Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਸੇਵਾ ਨੂੰ ਸਨਮਾਨ

May 22, 2022 05:23 PM

-ਜਸਵਿੰਦਰ ਸੁਰਗੀਤ
ਪੰਝੀ ਕੁ ਸਾਲ ਪੁਰਾਣੀ ਗੱਲ ਹੈ। ਦਸੰਬਰ ਦੀ ਇੱਕ ਠੰਢੀ ਸਵੇਰ ਨੂੰ ਅਜੇ ਅਸੀਂ ਚਾਹ ਪਾਣੀ ਪੀ ਕੇ ਕੰਮ ਸ਼ੁਰੂ ਕਰਨਾ ਹੀ ਸੀ ਕਿ ਸਕੂਲ ਦੇ ਮੁੱਖ ਗੇਟ ਤੋਂ ਦਸ ਬਾਰਾਂ ਬੰਦੇ ਖੇਸੀਆਂ ਦੀ ਬੁੱਕਲ ਮਾਰੀ ਆਉਂਦੇ ਨਜ਼ਰ ਪਏ। ਉਹ ਸਿੱਧੇ ਸਾਡੇ ਵੱਲ ਆ ਰਹੇ ਸਨ।‘‘ਇਹ ਨੀ ਇੱਥੇ ਕੰਜਰਖਾਨਾ ਚੱਲਣ ਦੇਣਾ।'' ਸਾਡੇ ਨੇੜੇ ਆਉਂਦਿਆਂ ਉਨ੍ਹਾਂ ਵਿੱਚੋਂ ਇੱਕ ਬੋਲਿਆ। ਅਸੀਂ ਡੌਰ ਭੌਰ ਹੋ ਗਏ। ਸਮਝ ਨਾ ਆਏ, ਇਹ ਕਹਿ ਕੀ ਰਹੇ ਨੇ।
‘‘ਬਾਈ ਜੀ, ਗੱਲ ਤਾਂ ਦੱਸੋ, ਕੀ ਹੋ ਗਿਆ?'' ਸਾਡੇ ਵਿੱਚੋਂ ਇੱਕ ਜਣਾ ਬੋਲਿਆ।
“ਨਾ ਸੋਨੂ ਕਾਹਨੂੰ ਪਤੈ।” ਅਸੀਂ ਸਾਰੇ ਹੈਰਾਨ, ਪ੍ਰੇਸ਼ਾਨ ਹੋਏ ਬੋਲੇ।
‘‘ਬਾਈ ਜੀ, ਤੁਹਾਨੂੰ ਕੋਈ ਗ਼ਲਤਫਹਿਮੀ ਹੋਗੀ। ਅਸੀਂ ਤਾਂ ਇੱਥੇ ਕੈਂਪ ਲਾਉਣ ਆਏ ਆਂ।''
‘‘ਨਾ ਅੱਧੀ ਅੱਧੀ ਰਾਤ ਤੱਕ ਇੱਥੇ ਕਿਹੜਾ ਕੈਂਪ ਲਗਦੈ।''
‘‘ਇਉਂ ਨੇ ਅਸੀਂ ਇੱਥੇ ਚੱਲਣ ਦੇਣਾ।''
‘‘ਹੋਰ ਸੁਣ ਲੈ, ਨਛੱਤਰ ਸਿਆਂ, ਰਾਤ ਨੂੰ ਕਹਿੰਦੇ ਇਹ ਮੁੰਡੇ, ਕੁੜੀਆਂ `ਕੱਠੇ ਈ ਨੱਚੀ ਨੁੱਚੀ ਗਏ ਐ।'' ਉਹਦੇ ਨਾਲ ਦੇ ਨੇ ਨਛੱਤਰ ਨੂੰ ਹੁੱਝ ਲਾਈ।
ਬੁਝਾਰਤ ਸਾਡੇ ਸਮਝ ਆ ਗਈ ਸੀ। ਰਾਤ ਮੁੰਡੇ ਕੁੜੀਆਂ ਦੇ ਸਾਂਝੇ ਪ੍ਰੋਗਰਾਮ ਨੂੰ ਉਨ੍ਹਾਂ ਕੰਜਰਖਾਨਾ ਕਰਾਰ ਦਿੱਤਾ ਸੀ। ਇੰਨੇ ਨੂੰ ਸਾਡੇ ਪ੍ਰੋਗਰਾਮ ਅਫਸਰ ਆ ਗਏ। ਅਸੀਂ ਉਨ੍ਹਾਂ ਦੇ ਧਿਆਨ ਵਿੱਚ ਸਾਰੀ ਗੱਲ ਲਿਆਂਦੀ। ਪ੍ਰੋਫੈਸਰ ਸਾਹਿਬ ਨੇ ਉਨ੍ਹਾਂ ਨੂੰ ਪਿਆਰ ਨਾਲ ਸਾਰੀ ਗੱਲ ਸਮਝਾਈ। ਉਹ ਵਾਪਸ ਚਲੇ ਤਾਂ ਗਏ, ਪਰ ਉਨ੍ਹਾਂ ਦੇ ਮੱਥੇ ਪਏ ਵੱਟ ਪੂਰੀ ਤਰ੍ਹਾਂ ਸਮਤਲ ਨਹੀਂ ਹੋਏ ਸਨ।
ਇੱਕ ਵਾਰ ਸਾਡਾ ਸਭ ਦਾ ਮਨ ਖਰਾਬ ਹੋ ਗਿਆ। ਫਿਰ ਅਸੀਂ ਕੰਮ ਵਿੱਚ ਰੁੱਝ ਗਏ। ਹੌਲੀ ਹੌਲੀ ਸਾਡੇ ਮਨਾਂ ਤੋਂ ਘਟਨਾ ਦਾ ਪ੍ਰਭਾਵ ਉਤਰਦਾ ਗਿਆ। ਸਵੇਰੇ ਸਵੱਖਤੇ ਉਠਦੇ। ਨਹਾਉਂਦੇ, ਧੋਂਦੇ। ਰੋਟੀ-ਟੁੱਕ ਤਿਆਰ ਕਰਦੇ ਅਤੇ ਫਿਰ ਕਹੀਆਂ ਕਸੀਏ ਚੁੱਕ ਕੰਮਜੁਟ ਜਾਂਦੇ। ਕੰਮ ਕਰਦਿਆਂ ਹਾਸਾ ਠੱਠਾ ਚਲਦਾ ਰਹਿੰਦਾ। ਸ਼ਰਾਰਤਾਂ ਨਿਰਵਿਘਨ ਚਲਦੀਆਂ। ਮੁੰਡੇ ਕੁੜੀਆਂ ਭੱਜ ਭੱਜ ਕੰਮ ਕਰਦੇ। ਜਦੋਂ ਕੰਮ ਕਰਦੇ ਥੱਕ ਜਾਂਦੇ ਤਾਂ ਧਰਤੀ ਉੱਤੇ ਪਲਾਥੀਆਂ ਮਾਰ ਜਹਾਨ ਭਰ ਦੀਆਂ ਗੱਲਾਂ ਵਿੱਚ ਰੁੱਝ ਜਾਂਦੇ। ਸ਼ਾਮ ਨੂੰ ਕੰਮ ਸਮਾਪਤ ਕਰਕੇ ਨਾਹ ਧੋ ਕੇ ਤਰੋਤਾਜ਼ਾ ਹੋ ਜਾਂਦੇ। ਰਾਤ ਦੇ ਰੰਗਾਰੰਗ ਪ੍ਰੋਗਰਾਮ ਦੀ ਤਿਆਰੀ ਵਿੱਚ ਰੁੱਝ ਜਾਂਦੇ। ਗੀਤ ਸੰਗੀਤ ਚਲਦਾ। ਦਿਨ ਭਰ ਦੇ ਕਾਮਿਆਂ ਵਿੱਚੋਂ ਕੋਈ ਸਰਦੂਲ ਸਿਕੰਦਰ, ਕੋਈ ਹੰਸ ਰਾਜ ਹੰਸ ਤੇ ਕੋਈ ਗੁਰਦਾਸ ਮਾਨ ਬਣ ਬਹਿੰਦਾ। ਭਰ ਸਿਆਲ ਵਿੱਚ ਅੱਧੀ ਅੱਧੀ ਰਾਤ ਤੱਕ ਅਖਾੜਾ ਮਘਦਾ ਰਹਿੰਦਾ। ਪਿੰਡ ਦੇ ਲੋਕ ਵੀ ਕੰਨ ਬਣ ਕੇ ਬੈਠੇ ਰਹਿੰਦੇ।
ਸਵੇਰੇ ਉਠ ਕੇ ਫਿਰ ਅਸੀਂ ਕੰਮ ਉੱਤੇ ਸਵਾਰ ਹੋ ਜਾਂਦੇ। ਤੀਜੇ ਚੌਥੇ ਦਿਨ ਹੀ ਸਕੂਲ ਮੂੰਹੋਂ ਬੋਲਣ ਲੱਗ ਪਿਆ। ਹੌਲੀ ਹੌਲੀ ਸਾਡੇ ਕੀਤੇ ਕੰਮ ਦੀ ਖ਼ੁਸ਼ਬੂ ਪਿੰਡ ਵਿੱਚ ਮਹਿਕਣ ਲੱਗੀ।
‘‘ਊਂ ਮੱਘਰ ਸਿਆਂ, ਇਨ੍ਹਾਂ ਪਾੜ੍ਹਿਆਂ ਆਇਆਂ ਨੂੰ ਆਪਣੇ ਪਿੰਡ ਅੱਜ ਚਾਰ-ਪੰਜ ਦਿਨ ਹੋਗੇ, ਆਪਾਂ ਕੋਈ ਚੰਗੀ ਮਾੜੀ ਗੱਲ ਸੁਣੀ ਨੀ ਅਜੇ ਤੱਕ ਇਨ੍ਹਾਂ ਦੀ।'' ਖੁੰਢ ਉੱਤੇ ਬੈਠਾ ਜੈਲਾ ਬੋਲਿਆ।
‘‘ਜਮ੍ਹਾਂ ਸਹੀ ਗੱਲ ਐ, ਤੇ ਹੋਰ ਸੁਣ ਲੈ, ਕੱਲ੍ਹ ਜਦ ਮੈਂ ਆਪਣੀ ਨਿਆਈਂ ਵੰਨੀ ਗੇੜਾ ਮਾਰਨ ਗਿਆ ਤਾਂ ਮੈਂ ਦੇਖਿਆ, ਸਕੂਲ ਇਨ੍ਹਾਂ ਨੇ ਵਿਆਹ ਆਲੇ ਘਰ ਵਾਂਗੂੰ ਸਜਾਇਆ ਪਿਐ, ਤੇ ਜਿਹੜੀ ਕੰਧ ਢਹੀ ਪਈ ਸੀ ਚੜ੍ਹਦੇ ਵੰਨੀਓਂ, ਉਹ ਵੀ ਪਤੰਦਰਾਂ ਨੇ ਨਵੀਂ ਕੱਢੀ ਪਈ ਐ। ਇਹ ਤਾਂ ਪਤੰਦਰ ਭੂਤਾਂ ਵਾਂਗੂੰ ਕੰਮ ਕਰਦੇ ਐ।'' ਸੁਰਜੀਤ ਹੈਰਾਨੀ ਨਾਲ ਕਿੰਨਾ ਹੀ ਚਿਰ ਬੋਲੀ ਗਿਆ।
‘‘ਤੇ ਆਪਣੇ ਨਛੱਤਰ ਹੁਰੀਂ ਐਵੇਂ ਪਿੰਡ ਵਿੱਚ ਲਾਅਲਾ-ਲਾਅਲਾ ਕਰੀ ਜਾਂਦੇ ਐ।'' ਕੋਲੋ ਬੈਠੇ ਮੱਦੀ ਨੇ ਆਪਣੀ ਹਾਜ਼ਰੀ ਲੁਆਈ।
‘‘ਲਾਅਲਾ, ਲਾਅਲਾ ਕੀ, ਉਹ ਦੋ ਵਾਰੀ ਸਰਪੰਚ ਦੇ ਘਰੇ ਵੀ ਜਾ ਆਇਆ, ਅਖੇ, ਇਨ੍ਹਾਂ ਦਾ ਕੈਂਪ ਬੰਦ ਕਰਾਓ। ਉਹਨੂੰ ਪੁੱਛਣਾ ਹੋਵੇ, ਜੇ ਉਹ ਰਾਤ ਨੂੰ ਗੌਣ ਪਾਣੀ ਕਰ ਵੀ ਲੈਂਦੇ ਐ, ਤੇਰਾ ਇਹਦੇ ਵਿੱਚ ਕੀ ਘਸਦੈ।'' ਪਿੰਡ ਦਾ ਕੋਈ ਗੱਭਰੂ ਬੋਲਿਆ।
ਫਿਰ ਸਾਡੇ ਸਾਹਮਣੇ ਪਿੰਡ ਦੀ ਪੁਰਾਣੀ ਪੱਕੀ ਧਰਮਸ਼ਾਲਾ ਨੂੰ ਢਾਹੁਣ ਦਾ ਟੀਚਾ ਸੀ, ਜਿਹੜੀ ਕਿਸੇ ਵੀ ਸਮੇਂ ਆਪੇ ਡਿੱਗ ਕੇ ਨੁਕਸਾਨ ਕਰ ਸਕਦੀ ਸੀ। ਕੰਮ ਔਖਾ ਸੀ, ਪਰ ਸਾਡੇ ਜਨੂਨ ਸਾਹਮਣੇ ਇਹਦਾ ਕੀ ਜ਼ੋਰ! ਤੀਜੇ ਚੌਥੇ ਦਿਨ ਧਰਮਸ਼ਾਲਾ ਮਲਬਾ ਬਣੀ ਗਈ। ਟਰਾਲੀਆਂ ਵਿੱਚ ਭਰ ਭਰ ਮਲਬਾ ਵੀ ਨਿਬੇੜ ਦਿੱਤਾ। ਥਾਂ ਪੱਧਰਾ ਹੋ ਗਿਆ।
ਧਰਮਸ਼ਾਲਾ ਦਾ ਭੋਗ ਪਾ ਕੇ ਫਿਰ ਅਸੀਂ ਸੌ ਦੇ ਸੌ ਜਣੇ ਪਿੰਡ ਦੀਆਂ ਗਲੀਆਂ ਵਿੱਚ ਖਿੱਲਰ ਗਏ, ਤੇ ਬਸ ਫੇਰ, ਕਿਧਰੇ ਝਾੜੂ ਵੱਜ ਰਿਹਾ ਸੀ, ਕਿੱਧਰੇ ਮਲਬਾ ਚੁੱਕਿਆ ਜਾ ਰਿਹਾ ਸੀ, ਕਿਧਰੇ ਮਾਟੋ ਲਿਖੇ ਜਾ ਰਹੇ ਸਨ, ਕਿਧਰੇ ਨਾਲੀਆਂ ਦੀ ਸਫਾਈ ਹੋਈ ਜਾਏ, ਕਿਧਰੇ ਭਰਤ ਪਈ ਜਾਵੇ, ਤੇ ਓਧਰ ਘਰਾਂ ਦੀਆਂ ਤ੍ਰੀਮਤਾਂ ਤੇ ਕੁੜੀਆਂ ਦਰਵਾਜ਼ਿਆਂ ਨਾਲ ਲੱਗ ਲੱਗ ਕੇ ਦੇਖਦੀਆਂ ਰਹਿੰਦੀਆਂ। ਕੁੜੀਆਂ, ਮੁੰਡੇ ਇਕੱਠੇ ਕੰਮ ਕਰਦੇ ਦੇਖ ਦੇਖ ਹੈਰਾਨ ਵੀ ਹੁੰਦੀਆਂ।
ਆਖ਼ਿਰ ਸਾਡੇ ਜਾਣ ਦਾ ਦਿਨ ਆ ਗਿਆ। ਸਭ ਦੇ ਮੂੰਹ ਉਤਰੇ ਹੋਏ ਸਨ, ਪਰ ਜਾਣਾ ਪੈਣਾ ਸੀ। ਅਸੀਂ ਆਪਣੀ ਸਾਰੀ ਤਿਆਰੀ ਕਰਕੇ ਅਜੇ ਚਾਲੇ ਪਾਉਣ ਲੱਗੇ ਸੀ ਕਿ ਦੂਰੋਂ ਧੁੰਦ ਵਿੱਚੋਂ ਸਾਨੂੰ ਕੁਝ ਬੰਦੇ ਆਉਂਦੇ ਦਿਖਾਈ ਦਿੱਤੇ।
‘‘ਸਾਨੂੰ ਪਤਾ ਲੱਗਿਆ, ਤੁਸੀਂ ਜਾਣ ਲੱਗੇ ਓਂ, ਅਸੀਂ ਆਖਿਆ, ਚਲੋ ਮਿਲ ਈ ਆਈਏ।''
‘‘ਚਲੋ, ਵਧੀਆ ਕੀਤਾ।''
ਅਸੀਂ ਉਨ੍ਹਾਂ ਦਾ ਸਵਾਗਤ ਕੀਤਾ।
‘‘ਗਾਂਹ ਵੀ ਕਦੇ ਕੈਂਪ ਲਾਉਣ ਆਉਂਗੇ?''
‘‘ਦੇਖਦੇ ਆਂ ਜੀ, ਅੱਗੇ ਕੀ ਬਣਦੈ?''
‘‘ਅਸੀਂ ਤਾਂ ਕਹਿੰਨੇ ਆਂ, ਆ ਜਾਇਓ।'' ਉਹ ਦਿਲੋਂ ਬੋਲ ਰਿਹਾ ਸੀ। ਫਿਰ ਮਹਿਸੂਸ ਕੀਤਾ, ਜਿਵੇਂ ਉਹਦਾ ਗਲਾ ਭਰ ਆਇਆ ਹੋਵੇ। ਉਹ ਕੁਝ ਪਲ ਚੁੱਪ ਰਿਹਾ, ਫਿਰ ਖੰਘੂਰਾ ਜਿਹਾ ਮਾਰ ਕੇ ਗਲਾ ਸਾਫ ਕੀਤਾ, ‘‘ਬਾਕੀ ਸਾਡਾ ਕਿਹਾ ਸੁਣਿਆ ਮਾਫ ਕਰਿਓ ਜੀ, ਅਸੀਂ ਤਾਂ ਸੋਨੂੰ ਐਵੇਂ ਗਲਤ ਸਮਝ ਬੈਠੇ ਸੀ, ਤੁਸੀਂ ਤਾਂ ਸਾਡੇ ਆਵਦੇ ਈ ਨਿੱਕਲੇ।''
..ਤੇ ਨਛੱਤਰ ਦੀਆਂ ਅੱਖਾਂ ਵਿੱਚੋਂ ਆਪ-ਮੁਹਾਰੇ ਹੰਝੂ ਵਹਿ ਤੁਰੇ।

Have something to say? Post your comment