Welcome to Canadian Punjabi Post
Follow us on

29

March 2024
 
ਨਜਰਰੀਆ

ਦਾਦੀਆਂ ਨਾਨੀਆਂ ਦੀਆਂ ਕਹਾਣੀਆਂ

August 03, 2022 03:58 PM

-ਪ੍ਰੀਤਮਾ ਦੋਮੇਲ
ਬਚਪਨ ਦੀਆਂ ਕੁਝ ਘਟਨਾਵਾਂ ਅਜਿਹੀਆਂ ਹਨ, ਜੋ ਅੱਜ ਵੀ ਤਾਜ਼ਾ ਹਨ। ਮੈਂ ਛੋਟੀ ਸਾਂ, ਪਰ ਪਿੰਡ ਵਿੱਚ ਸਕੂਲ ਨਾ ਹੋਣ ਕਰ ਕੇ ਪੜ੍ਹਦੀ ਨਹੀਂ ਸਾਂ। ਚਾਰ ਭੂਆ ਸਨ, ਕਦੇ ਕੋਈ ਆਪਣਾ ਛੋਟਾ ਬੱਚਾ ਖਿਡਾਉਣ ਲਈ ਲੈ ਜਾਂਦੀ ਜਾਂ ਫਿਰ ਮੈਂ ਜ਼ਿਆਦਾ ਸਮਾਂ ਨਾਨਕੇ ਰਹਿੰਦੀ, ਉਥੇ ਮੇਰੀਆਂ ਦੋ ਕੁਆਰੀਆਂ ਮਾਸੀਆਂ ਅਤੇ ਦੋ ਜਵਾਨ ਮਾਮੇ ਸਨ, ਜੋ ਮੈਨੂੰ ਬਹੁਤ ਪਿਆਰ ਕਰਦੇ ਤੇ ਥੋੜ੍ਹੇ ਚਿਰ ਪਿੱਛੋਂ ਆ ਕੇ ਮੈਨੂੰ ਲੈ ਜਾਂਦੇ ਸਨ। ਨਾਨਕੇ ਪਿੰਡ ਵਿੱਚ ਸਾਰੀਆਂ ਰਲ ਕੇ ਖੇਡਦੀਆਂ। ਕਦੇ ਗੁੱਡੇ-ਗੁੱਡੀ ਦਾ ਵਿਆਹ ਕਰਦੀਆਂ, ਕਦੇ ਚੋਈ (ਬਰਸਾਤੀ ਨਾਲਾ) ਦੇ ਕੰਢੇ ਪਿੱਪਲਾਂ ਉੱਤੇ ਪੀਂਘਾਂ ਪਾ ਕੇ ਝੂਟੇ ਲੈਂਦੀਆਂ। ਹੋਰ ਤਾਂ ਉਹ ਕੁਝ ਨਾ ਕਰਦੀਆਂ, ਪਰ ਇੱਕ ਦੋ ਕੰਮ ਸਾਡੇ ਲਈ ਰਾਖਵੇਂ ਸਨ। ਇੱਕ ਪਿੰਡ ਦੀ ਜੂਹ ਨਾਲ ਵਗਦੀ ਨਦੀ ਵਿੱਚੋਂ ਪਣਾ (ਚੀਕਣੀ ਮਿੱਟੀ) ਲੈ ਕੇ ਆਉਣਾ, ਜਿਸ ਨਾਲ ਬਰਸਾਤ ਆਉਣ ਤੋਂ ਪਹਿਲਾਂ ਛੱਤਾਂ ਦੀ ਲਿਪਾਈ ਕਰਦੇ ਸੀ, ਤੇ ਦੂਜਾ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਸ਼ਾਮ ਨੂੰ ਆਪਣੇ ਖੇਤਾਂ ਵਿੱਚੋਂ ਸਾਗ ਤੋੜ ਕੇ ਲੈ ਕੇ ਆਉਣਾ।
ਸਰਦੀ ਦੇ ਅਜਿਹੇ ਹੀ ਇੱਕ ਦਿਨ ਅਸੀਂ ਸਾਗ ਤੋੜਨ ਨਦੀ ਕਿਨਾਰੇ ਵਾਲੇ ਖੇਤਾਂ ਵੱਲ ਚਲੀਆਂ ਗਈਆਂ। ਸਭ ਦੇ ਖੇਤ ਨਾਲ-ਨਾਲ ਸਨ। ਸਭ ਆਪੋ ਆਪਣੇ ਖੇਤਾਂ ਵਿੱਚ ਸਾਗ ਤੋੜਨ ਲੱਗ ਪਈਆਂ। ਸਾਡਾ ਖੇਤ ਪਹੀ (ਸੜਕ) ਦੇ ਨਾਲ ਸੀ ਜਿਹੜੀ ਅੱਗੇ ਜਾ ਕੇ ਨਦੀ ਵਿੱਚ ਉਤਰ ਜਾਂਦੀ ਸੀ। ਮੈਂ ਅਜੇ ਸਾਗ ਤੋੜਨਾ ਸ਼ੁਰੂ ਕੀਤਾ ਸੀ ਕਿ ਦੂਰੋਂ ਬੰਸਰੀ ਦੀ ਆਵਾਜ਼ ਸੁਣਾਈ ਦਿੱਤੀ। ਮੈਨੂੰ ਸ਼ੁਰੂ ਤੋਂ ਸੰਗੀਤ ਦਾ ਸ਼ੌਕ ਸੀ। ਮੈਂ ਖੜ੍ਹੀ ਹੋ ਕੇ ਓਧਰ ਦੇਖਣ ਲੱਗ ਪਈ, ਜਿੱਧਰੋਂ ਆਵਾਜ਼ ਆ ਰਹੀ ਸੀ। ਇੱਕ ਆਦਮੀ ਵੱਡਾ ਸਾਰਾ ਥੈਲਾ ਪਿੱਠ ਉੱਤੇ ਲੱਦਿਆ ਹੋਇਆ ਅਤੇ ਹੱਥ ਵਿੱਚ ਬੱਕਰੀ ਦਾ ਰੱਸਾ ਫੜਿਆ ਹੋਇਆ, ਆ ਰਿਹਾ ਸੀ। ਉਹ ਬੜੀ ਮਿੱਠੀ ਆਵਾਜ਼ ਵਿੱਚ ਬੰਸਰੀ ਵਜਾ ਰਿਹਾ ਸੀ। ਘਰੇ ਔਰਤਾਂ ਨੂੰ ਗੱਲਾਂ ਕਰਦੇ ਸੁਣਿਆ ਹੋਇਆ ਸੀ ਕਿ ਅੱਜਕੱਲ੍ਹ ਬੱਚੇ ਫੜਨ ਵਾਲੇ ਆਦਮੀ ਤੁਰੇ ਫਿਰਦੇ ਹਨ, ਜਦ ਵੀ ਕਿਸੇ ਇਕੱਲੇ ਬੱਚੇ ਨੂੰ ਦੇਖਦੇ ਹਨ, ਉਸ ਨੂੰ ਫੜ ਕੇ ਥੈਲੇ ਵਿੱਚ ਬੰਦ ਕਰ ਕੇ ਲੈ ਜਾਂਦੇ ਹਨ। ਬੱਸ ਮੈਨੂੰ ਇਕਦਮ ਇਹੀ ਸੁੱਝਿਆ ਕਿ ਇਹ ਬੱਚੇ ਫੜਨ ਵਾਲਾ ਹੈ ਤੇ ਇਸ ਨੇ ਮੈਨੂੰ ਫੜ ਕੇ ਥੈਲੇ ਵਿੱਚ ਬੰਦ ਕਰ ਕੇ ਲੈ ਜਾਣਾ ਹੈ। ਮੈਂ ਡਰ ਕੇ ਉਥੋਂ ਖੇਤੋ-ਖੇਤ ਭੱਜ ਉਠੀ। ਸ਼ਾਮ ਹੋ ਚੁੱਕੀ ਸੀ। ਨੇੜੇ ਮੀਆਂਪੁਰ ਦਾ ਸਟੇਸ਼ਨ ਸੀ। ਜਦ ਮੈਨੂੰ ਗੱਡੀ ਦੀ ਸੀਟੀ ਸੁਣੀ ਤਾਂ ਪਤਾ ਲੱਗਿਆ, ਮੈਂ ਤਾਂ ਘਰ ਤੋਂ ਉਲਟ ਪਾਸੇ ਆ ਗਈ ਹਾਂ। ਉਸੇ ਤਰ੍ਹਾਂ ਫੇਰ ਪਿੱਛੇ ਭੱਜਣਾ ਸ਼ੁਰੂ ਕੀਤਾ। ਦਿਨ ਛਿਪ ਗਿਆ ਤੇ ਹਨੇਰ ਪੈ ਗਿਆ। ਪਿੰਡ ਦੇ ਵੱਡੇ ਟੋਭੇ ਕੋਲ ਪਹੁੰਚੀ ਤਾਂ ਫਿਰ ਡਰ ਗਈ। ਨਾਨੀ ਨੇ ਕਿਹਾ ਸੀ ਕਿ ਟੋਭੇ ਦੇ ਕੰਢੇ ਵਾਲੇ ਵੱਡੇ ਪਿੱਪਲ ਉੱਤੇ ਭੂਤ ਰਹਿੰਦੇ ਹਨ। ਉਦੋਂ ਹੀ ਕਿਸੇ ਜਾਨਵਰ ਨੇ ਖੰਭ ਫੜਫੜਾਏ। ਬੱਸ ਇਸ ਤੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਹੀ।
ਕੁੜੀ ਜਦ ਹਨੇਰਾ ਪਏ ਤੱਕ ਵੀ ਘਰ ਨਾ ਆਈ ਤਾਂ ਘਰ ਵਾਲਿਆਂ ਨੂੰ ਫਿਕਰ ਪੈ ਗਿਆ। ਨਾਲ ਵਾਲੀਆਂ ਕੁੜੀਆਂ ਨੂੰ ਪੁੱਛਿਆ। ਉਨ੍ਹਾਂ ਦੱਸਿਆ ਕਿ ਮੈਂ ਉਨ੍ਹਾਂ ਨਾਲ ਨਹੀਂ ਆਈ ਸਾਂ। ਮਾਮੇ ਹੋਰੀਂ ਪਿੰਡ ਦੇ ਮੁੰਡਿਆਂ ਨੂੰ ਨਾਲ ਲੈ ਕੇ ਲੱਭਣ ਤੁਰ ਪਏ। ਲੱਭਦਿਆਂ ਲੱਭਦਿਆਂ ਮੈਂ ਉਨ੍ਹਾਂ ਨੂੰ ਟੋਭੇ ਕੰਢੇ ਖੋਈ ਦੇ ਢੇਰ ਉਤੇ ਬੇਹੋਸ਼ ਪਈ ਮਿਲੀ। ਉਹ ਮੈਨੂੰ ਥਰ ਥਰ ਕੰਬਦੀ ਨੂੰ ਕੰਬਲ ਵਿੱਚ ਲਪੇਟ ਕੇ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਮਗਰੋਂ ਨਾਨੀ ਨੇ ਕਿਹਾ, ‘‘ਜਾਓ ਇਸ ਨੂੰ ਇਸ ਦੇ ਘਰ ਛੱਡ ਆਓ। ਜੇ ਇੱਥੇ ਮਰ ਗਈ ਤਾਂ ਇਨ੍ਹਾਂ ਦੇ ਬੁੜ੍ਹੇ (ਦਾਦੇ) ਨੇ ਸਾਡੀ ਜਾਨ ਨਹੀਂ ਛੱਡਣੀ।” ਰਾਤੋ ਰਾਤ ਮਾਮੇ ਹੋਰੀਂ ਮੈਨੂੰ ਘਰ ਛੱਡ ਗਏ ਤੇ ਐਵੇਂ ਕੋਈ ਮਨਘੜਤ ਜਿਹੀ ਕਹਾਣੀ ਵੀ ਸੁਣਾ ਦਿੱਤੀ।
ਉਦੋਂ ਪਿੰਡਾਂ ਵਿੱਚ ਭੂਤਾਂ ਪ੍ਰੇਤਾਂ ਵਿੱਚ ਬਹੁਤ ਅੰਧ ਵਿਸ਼ਵਾਸ ਸੀ। ਸਭ ਨੇ ਇਹ ਸੋਚ ਕੇ ਕੁੜੀ ਨੂੰ ਓਪਰੀ ਕਸਰ ਹੋ ਗਈ, ਸਿਆਣੇ ਨੂੰ ਬੁਲਾ ਲਿਆ। ਉਸ ਨੇ ਆਉਂਦਿਆਂ ਹੀ ਕਹਿ ਦਿੱਤਾ ਕਿ ਇਸ ਵਿੱਚ ਕਿਸੇ ਪ੍ਰੇਤ ਦਾ ਵਾਸਾ ਹੋ ਗਿਆ ਹੈ, ਚਿੰਤਾ ਨਾ ਕਰੋ, ਮੈਂ ਠੀਕ ਕਰ ਦਿਆਂਗਾ। ਉਸ ਨੇ ਵੱਡਾ ਸਾਰਾ ਧੂਣਾ ਬਾਲਿਅ ਤੇ ਮੰਤਰ ਪੜ੍ਹਨ ਲੱਗ ਪਿਆ। ਧੂਣੇ ਦੇ ਧੂੰਏਂ ਕਰ ਕੇ ਮੈਨੂੰ ਖੰਘ ਛਿੜ ਗਈ, ਅੱਖਾਂ ਤੋਂ ਪਾਣੀ ਆ ਗਿਆ। ਫਿਰ ਸਿਆਣੇ ਨੇ ਕਿਹਾ, ‘‘ਕੁੜੀ ਠੀਕ ਹੋ ਗਈ ਹੈ।” ਉਹ ਆਪਣੀ ਭੇਟਾ, ਜਿਸ ਵਿੱਚ 500 ਰੁਪਏ, 10 ਕਿਲੋ ਗੁੜ, ਪੰਜ ਕਿਲੋ ਦੇਸੀ ਗਿਓ, ਇੱਕ ਖੇਸੀ ਤੇ ਇੱਕ ਗੜਵਾ ਦੁੱਧ ਦਾ ਸੀ, ਲੈ ਤੁਰਿਆ। ਉਸ ਵੇਲੇ ਬਾਪੂ ਜੀ ਗਏ। ਉਹ ਦੂਰ ਕਿਤੇ ਨੌਕਰੀ ਕਰਦੇ ਸਨ। ਮਾਂ ਦੀ ਗੋਦੀ ਵਿੱਚ ਮੈਨੂੰ ਅੱਧ-ਬੇਹੋਸ਼ੀ ਦੀ ਹਾਲਤ ਵਿੱਚ ਪਈ ਦੇਖ ਕੇ ਮੇਰੇ ਮੱਥੇ ਉੱਤੇ ਹੱਥ ਰੱਖਿਆ, ਜੋ ਬਹੁਤ ਭਖ ਰਿਹਾ ਸੀ। ਉਨ੍ਹਾਂ ਝੱਟ ਮੇਰੀ ਮਾਂ ਨੂੰ ਮੈਨੂੰ ਕੰਬਲ ਵਿੱਚ ਲਪੇਟ ਕੇ ਰੋਪੜ ਚੱਲਣ ਲਈ ਕਿਹਾ। ਸਿਆਣੇ ਵਾਲੀ ਗੱਲ ਸੁਣ ਕੇ ਉਨ੍ਹਾਂ ਨੇ ਕਿਹਾ ਕਿ ਉਹ ਪਾਖੰਡੀ ਸੀ, ਜਾਓ ਫੜੋ ਉਹਨੂੰ ਜਾ ਕੇ, ਅਜੇ ਬਹੁਤੀ ਦੂਰ ਨਹੀਂ ਗਿਆ ਹੋਣਾ।
ਖੈਰ! ਡਾਕਟਰ ਨੇ ਮੁਆਇਨਾ ਕਰ ਕੇ ਕਿਹਾ, ‘‘ਬੱਚੀ ਨੂੰ ਨਿਮੋਨੀਆ ਹੋ ਗਿਆ ਹੈ, ਬੁਖਾਰ ਉਤਰਨ ਤੱਕ ਇਸ ਨੂੰ ਇੱਥੇ ਰੱਖਣਾ ਪਵੇਗਾ।” ਸ਼ਾਮ ਨੂੰ ਜਦੋਂ ਮੇਰਾ ਬੁਖਾਰ ਘੱਟ ਹੋਇਆ ਤਾਂ ਮੈਂ ਘਰ ਆਈ। ਬਾਪੂ ਜੀ ਨੇ ਸਾਰੀ ਕਹਾਣੀ ਮੇਰੇ ਕੋਲੋਂ ਤੇ ਘਰ ਵਾਲਿਆਂ ਤੋਂ ਸੁਣੀ ਤਾਂ ਦੁਖੀ ਲਹਿਜ਼ੇ ਵਿੱਚ ਕਿਹਾ, ‘‘ਦਾਦੀਆਂ ਨਾਨੀਆਂ ਛੋਟੇ ਬੱਚਿਆਂ ਨੂੰ ਜਿਹੜੀਆਂ ਭੂਤਾ ਪ੍ਰੇਤਾਂ ਦੀਆਂ ਮਨਘੜਤ ਕਹਾਣੀਆਂ ਸੁਣਾ ਕੇ ਮਾਨਸਿਕ ਤੌਰ ਉੱਤੇ ਕਮਜ਼ੋਰ ਕਰ ਦਿੰਦੀਆਂ ਹਨ, ਇਹ ਉਸੇ ਦਾ ਨਤੀਜਾ ਹੈ। ਤੁਸੀਂ ਬੱਚੇ ਨੂੰ ਕਿਸੇ ਡਾਕਟਰ ਕੋਲ ਲਿਜਾਣ ਦੀ ਥਾਂ ਪਾਖੰਡੀ ਨੂੰ ਬੁਲਾ ਲਿਆਏ। ਉਹਨੇ ਕੁੜੀ ਨੂੰ ਮਾਰ ਹੀ ਦੇਣਾ ਸੀ ਮੰਤਰ ਪੜ੍ਹ ਪੜ੍ਹ ਕੇ। ਠੰਢੇ ਪਾਣੀ ਵਿੱਚ ਸੁਆਹ ਘੋਲ ਘੋਲ ਪਿਲਾ ਕੇ ਬੱਚੇ ਨੂੰ ਨਿਮੋਨੀਆ ਕਰ ਦਿੱਤਾ।” ਫਿਰ ਉਹ ਬਿੰਦ ਕੁ ਰੁਕੇ ਤੇ ਕਹਿੰਦੇ, ‘‘...ਤੇ ਉਹ ਸਿਆਣਾ ਮੌਜ ਨਾਲ ਮੇਰੀ ਅੱਧੀ ਤਨਖਾਹ ਜਿੰਨੇ ਪੈਸੇ ਲੈ ਕੇ ਪਤਰਾ ਵਾਚ ਗਿਆ।”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ