ਦੀ ਕੰਪਨੀ ਵਰਜਿਨ ਗੈਲੇਕਟਿਕ ਦੀ ਟਿਕਟ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੈ।