Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਮਾਂ ਦੀਆਂ ਵਾਲੀਆਂ

June 22, 2022 04:22 PM

-ਮੋਹਨ ਸ਼ਰਮਾ
ਪੰਜਾਬ ਦੀ ਬੌਧਿਕ, ਆਰਥਿਕ, ਮਾਨਸਿਕ ਅਤੇ ਸਮਾਜਿਕ ਮੰਦਹਾਲੀ ਦਾ ਜ਼ਿਕਰ ਕਰਦਿਆਂ ਮਰਹੂਮ ਲਿਖਾਰੀ ਜਸਵੰਤ ਸਿੰਘ ਕੰਵਲ ਨੇ ਲਿਖਿਆ ਸੀ, ‘‘ਸਾਡੇ ਰੰਗਲੇ ਪੰਜਾਬ ਨੂੰ ਗੋਡਿਆਂ ਭਾਰ ਤਲਵਾਰਾਂ ਤੇ ਰਾਈਫਲਾਂ ਨੇ ਨਹੀਂ ਕੀਤਾ ਸਗੋਂ ਸਿਗਰਟਾਂ, ਸ਼ਰਾਬ ਦੀਆਂ ਦੀ ਬੋਤਲਾਂ ਅਤੇ ਢਾਈ-ਤਿੰਨ ਇੰਚ ਦੀਆਂ ਚਿੱਟੇ ਨਾਲ ਭਰੀਆਂ ਸਰਿੰਜਾਂ ਨੇ ਕੀਤਾ ਹੈ।'' ਸੱਚਮੁੱਚ ਪੰਜਾਬ ਦੀ ਹਾਲਤ ਡਿਗੰੂ ਡਿਗੂੰ ਕਰਦੀ ਉਸ ਹਵੇਲੀ ਵਰਗੀ ਹੈ ਜਿਸ ਦੀਆਂ ਦਰਾੜਾਂ ਭਰਨ ਪਿੱਛੋਂ ਰੰਗ ਰੋਗਨ ਕਰਕੇ ਉਸ ਉਤੇ ਮੋਟੇ ਅੱਖਰਾਂ ਵਿੱਚ ‘ਰੰਗਲੀ ਹਵੇਲੀ' ਲਿਖ ਕੇ ਰਾਹਗੀਰਾਂ ਨੂੰ ਭਰਮਾਇਆ ਜਾ ਰਿਹਾ ਹੋਵੇ। ਨਸ਼ਿਆਂ ਦੇ ਕਹਿਰ ਕਾਰਨ ਪੰਜਾਬ ਵਿੱਚ ਵਿਕਾਸ ਤੇ ਸਿਰਜਣਾਤਮਕ ਸ਼ਕਤੀਆਂ ਦੀਆਂ ਪੁਲਾਂਘਾਂ ਨੂੰ ਜੂੜ ਪੈ ਗਿਆ ਹੈ। ਕਿਤੇ ਨਸ਼ੇ ਦੀ ਓਵਰਡੋਜ਼ ਨਾਲ ਖੋਲ਼ੇ ਵਿੱਚ ਪਈ ਲਾਸ਼, ਕਿਤੇ ਨਸ਼ੇ ਦਾ ਟੀਕਾ ਲਾਉਂਦੇ ਦੀ ਗੁਸਲਖਾਨੇ ਵਿੱਚ ਮੌਤ, ਕਿਤੇ ਇਕਲੌਤੇ ਪੁੱਤ ਦੀ ਲਾਸ਼ ਉੱਤੇ ਪੱਥਰਾਂ ਨੂੰ ਰੁਆਉਣ ਵਾਲੇ ਕੀਰਨੇ ਪਾਉਂਦੀ ਬੇਵਸ ਮਾਂ, ਕਿਤੇ ਨਸ਼ੇ ਕਾਰਨ ਮਾਰੇ ਗਏ ਨੌਜਵਾਨ ਦੀ ਮੌਤ ਤੇ ਮਾਸੂਮ ਬੱਚਾ ਲਾਸ਼ ਨੂੰ ਹਲੂਣਦਿਆਂ ਕਹਿੰਦਾ ਹੈ-‘‘ਪਾਪਾ, ਮੈਨੂੰ ਸਕੂਲ ਛੱਡ ਆਉ।''
ਨਸ਼ਿਆਂ ਦੇ ਇਸ ਕਹਿਰ ਨੇ ਅਨੇਕ ਘਰਾਂ ਦੇ ਚਿਰਾਗ ਬੁਝਾ ਦਿੱਤੇ, ਸੱਥਰਾਂ ਉੱਤੇ ਪਸਰੀ ਚੁੱਪ ਵਿੱਚ ਇਹ ਪ੍ਰਸ਼ਨ ਸੁਲਗ ਰਿਹਾ ਹੈ ਕਿ ਇਹ ਕਿਹੋ ਜਿਹਾ ‘ਵਿਕਾਸ' ਹੈ ਜਿਸ ਕਾਰਨ ਪੰਜਾਬ ਦੀ ਜਵਾਨੀ ਸਿਵਿਆਂ ਦੇ ਰਾਹ ਪੈ ਗਈ ਹੈ। ਖੂਨ ਦੇ ਹੰਝੂ ਕੇਰਦੇ ਮਾਪੇ ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਲਈ ਮਜ਼ਬੂਰ ਹਨ। ਘਰਾਂ ਦੇ ਠੰਢੇ ਚੁੱਲ੍ਹਿਆਂ ਦੇ ਖਲੇਪੜ ਲਹਿ ਰਹੇ ਹਨ। ਜਵਾਨੀ ਦੇ ਕਿਰਤ ਵਾਲੇ ਹੱਥ ਚੇਨ ਝਪਟੀ, ਪਰਸ ਖੋਹਣ, ਚੋਰੀਆਂ, ਠੱਗੀਆਂ ਕਰਕੇ ਨਸ਼ਿਆਂ ਦਾ ਝੱਸ ਪੂਰਾ ਕਰ ਰਹੇ ਹਨ-ਇੱਥੋਂ ਤੱਕ ਕੇ ਕੁਆਰੇ ਨਸ਼ੱਈ ਨੌਜਵਾਨ ਕੁਝ ਪੈਸਿਆਂ ਦੀ ਪ੍ਰਾਪਤੀ ਲਈ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਆਪਣੇ ਆਪ ਨੂੰ ਵਿਆਹਿਆਂ ਦੱਸ ਕੇ ਨਸਬੰਦੀ ਆਪਰੇਸ਼ਨ ਕਰਵਾ ਰਹੇ ਹਨ। ਰੋਜ਼ ਜੁਰਮ ਦੀਆਂ ਵਾਰਦਾਤਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰ ਰਹੇ ਹਨ ਅਤੇ ਜੇਲ੍ਹਾਂ ਵਿੱਚ ਨੌਜਵਾਨ ਹਵਾਲਾਤੀਆਂ ਦੀ ਗਿਣਤੀ ਵਧ ਰਹੀ ਹੈ।
ਨਸ਼ਾ ਛੁਡਾਊ ਕੇਂਦਰ ਦੇ ਮੁੱਖੀ ਵਜੋਂ ਸੇਵਾ ਕਰਦਿਆਂ ਹਰ ਰੋਜ਼ ਨਸ਼ੱਈਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਵਾਹ ਪੈਂਦਾ ਹੈ। ਅਨੁਭਵ ਦੇ ਆਧਾਰ ਉੱਤੇ ਲਿਖ ਰਿਹਾ ਹਾਂ-ਨਸ਼ੱਈ ਖਲਨਾਇਕ ਨਹੀਂ, ਪੀੜਤ ਹਨ। ਇਨ੍ਹਾਂ ਨੂੰ ਪੀੜਤ ਸਮਝ ਕੇ ਜੇ ਦੁਆ ਤੇ ਦਵਾ ਦੇ ਸੁਮੇਲ ਨਾਲ ਇਲਾਜ ਕਰੀਏ ਤਾਂ ਸਾਰਥਿਕ ਨਤੀਜੇ ਮਿਲ ਸਕਦੇ ਹਨ। ਦੂਜੇ ਪਾਸੇ ਨਸ਼ਿਆਂ ਦੀ ਮਾਰ ਝੱਲਦੇ ਪੋਟਾ ਪੋਟਾ ਦੁਖੀ ਮਾਪਿਆਂ ਦੇ ਦਰਦ ਅਤੇ ਹਮਦਰਦੀ ਅਤੇ ਅਪਣੱਤ ਦਾ ਫੇਹਾ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਦੀ ਚਿਹਰਿਆਂ ਉੱਤੇ ਛਾਈ ਘੋਰ ਉਦਾਸੀ, ਮੁਰਝਾਇਆ ਚਿਹਰਾ, ਚਿਹਰੇ ਉੱਤੇ ਉਕਰੀ ਸੋਗੀ ਇਬਾਰਤ ਅਤੇ ਅਕਹਿ ਦਰਦ ਦਾ ਪ੍ਰਗਟਾਵਾ ਸਹਿਜੇ ਹੀ ਹੋ ਜਾਂਦਾ ਹੈ।
ਪਿਛਲੇ ਦਿਨੀਂ ਇੱਕ ਮਾਈ ਆਪਣੇ ਨਸ਼ੱਈ ਪੁੱਤ ਨੂੰ ਲੈ ਕੇ ਆਈ। ਪੁੱਤ ਨੂੰ ਕੌਂਸਲਿੰਗ ਲਈ ਨਾਲ ਦੇ ਕਮਰੇ ਵਿੱਚ ਭੇਜਣ ਮਗਰੋਂ ਹਮਦਰਦ ਵਜੋਂ ਮੈਂ ਮਾਈ ਦੀ ਦੁਖਦੀ ਰਗ਼ ਛੇੜ ਲਈ। ਮਾਈ ਦਾ ਝੁਰੜੀਆਂ ਭਰਿਆ ਚਿਹਰਾ ਹੰਝੂਆਂ ਨਾਲ ਭਰ ਗਿਆ। ਆਪ ਮੁਹਾਰੇ ਪਰਲ ਪਰਲ ਵਹਿੰਦੇ ਹੰਝੂ ਦੇਖ ਕੇ ਆਪਣਾ ਆਪ ਵਲੂੰਧਰਿਆ ਗਿਆ। ਉਹ ਹਟਕੋਰੇ ਭਰਦੀ ਦੱਸ ਰਹੀ ਸੀ, ‘‘ਕਿਹਦੇ ਕੋਲ ਮਨ ਹੌਲਾ ਕਰਾਂ ਪੁੱਤ! ਮੁੰਡੇ ਨੇ ਕੱਖੋਂ ਹੌਲੇ ਕਰ ਦਿੱਤਾ ਸਾਨੂੰ। ਇਹਦਾ ਬਾਪ ਇਸੇ ਦੁੱਖ ਵਿੱਚ ਪਿਛਲੇ ਸਾਲ ਮਰ ਗਿਆ। ਇਹਨੂੰ ਕੋਈ ਲਹੀ-ਚੜ੍ਹੀ ਦੀ ਨਹੀਂ। ਦੋ ਕਿੱਲੇ ਜ਼ਮੀਨ ਸੀ, ਉਹ ਨਸ਼ੇ ਡੱਫਣ ਕਾਰਨ ਫੂਕ ਦਿੱਤੀ। ਇਹਦੀ ਘਰਵਾਲੀ ਬਾਹਲੀ ਸਿਆਣੀ ਸੀ, ਉਹਦੀ ਸਿਆਣਪ ਵੀ ਇਹਨੇ ਪੈਰਾਂ ਵਿੱਚ ਰੋਲ ਦਿੱਤੀ। ਨਸ਼ੇ ਲੈਣ ਲਈ ਉਹਤੋਂ ਪੈਸੇ ਮੰਗਦਾ ਰਹਿੰਦਾ। ਉਹ ਦੇ ਨਾਂਹ ਵਿੱਚ ਜਵਾਬ ਦੇਣ ਉੱਤੇ ਉਹਦੀ ਕੁੱਟ-ਮਾਰ ਕਰਦਾ। ਉਹਨੇ ਇਹਦੇ ਪਿੱਛੇ ਆਪਣੀ ਸੋਨੇ ਵਰਗੀ ਦੇਹ ਗਾਲ ਲਈ। ਅਖ਼ੀਰ ਨੂੰ ਆਪਣੇ ਦੋਨੋਂ ਜਵਾਕਾਂ ਨੂੰ ਨਾਲ ਲੈ ਕੇ ਛੇ ਮਹੀਨਿਆਂ ਤੋਂ ਪੇਕੀ ਬੈਠੀ ਐ। ਮੇਰੇ ਉੱਤੇ ਵੀ ਹੱਥ ਚੁੱਕ ਲੈਂਦੇ।''ਫਿਰ ਉਹਨੇ ਚੁੰਨੀ ਦੇ ਲੜ ਨਾਲ ਹੰਝੂ ਪੂੰਝਦਿਆਂ ਗੱਲ ਅੱਗੇ ਤੋਰੀ,‘‘ਪੁੱਤ, ਘਰ ਦੀ ਹਰ ਚੀਜ਼ ਵੇਚ ਦਿੱਤੀ ਇਹਨੇ। ਬਹੂ ਦੇ ਗਹਿਣੇ, ਪੇਟੀ ਦਾ ਸਮਾਨ ਸੋਫਾ ਸੈਟ, ਫਰਿਜ, ਸਿਲਾਈ ਮਸ਼ੀਨ, ਸਭ ਲੇਖੇ ਲਾ ਦਿੱਤਾ। ਘਰ ਦੇ ਤਖ਼ਤੇ, ਖ਼ਿੜਕੀਆਂ ਵੀ ਲਾਹ ਕੇ ਵੇਚ ਦਿੱਤੀਆਂ। ਭਰਿਆ-ਭਕੁੰਨਿਆ ਘਰ ਖੰਡਰ ਬਣਿਆ ਪਿਐ। ਬਹੁੂ ਤਾਂ ਇਹਨੂੰ ਛੱਡ ਗਈ, ਮੈਂ ਮਾਂ ਹਾਂ, ਇਹਨੂੰ ਛੱਡ ਕੇ ਕਿੱਥੇ ਜਾਵਾਂ? ਮੈਂ ਕੋਈ ਜਿਊਂਦਿਆਂ ਵਿੱਚ ਥੋੜ੍ਹੀ ਆਂ? ਰੋਜ਼ ਅਰਦਾਸ ਕਰਦੀ ਹਾਂ-ਰੱਬਾ! ਮੇਰੇ ਉੱਤੇ ਪੜਦਾ ਪਾ ਦੇ..। ਕਦੇ ਕਦੇ ਤਾਂ ਜੀਅ ਕਰਦੈ, ਖੂਹ-ਖਾਤਾ ਗੰਦਾ ਕਰ ਦੇਵਾਂ..।''
ਕਮਰੇ ਵਿੱਚ ਸੰਨਾਟਾ ਛਾ ਗਿਆ। ਮਾਈ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ। ਮੇਰੇ ਹੌਸਲੇ ਵਾਲੇ ਸ਼ਬਦ ਵੀ ਉਹਦੀ ਹਾਲਤ ਸਾਹਮਣੇ ਊਣੇ ਸਨ। ਫਿਰ ਮਾਈ ਨੇ ਕੁੜਤੀ ਦੇ ਗੀਝੇ ਵਿੱਚੋਂ ਕੱਢ ਕੇ ਆਪਣੇ ਕੰਨਾਂ ਦੀਆਂ ਵਾਲੀਆਂ ਮੇਰੇ ਮੇਜ਼ ਉੱਤੇ ਰੱਖ ਦਿੱਤੀਆਂ,‘‘ਬੱਸ ਮੇਰੇ ਕੋਲ ਇਹੀ ਕੁਝ ਬਚਿਐ ਪੁੱਤ! ਇਹ ਵੀ ਪਤਾ ਨੀਂ ਕਿਵੇਂ ਇਹਤੋਂ ਲੁਕੋ ਕੇ ਰੱਖੀਆਂ। ਮੇਰੇ ਕੋਲ ਇਲਾਜ ਲਈ ਪੈਸੇ ਤਾਂ ਹੈ ਨਹੀਂ, ਇਹ ਵਾਲੀਆਂ ਰੱਖ ਲਵੋ।'' ਮੈਂ ਮੇਜ਼ ਤੋਂ ਵਾਲੀਆਂ ਚੁੱਕੀਆਂ, ਕੁਰਸੀ ਤੋਂ ਖੜ੍ਹੇ ਹੋ ਕੇ ਡਾਢੀ ਅਪਣੱਤ ਅਤੇ ਸਤਿਕਾਰ ਨਾਲ ਮਾਈ ਦੇ ਦੋਨੋਂ ਝੁਰੜੀਆਂ ਭਰ ਹੱਥ ਘੁੱਟ ਕੇ ਫੜ ਲਏ, ਫਿਰ ਉਹਦੀ ਤਲੀ ਉੱਤੇ ਵਾਲੀਆਂ ਰੱਖਦਿਆਂ ਕਿਹਾ,‘‘ਮਾਤਾ, ਤੂੰ ਇਹ ਵਾਲੀਆਂ ਕੰਨਾਂ ਵਿੱਚ ਪਾ ਲੈ। ਅਸੀਂ ਵਾਲੀਆਂ ਲਾਹੁਣ ਵਾਲੇ ਨਹੀਂ, ਪਾਉਣ ਵਾਲੇ ਹਾਂ। ਤੇਰੇ ਪੁੱਤ ਨੂੰ ਹਰ ਹਾਲਤ ਵਿੱਚ ਨਸ਼ਾ ਮੁਕਤ ਕਰਕੇ ਚੰਗਾ ਇਨਸਾਨ ਬਣਾ ਕੇ ਭੇਜਾਂਗੇ।'' ਇਨ੍ਹਾਂ ਬੋਲਾਂ ਨਾਲ ਮਾਈ ਦੇ ਝੁਰੜੀਆਂ ਭਰੇ ਚਿਹਰੇ ਉੱਤੇ ਮੁਸਕੁਰਾਹਟ ਆ ਗਈ।
ਮਾਈ ਦੀਆਂ ਅਸੀਸਾਂ ਦੇ ਵਰ੍ਹਦੇ ਮੀਂਹ ਵਿੱਚ ਮੈਂ ਅੰਤਾਂ ਦਾ ਸਕੂਨ ਮਹਿਸੂਸ ਕਰ ਰਿਹਾ ਸੀ।

Have something to say? Post your comment