Welcome to Canadian Punjabi Post
Follow us on

19

March 2024
 
ਟੋਰਾਂਟੋ/ਜੀਟੀਏ

ਤੂਫਾਨ ਕਾਰਨ ਓਨਟਾਰੀਓ ਤੇ ਕਿਊਬਿਕ ਵਿੱਚ ਹੋਇਆ ਭਾਰੀ ਨੁਕਸਾਨ, 8 ਵਿਅਕਤੀਆਂ ਦੀ ਹੋਈ ਮੌਤ

May 23, 2022 12:08 AM

ਓਨਟਾਰੀਓ, 22 ਮਈ (ਪੋਸਟ ਬਿਊਰੋ) : ਮਈ ਦੇ ਲਾਂਗ ਵੀਕੈਂਡ ਉੱਤੇ ਓਨਟਾਰੀਓ ਦੇ ਦੱਖਣੀ ਹਿੱਸੇ ਤੇ ਕਿਊਬਿਕ ਵਿੱਚ ਆਏ ਖਤਰਨਾਕ ਤੂਫਾਨ ਕਾਰਨ ਘੱਟੋ ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਲੋਕਾਂ ਨੂੰ ਬਿਨਾਂ ਬਿਜਲੀ ਦੇ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਕਈ ਕਮਿਊਨਿਟੀਜ਼ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਅਜੇ ਵੀ ਕਈ ਥਾਂਵਾਂ ਉੰਤੇ ਡਿੱਗੇ ਹੋਏ ਰੁੱਖਾਂ ਤੇ ਬਿਜਲੀ ਦੇ ਖੰਭਿਆਂ ਨੂੰ ਹਟਾਉਣ ਦਾ ਕੰਮ ਜਾਰੀ ਹੈ। ਇਸ ਤੂਫਾਨ ਕਾਰਨ ਓਟਵਾ ਵਿੱਚ ਖਾਸਤੌਰ ਉੱਤੇ ਭਾਰੀ ਨੁਕਸਾਨ ਹੋਇਆ, ਕਈ ਰੀਜਨਜ਼ ਵਿੱਚ ਤਾਂ ਇਸ ਕਲੀਨ-ਅੱਪ ਦੇ ਕੰਮ ਨੂੰ ਚਾਰ ਦਿਨਾਂ ਦਾ ਸਮਾਂ ਵੀ ਲੱਗ ਸਕਦਾ ਹੈ। ਐਤਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਟਵਾ ਦੇ ਮੇਅਰ ਜਿੰਮ ਵਾਟਸਨ ਨੇ ਆਖਿਆ ਕਿ ਇਹ ਬਹੁਤ ਮੁਸ਼ਕਲ 24 ਘੰਟੇ ਰਹੇ। ਉਨ੍ਹਾਂ ਆਖਿਆ ਕਿ ਚੁਣੌਤੀਆਂ ਦੇ ਬਾਵਜੂਦ ਉਹ ਸਾਰਿਆਂ ਨੂੰ ਆਪਣਾ ਰੁਖ ਸਕਾਰਾਤਮਕ ਰੱਖਣ ਦੀ ਅਪੀਲ ਕਰਦੇ ਹਨ।

ਤੇਂਜ਼ ਹਵਾਵਾਂ ਕਾਰਨ ਕਈ ਰੁੱਖ ਡਿੱਗਣ ਨਾਲ ਓਨਟਾਰੀਓ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਿਊਬਿਕ ਵਿੱਚ ਇੱਕ ਮਹਿਲਾ ਦੀ ਮੌਤ ਉਸ ਸਮੇਂ ਹੋਈ ਜਦੋਂ ਓਟਵਾ ਰਿਵਰ ਵਿੱਚ ਬੋਟ ਚਲਾਉਂਦੇ ਸਮੇਂ ਤੂਫਾਨ ਆਉਣ ਕਾਰਨ ਉਸ ਦੀ ਬੋਟ ਪਲਟ ਗਈ।ਐਤਵਾਰ ਦੁਪਹਿਰ ਨੂੰ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਸੀ। ਦਰਹਾਮ ਦੇ ਐਮਰਜੰਸੀ ਅਮਲੇ ਨੂੰ ਗਾਨਾਰਾਸਕਾ ਦੇ ਜੰਗਲਾਂ ਵਿੱਚ ਇੱਕ ਵਿਅਕਤੀ ਮਿਲਿਆ, ਰੁੱਖ ਡਿੱਗਣ ਕਾਰਨ ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।ਪੋਰਟ ਹੋਪ, ਓਨਟਾਰੀਓ ਦੀ ਇੱਕ ਮਹਿਲਾ ਵੀ ਰੁੱਖ ਡਿੱਗਣ ਕਾਰਨ ਮੌਕੇ ਉੱਤੇ ਹੀ ਦਮ ਤੋੜ ਗਈ। ਇਹ ਜਾਣਕਾਰੀ ਓਪੀਪੀ ਨੇ ਦਿੱਤੀ। ਨੌਰਥ ਕਵਾਰਥਾ ਟਾਊਨਸਿ਼ਪ ਵਿੱਚ ਇੱਕ ਘਰ ਉੱਤੇ ਰੁੱਖ ਡਿੱਗਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਓਟਵਾ ਦੇ ਪੱਛਮ ਵੱਲ ਗ੍ਰੇਟਰ ਮਾਡਾਵਾਸਕਾ ਵਿੱਚ ਇੱਕ 44 ਸਾਲਾ ਵਿਅਕਤੀ ਦੀ ਮੌਤ ਇਸ ਤੂਫਾਨ ਵਿੱਚ ਫਸਣ, ਬਰੈਂਪਟਨ ਵਿੱਚ ਸੈਰ ਉੱਤੇ ਗਈ ਇੱਕ 70 ਸਾਲਾ ਮਹਿਲਾ ਦੀ ਮੌਤ ਹੋ ਗਈ, ਓਟਵਾ ਵਿੱਚ ਗੌਲਫ ਕੋਰਸ ਵਿੱਚ ਇੱਕ 59 ਸਾਲਾ ਵਿਅਕਤੀ ਦੀ ਮੌਤ ਹੋ ਗਈ ਤੇ ਵਾਟਰਲੂ ਰੀਜਨ ਵਿੱਚ ਪਾਈਨਹਰਸਟ ਲੇਕ ਨੇੜੇ ਕੈਂਪਿੰਗ ਟਰੇਲਰ ਵਿੱਚ ਇੱਕ ਵਿਅਕਤੀ ਤੂਫਾਨ ਕਾਰਨ ਮਾਰਿਆ ਗਿਆ।

ਸਿਟੀ ਆਫ ਓਟਵਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਈ ਇਲਾਕਿਆਂ ਵਿੱਚ ਸੜਕਾਂ ਤੇ ਸਾਈਡਵਾਕਜ਼ ਉੱਤੇ ਰੁੱਖ ਡਿੱਗ ਜਾਣ ਕਾਰਨ ਭਾਰੀ ਨੁਕਸਾਨ ਹੋਇਆ ਹੈ।ਹਾਈਡਰੋ ਓਟਵਾ ਦਾ ਕਹਿਣਾ ਹੈ ਕਿ 200 ਤੋਂ ਵੀ ਵੱਧ ਹਾਈਡਰੋ ਪੋਲਜ਼ ਨੂੰ ਤੂਫਾਨ ਕਾਰਨ ਨੁਕਸਾਨ ਪਹੁੰਚਿਆ ਹੈ। ਸਿਸਟਮ ਆਪਰੇਸ਼ਨਜ਼ ਤੇ ਗਿ੍ਰੱਡ ਆਟੋਮੇਸ਼ਨ ਦੇ ਡਾਇਰੈਕਟਰ ਜੋਸਫ ਮੁਗਲੀਆ ਨੇ ਦੱਸਿਆ ਕਿ ਕੁੱਝ ਹਾਈਡਰੋ ਪੋਲਜ਼ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਕੰਮ ਵਿੱਚ ਲਿਆਂਦਾ ਜਾਵੇਗਾ ਪਰ ਬਹੁਤੇ ਪੋਲ ਨਵੇਂ ਲਾਉਣੇ ਪੈਣਗੇ ਕਿਉਂਕਿ ਉਨ੍ਹਾਂ ਦੀ ਮੁਰੰਮਤ ਨਹੀਂ ਹੋ ਸਕਦੀ।

ਹਾਈਡਰੋ ਓਟਵਾ ਅਨੁਸਾਰ ਇਸ ਸਮੇਂ 170,285 ਲੋਕ ਬਿਨਾਂ ਬਿਜਲੀ ਦੇ ਗੁਜ਼ਾਰਾ ਕਰਨ ਲਈ ਮਜਬੂਰ ਹਨ ਤੇ ਹਾਈਡਰੋ ਕਿਊਬਿਕ ਅਨੁਸਾਰ 370,000 ਕਸਟਮਰਜ਼ ਨੂੰ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰਨਾ ਪੈ ਰਿਹਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ