Welcome to Canadian Punjabi Post
Follow us on

11

August 2022
ਪੰਜਾਬ

88 ਫੀਸਦੀ ਕਿਸਾਨਾਂ ਨੇ ਖੁਦਕੁਸ਼ੀ ਕਰਜ਼ਿਆਂ ਦੇ ਕਾਰਨ ਕੀਤੀ

June 24, 2022 05:25 PM

* ਸੰਗਰੂਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਤ

ਚੰਡੀਗੜ੍ਹ, 24 ਜੂਨ (ਪੋਸਟ ਬਿਊਰੋ)- ਪੰਜਾਬ ਦੇ ਕਿਸਾਨਾਂ ਵੱਲੋਂ ਕਰਜ਼ੇ ਦੇ ਕਾਰਨ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦਾ ਮੁੱਦਾ ਫਿਰ ਚਰਚਿਤ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਅਰਥਸ਼ਾਸਤਰੀਆਂ ਡਾ: ਸੁਖਪਾਲ ਸਿੰਘ, ਮਨਜੀਤ ਕੌਰ ਅਤੇ ਐਚ ਐਸ ਕਿੰਗਰਾ ਨੇ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ 2000 ਤੋਂ 2018 ਦੌਰਾਨ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਘਰ-ਘਰ ਜਾ ਕੇ ਕੀਤੇ ਸਰਵੇ ਦੇ ਆਧਾਰ ਉੱਤੇ ਤੱਥ ਇਹ ਕੌਮੀ ਪੱਧਰ ਦੇ ਰਸਾਲੇ ਵਿੱਚ ਪੇਸ਼ ਹਨ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਨੇ ਕਿਸਾਨ ਖੁਦਕੁਸ਼ੀਆਂ ਦੇ ਅੰਕੜਿਆਂ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਇਸ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਹੈ ਕਿ ਜ਼ਮੀਨੀ ਮੁਤਾਬਕ ਤਿਆਰ ਕੀਤੀ ਇਹ ਰਿਪੋਰਟ ਕਿਸਾਨੀ ਸੰਕਟ ਦੀ ਗੰਭੀਰਤਾ ਬਾਰੇ ਦੱਸਦੀ ਹੈ ਕਿ 88 ਫੀਸਦੀ ਕਿਸਾਨਾਂ ਨੇ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ।
ਮਿਲੀ ਜਾਣਕਾਰੀ ਅਨੁਸਾਰ ਪੀ ਏ ਯੂ ਮਾਹਿਰਾਂ ਦੀ ਰਿਪੋਰਟ ਅਨੁਸਾਰ ਸਾਲ 1991 ਤੋਂ 2011 ਤਕ ਦੋ ਲੱਖ ਛੋਟੇ ਕਿਸਾਨ ਖੇਤੀ ਧੰਦਾ ਹੀ ਛੱਡ ਗਏ ਹਨ। ਕਿਸਾਨ ਖੁਦਕੁਸ਼ੀਆਂ ਵਿੱਚ 2000 ਤੋਂ 2011 ਤਕ ਕੁੱਲ 2566 ਮੌਤਾਂ ਨਾਲ ਮੌਜੂਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ ਪਹਿਲੇ ਨੰਬਰ ਉੱਤੇ ਹੈ, 2098 ਨਾਲ ਮਾਨਸਾ ਦੂਸਰੇ ਤੇ 1956 ਨਾਲ ਬਠਿੰਡਾ ਤੀਜੇ ਸਥਾਨ ਉੱਤੇ ਹੈ। ਇਸ ਤੋਂ ਬਿਨਾ ਬਰਨਾਲੇ ਵਿੱਚ 1126, ਮੋਗੇ ਵਿੱਚ 880 ਅਤੇ ਲੁਧਿਆਣੇ ਵਿੱਚ 725 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਜੋ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ਉੱਤੇ ਹਨ। ਸਾਲ 2008 ਦੌਰਾਨ ਸਭ ਤੋਂ ਵੱਧ 630 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਖੁਦਕੁਸ਼ੀਆਂ ਕਰ ਗਏ 77 ਫੀਸਦੀ ਕਿਸਾਨ ਛੋਟੇ ਅਤੇ ਦਰਮਿਆਨੇ ਦਰਜੇ ਦੇ ਸਨ। ਵੱਡੇ ਕਿਸਾਨਾਂ ਵਿੱਚ ਖੁਦਕੁਸ਼ੀ ਦਾ ਅੰਕੜਾ 0.47 ਫੀਸਦੀ ਹੈ। ਇਸ ਰਿਪੋਰਟ ਮੁਤਾਬਕ 75 ਫੀਸਦੀ ਕਰਜ਼ਾ ਖੇਤੀ ਉਤਪਾਦਨ ਜਾਂ ਮਸ਼ੀਨੀਕਰਨ ਲਈ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸੈਕਟਰੀ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਇਹ ਰਿਪੋਰਟ ਉਨ੍ਹਾਂ ਲੀਡਰਾਂ ਨੂੰ ਜਵਾਬ ਹੈ, ਜਿਹੜੇ ਕਹਿੰਦੇ ਹਨ ਕਿ ਘਰੇਲੂ ਕਲੇਸ਼ ਕਾਰਨ ਖੁਦਕੁਸ਼ੀਆਂ ਹੁੰਦੀਆਂ ਹਨ, ਕਿਉਂਕਿ ਸਰਵੇ ਅਨੁਸਾਰ 88 ਫੀਸਦੀ ਖੁਦਕੁਸ਼ੀਆਂ ਕਰਜ਼ੇ ਕਰ ਕੇ ਹੋਈਆਂ ਹਨ, ਜਿਸ ਵਿੱਚ ਘਰੇਲੂ ਕਲੇਸ਼ 17.18 ਫੀਸਦੀ, ਫਸਲ ਦਾ ਖਰਾਬਾ 8.32 ਫੀਸਦੀ, ਬਿਮਾਰੀ 6.27 ਫੀਸਦੀ ਅਤੇ ਜ਼ਮੀਨ ਕੁਰਕੀ 3.83 ਫੀਸਦੀ ਖੁਦਕੁਸ਼ੀ ਦਾ ਕਾਰਨ ਰਿਹਾ। ਖੁਦਕੁਸ਼ੀਆਂ ਕਰਨ ਵਾਲੇ 75 ਫੀਸਦੀ (19 ਤੋਂ 35 ਸਾਲ) ਕਿਸਾਨ ਨੌਜਵਾਨ ਸਨ ਅਤੇ ਇਨ੍ਹਾਂ ਵਿੱਚੋਂ 75 ਫੀਸਦੀ ਅਨਪੜ ਜਾਂ ਪ੍ਰਾਇਮਰੀ ਤਕ ਪੜ੍ਹੇ ਸਨ।

Have something to say? Post your comment