Welcome to Canadian Punjabi Post
Follow us on

11

August 2022
ਨਜਰਰੀਆ

ਲਾਇਬਰੇਰੀ, ਵਿਦਿਆਰਥੀ ਤੇ ਮੈਂਬਰਸ਼ਿਪ

June 19, 2022 05:39 PM

-ਡਾਕਟਰ ਦਵਿੰਦਰ ਕੌਰ
ਲਾਇਬਰੇਰੀਆਂ ਅਧਿਐਨ ਕਰਨ ਲਈ ਸ਼ਾਂਤ ਖੇਤਰ ਪੇਸ਼ ਕਰਦੀਆਂ ਹਨ। ਓਥੇ ਹਜ਼ਾਰਾਂ ਕਿਤਾਬਾਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿਚਦੀਆਂ ਹਨ। ਵਿਦਿਆਰਥੀਆਂ ਨੂੰ ਫਰਸ ਤੋਂ ਅਰਸ਼ ਉੱਤੇ ਪੁਚਾਉਣ ਵਿੱਚ ਲਾਇਬਰੇਰੀ ਦੀ ਭੂਮਿਕਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦੀ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੀਆਂ ਲਾਇਬਰੇਰੀਆਂ ਸੀਮਿਤ ਲੋਕਾਂ ਦੇ ਪੜ੍ਹਨ ਲਈ ਹੋ ਸਕਦੀਆਂ ਹਨ, ਪਰ ਸਵਾਲ ਇਹ ਹੈ ਕਿ ਅਸੀਂ ਆਪਣੀ ਉੱਚ ਡਿਗਰੀ ਤੱਕ ਸਿੱਖਿਆ ਇਨ੍ਹਾਂ ਅਦਾਰਿਆਂ ਵਿੱਚੋਂ ਲੈ ਕੇ ਜਦੋਂ ਫਿਰ ਉਨ੍ਹਾਂ ਵੱਲ ਮੂੰਹ ਕਰਦੇ ਹਾਂ ਤਾਂ ਇਹ ਅਦਾਰੇ ਬਿਨਾਂ ਕਿਸੇ ਮੈਂਬਰਸ਼ਿਪ ਸਾਨੂੰ ਅਪਣਾਉਣ ਤੋਂ ਮੁਨਕਰ ਕਿਉਂ ਹੋ ਜਾਂਦੇ ਹਨ। ਮੈਂ ਖੁਦ ਮੈਂਬਰਸ਼ਿਪ ਦੀ ਥਾਂ ਬੇਨਤੀ ਪੱਤਰ ਲਿਖ ਕੇ ਕੁਝ ਸਮਾਂ ਲਾਇਬਰੇਰੀ ਵਿੱਚ ਬੈਠਣ ਦੀ ਆਗਿਆ ਮੰਗੀ ਤਾਂ ਮੈਨੂੰ ਬੇਨਤੀ ਪੱਤਰਾਂ ਵਿੱਚ ਇਸ ਤਰ੍ਹਾਂ ਉਲਝਾਇਆ ਗਿਆ ਕਿ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਾ ਟੁੱਟੀ, ਭਾਵ ਨਾ ਕੋਈ ਲਾਇਬਰੇਰੀ ਵਿੱਚ ਆਵੇ ਤੇ ਨਾ ਵਿਅਕਤੀਗਤ ਪੱਧਰ ਉੱਤੇ ਉੱਚਾ ਉਠੇ ਅਤੇ ਆਖਰ ਵਿੱਚ ਕੁੱਲ ਮਿਲਾ ਕੇ ਮਸਲਾ ਖਹਿੜਾ ਛੁਡਾਉਣ ਦਾ ਬਣਿਆ।
ਇਸ ਪ੍ਰਸੰਗ ਵਿੱਚ ਇੱਕ ਗੱਲ ਚੇਤੇ ਆ ਗਈ। ਸਾਡੇ ਘਰ ਰਸੋਈ ਵਿੱਚ ਪਈ ਛੋਲਿਆਂ ਦੀ ਦਾਲ ਨੂੰ ਢੋਰਾ ਲੱਗ ਗਿਆ। ਮੇਰੀ ਮਾਂ ਨੇ ਸਾਰਾ ਦਿਨ ਦਾਲ ਧੁੱਪ ਵਿੱਚ ਰੱਖ ਛੱਡੀ। ਧੁੱਪੇ ਪਿਆਂ ਢੋਰੇ ਨੇ ਦਾਲ ਦਾ ਖਹਿੜਾ ਆਪਣੇ ਆਪ ਛੱਡ ਦਿੱਤਾ। ਦਾਲ ਸਾਫ ਕਰ ਕੇ ਫਿਰ ਰਸੋਈ ਵਿੱਚ ਰੱਖ ਦਿੱਤੀ। ਮੈਂ ਮੁੱਦੇ ਉੱਤੇ ਆਉਂਦੀ ਹਾਂ। ਸਰਕਾਰ ਤੇ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਬੇਨਤੀ ਹੈ ਕਿ ਲਾਇਬਰੇਰੀਆਂ ਦੇ ਦਰਵਾਜ਼ੇ ਖੋਲ੍ਹੋ, ਲਾਇਬਰੇਰੀਆਂ ਦੀਆਂ ਮੈਂਬਰਸ਼ਿਪਾਂ ਮਹਿੰਗੀਆਂ ਨੇ। ਜੇ ਵਿਚਾਰਾਂ ਨੂੰ ਨਵੀਨਤਾ ਦੇਣੀ ਹੈ, ਸਭਿਅਕ ਸਮਾਜ ਦੀ ਉਸਾਰੀ ਕਰਨੀ ਹੈ, ਢੋਰੇ ਤੋਂ ਬਚਾਉਣਾ ਹੈ ਤਾਂ ਲਾਇਬਰੇਰੀਆਂ ਦੇ ਦਰਵਾਜ਼ੇ ਖੋਲ੍ਹਣੇ ਪੈਣਗੇ, ਨਹੀਂ ਤਾਂ ਜਿਹੜੀ ਹਵਾ ਸੂਬੇ ਵਿੱਚ ਚੱਲ ਰਹੀ ਹੈ, ਸਣੇ ਬੀਬੀਆਂ ਹੱਥਾਂ ਵਿੱਚ ਤਬਾਹਕੁੰਨ ਵਸਤਾਂ ਆਉਣ ਲਈ ਬਹੁਤ ਵਕਤ ਨਹੀਂ ਲੱਗਣਾ ਕਿਉਂਕਿ ਸਮਾਜ ਦਾ ਬੇੜਾ ਗਰਕ ਕਰਨ ਵਾਲੇ ਕਾਰਕੁਨ ਬਿਨਾਂ ਮੈਂਬਰਸ਼ਿਪ ਦੇ ਹੱਥਾਂ ਵਿੱਚ ਹਥਿਆਰ ਫੜਾ ਕੇ ਸਿਰੇ ਦੇ ਨਸ਼ੱਈ ਬਣਾਉਣ ਲਈ ਕਾਹਲੇ ਬੈਠੇ ਹਨ। ਘਰ ਵਿੱਚ ਮਾਂ-ਬਾਪ ਨੇ ਬੱਚੇ ਨੂੰ ਰੋਟੀ ਦੇਣ ਲਈ ਕਦੇ ਕਿਸੇ ਬੇਨਤੀ ਪੱਤਰ ਜਾਂ ਮੈਂਬਰਸ਼ਿਪ ਕਾਰਡ ਦੀ ਮੰਗ ਨਹੀਂ ਕੀਤੀ। ਫਿਰ ਯੂਨੀਵਰਸਿਟੀਆਂ ਵਰਗੇ ਵੱਡੇ ਸਿੱਖਿਆ ਅਦਾਰਿਆਂ ਨੂੰ ਆਪਣੇ ਉਸ ਵਿਦਿਆਰਥੀ, ਜੋ ਸਿੱਖਿਆ ਪੂਰੀ ਕਰ ਚੁੱਕੇ ਹਨ, ਲਈ ਬੇਭਰੋਸਗੀ ਕਿਵੇਂ ਪੈਦਾ ਹੋ ਗਈ? ਬੀ ਏ, ਐੱਮ ਏ, ਐੱਮ ਫਿਲ, ਪੀ ਐੱਚ ਡੀ ਤੱਕ ਪੜ੍ਹਾਈ ਬਹੁਤ ਸਾਰੀਆਂ ਫੀਸਾਂ ਦੀ ਅਦਾਇਗੀ ਨਾਲ ਕੀਤੀ ਜਾਂਦੀ ਹੈ। ਇੰਨਾ ਸਭ ਕਰਨ ਦੇ ਬਾਅਦ ਵੀ ਜੇ ਤੁਸੀਂ ਲਾਇਬਰੇਰੀ ਵਿੱਚ ਪੜ੍ਹਨ ਜਾਣਾ ਹੈ ਤਾਂ ਫਿਰ ਤੋਂ ਤੁਹਾਨੂੰ ਹਜ਼ਾਰਾਂ ਰੁਪੱਈਆਂ ਵਿੱਚ ਮੈਂਬਰਸ਼ਿਪ ਫੀਸ ਦੀ ਅਦਾਇਗੀ ਕਰਨ ਪਿੱਛੋਂ ਹੀ ਲਾਇਬਰੇਰੀ ਦਾ ਦਰਵਾਜ਼ਾ ਲੰਘਣ ਦਿੱਤਾ ਜਾਂਦਾ ਹੈ।
ਬੇਰੁਜ਼ਗਾਰੀ ਦੇ ਝੰਬੇ ਵਿਦਿਆਰਥੀ ਮਾਂ-ਮਹਿਟਰਾਂ ਵਾਂਗ ਦਰ-ਬ-ਦਰ ਭਟਕਦੇ ਹਨ। ਭਲੇ ਸਮਿਆਂ ਵਿੱਚ ਭਰਤੀ ਕੀਤੇ ਕੁਰਸੀ ਉੱਤੇ ਬੈਠੇ/ਬੈਠੀਆਂ ਨਕਲੀ ਏ ਕਲਾਸ ਅਫਸਰ ਬਿਨਾਂ ਮੈਂਬਰੀ ਕਾਰਡ ਵਿਦਿਆਰਥੀਆਂ ਨੂੰ ਲਾਇਬਰੇਰੀ ਵਿੱਚੋਂ ਠਿੱਠ ਕਰ ਕੇ ਬਾਹਰ ਕੱਢਣ ਵਿੱਚ ਕਸਰ ਨਹੀਂ ਛੱਡਦੇ। ਇਹ ਕੁਰਸੀਆਂ ਉਪਰ ਬੈਠ ਕੇ ਨਿੱਜੀ ਰੰਜਿਸ਼ਾਂ ਕੱਢਣ ਵਿੱਚ ਮਸ਼ਰੂਫ ਹਨ। ਲਾਇਬਰੇਰੀਆਂ ਵਿੱਚ ਰਹਿੰਦਿਆਂ ਇਨ੍ਹਾਂ ਦੇ ਤੰਗ ਦਿਮਾਗਾਂ ਨੂੰ ਜੰਗ ਲੱਗਾ ਪਿਆ ਹੈ। ਮੇਰੇ ਅਤੇ ਮੇਰੇ ਵਰਗੇ ਕਈ ਹੋਰ ਵਿਦਿਆਰਥੀਆਂ ਕੋਲ ਪੰਜ ਦਸ ਹਜ਼ਾਰ ਰੁਪਈਏ ਨਹੀਂ ਹਨ, ਮੈਂਬਰਸ਼ਿਪ ਲੈਣ ਲਈ। ਬੇਰੁਜ਼ਗਾਰੀ ਦੇ ਮਾਰਿਆਂ ਨੂੰ ਇੰਨੇ ਪੈਸੇ ਦੇਖਣੇ ਨਸੀਬ ਨਹੀਂ ਹੁੰਦੇ ਤੇ ਫਿਰ ਮੈਂਬਰਸ਼ਿਪਾਂ! ਅਫਸਰਾਂ ਦਾ ਕਹਿਣਾ ਹੈ, ਇੰਨੇ ਪੈਸੇ ਖਰਚਣ ਤੋਂ ਬਾਅਦ ਹੀ ਸਾਨੂੰ ਲਾਇਬਰੇਰੀਆਂ ਵਿੱਚ ਇੱਜ਼ਤ ਨਾਲ ਬੈਠ ਕੇ ਪੜ੍ਹਨ ਦੇਣਗੇ। ਬਿਨਾਂ ਮੈਂਬਰਸ਼ਿਪ ਲਾਇਬਰੇਰੀਆਂ ਵਿੱਚ ਬੈਠਿਆਂ ਨੂੰ ਉਠਾ ਦਿੱਤਾ ਜਾਂਦਾ ਹੈ। ਮਹਿਸੂਸ ਹੁੰਦਾ ਹੈ ਕਿ ਅਹੁਦਿਆਂ ਉੱਤੇ ਬੈਠੇ ਅਫਸਰ ਹੱਥਾਂ ਵਿੱਚੋਂ ਕਲਮਾਂ ਖੋਹ ਕੇ ਮਾਰੂ ਵਸਤਾਂ ਫੜਾਉਣ ਨੂੰ ਤਿਆਰ ਬੈਠੇ ਹਨ। ਇਸ ਪਾਸੇ ਧਿਆਨ ਦੇਣਾ ਪਵੇਗਾ ਕਿਉਂਕਿ ਦਾਲ ਨੂੰ ਨਿੱਕਾ ਜਿਹਾ ਢੋਰਾ ਖੋਖਲਾ ਕਰ ਦਿੰਦਾ ਹੈ, ਨੌਜਵਾਨ ਪੀੜ੍ਹੀ ਨੂੰ ਕਈ ਢੋਰੇ ਖੋਖਲੇ ਕਰਨ ਲਈ ਬਾਹਾਂ ਖਲਾਰੀ ਆਪਣੇ ਵੱਲ ਆਵਾਜ਼ਾਂ ਮਾਰ ਰਹੇ ਹਨ। ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਨਿੱਜੀ ਵਿਕਾਸ ਲਈ ਨਵੇਂ ਕੋਰਸ ਚਲਾਏ ਜਾਂਦੇ ਹਨ। ਖੋਜ ਉੱਚੀ ਤੇ ਮਿਆਰੀ ਬਣਾਉਣ ਲਈ ਪਹਿਲਕਦਮੀਆਂ ਕਰ ਕੇ ਨਵੀਆਂ ਯੋਜਨਾਵਾਂ ਨੂੰ ਸਿਰੇ ਚਾੜ੍ਹਿਆ ਜਾ ਰਿਹਾ ਹੈ। ਸਰਕਾਰ ਵੀ ਸਭਿਅਕ ਸਮਾਜ ਦੀ ਉਸਾਰੀ ਹਿੱਤ ਕਈ ਕੰਮ ਆਰੰਭਦੀ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕਰ ਕੇਨਵਾਂ ਉਤਸ਼ਾਹ ਭਰਿਆ ਜਾਵੇ। ਸਮਾਜ ਵਿੱਚ ਰਹਿੰਦਿਆਂ ਵਿਚਾਰਾਂ ਵਿੱਚ ਨਵੀਨਤਾ ਲਿਆਉਣੀ ਜ਼ਰੂਰੀ ਹੈ। ਆਸ ਕਰਦੀ ਹਾਂ ਕਿ ਲਾਇਬਰੇਰੀਆਂ ਬਿਨਾਂ ਮਹਿੰਗੀ ਮੈਂਬਰਸ਼ਿਪ ਦੇ ਆਸ ਤੇ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਲਈ ਵੀ ਖੁੱਲ੍ਹਣਗੀਆਂ।

Have something to say? Post your comment