ਓਟਵਾ, 21 ਜੂਨ (ਪੋਸਟ ਬਿਊਰੋ) : ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਰਟੀ ਦੇ ਲੀਡਰ ਦੇ ਅਹੁਦੇ ਲਈ ਐਨਡੀਪੀ ਤੇ ਲਿਬਰਲ ਵੋਟਰ ਉਨ੍ਹਾਂ ਨੂੰ ਬਿਹਤਰ ਉਮੀਦਵਾਰ ਮੰਨਦੇ ਹਨ।
ਲੈਜਰ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਵਿੱਚ ਇਹ ਪਾਇਆ ਗਿਆ ਸੀ ਕਿ ਐਨਡੀਪੀ ਤੇ ਲਿਬਰਲ ਵੋਟਰਾਂ ਵੱਲੋਂ ਲੀਡਰਸਿ਼ਪ ਦੇ ਅਹੁਦੇ ਲਈ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਤੇ ਬ੍ਰਾਊਨ ਦਾ ਪੱਖ ਪੂਰਿਆ ਜਾ ਰਿਹਾ ਹੈ ਜਦਕਿ ਕੰਜ਼ਰਵੇਟਿਵ ਵੋਟਰਾਂ ਵੱਲੋਂ ਓਟਵਾ ਤੋਂ ਐਮਪੀ ਪਿਏਰ ਪੌਲੀਏਵਰ ਨੂੰ ਇਸ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਬੀਤੇ ਦਿਨੀਂ ਹੈਮਿਲਟਨ ਚੈਪਟਰ ਆਫ ਦ ਮੈਕਡੌਨਲਡ ਕਾਰਟੀਅਰ ਕਲੱਬ ਦੇ ਮੁੱਖ ਬੁਲਾਰੇ ਬ੍ਰਾਊਨ ਨੇ ਬ੍ਰੇਕਫਾਸਟ ਮੀਟਿੰਗ ਵਿੱਚ ਆਖਿਆ ਕਿ ਜੇ ਪਾਰਟੀ ਸੰਜ਼ੀਦਗੀ ਨਾਲ ਸੱਤਾ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਵੋਟਰ ਬੇਸ ਦਾ ਪਸਾਰ ਕਰਨਾ ਹੋਵੇਗਾ।ਤੁਹਾਨੂੰ ਲਿਬਰਲਾਂ ਤੇ ਐਨਡੀਪੀ ਦੀਆਂ ਵੋਟਾਂ ਚੋਰੀ ਕਰਨੀਆਂ ਹੋਣਗੀਆਂ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਜੀਟੀਏ ਤੇ ਹੈਮਿਲਟਨ ਵਿੱਚ ਜਿੱਤ ਸਕਦੇ ਹਾਂ। ਸਾਨੂੰ ਬੱਸ ਇਸ ਵਾਰੀ ਥੋੜ੍ਹਾ ਅਲੱਗ ਢੰਗ ਨਾਲ ਕੁੱਝ ਕਰਨਾ ਹੋਵੇਗਾ। ਪਹਿਲਾਂ ਵਾਲੀ ਪਹੁੰਚ ਅਪਨਾਉਣ ਨਾਲ ਕੁੱਝ ਨਹੀਂ ਸੰਵਰਨ ਵਾਲਾ। ਇਹ ਕਾਰਗਰ ਨਹੀਂ ਹੋਵੇਗੀ।
ਬ੍ਰਾਊਨ ਨੇ ਆਖਿਆ ਕਿ ਉਹ ਲਿਬਰਲ ਤੇ ਐਨਡੀਪੀ ਗੱਠਜੋੜ ਨੂੰ ਚੁਣੌਤੀ ਦੇਣ ਲਈ ਇਨਫਰਾਸਟ੍ਰਕਚਰ ਦਾ ਨਿਰਮਾਣ ਕਰ ਰਹੇ ਹਨ। ਬ੍ਰਾਊਨ ਨੇ ਇਹ ਵੀ ਆਖਿਆ ਕਿ ਪੌਲੀਏਵਰ ਪਾਰਟੀ ਦਾ ਵਿਕਾਸ ਨਹੀਂ ਕਰ ਸਕਦੇ।ਤੁਹਾਨੂੰ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੁੰਦਾ ਹੈ। ਇਸ ਤੋਂ ਲੱਗਦਾ ਹੈ ਕਿ ਅਸੀਂ ਉਨ੍ਹਾਂ ਲਈ ਲੜਾਂਗੇ।