ਮਾਂਟਰੀਅਲ, 19 ਮਈ (ਪੋਸਟ ਬਿਊਰੋ) : ਮਾਂਟਰੀਅਲ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਇੱਕ ਇਲਾਕੇ ਵਿੱਚ ਮੌਂਕੀਪੌਕਸ ਦੇ 17 ਸ਼ੱਕੀ ਮਾਮਲੇ ਪਾਏ ਜਾਣ ਤੋਂ ਬਾਅਦ ਹੈਲਥ ਵਰਕਰਜ਼ ਨੂੰ ਐਲਰਟ ਰਹਿਣ ਲਈ ਆਖਿਆ ਗਿਆ ਹੈ।
ਪਬਲਿਕ ਹੈਲਥ ਚੀਫ ਡਾ· ਮਾਇਲੀਨ ਡਰੂਇਨ ਨੇ ਵੀਰਵਾਰ ਨੂੰ ਆਖਿਆ ਕਿ ਇਹ ਸੰਕ੍ਰਮਣ ਇੱਕ ਤੋਂ ਦੂਜੇ ਵਿਅਕਤੀ ਨੂੰ ਲੱਗਦਾ ਜ਼ਰੂਰ ਹੈ ਪਰ ਦੋ ਸਟਰੇਨਜ਼ ਵਿੱਚੋਂ ਇਹ ਮੱਠੇ ਵਾਲਾ ਹੈ। ਇਹ ਵਾਇਰਸ ਨੇੜਲੇ ਸੰਪਰਕ ਤੇ ਸਾਹ ਨਾਲ ਡਿੱਗਣ ਵਾਲੇ ਨਿੱਕੇ ਨਿੱਕੇ ਛਿੱਟਿਆਂ ਕਾਰਨ ਫੈਲਦਾ ਹੈ। ਇਹ ਜਿਨਸੀ ਸਬੰਧਾਂ ਕਾਰਨ ਫੈਲਣ ਵਾਲਾ ਵਾਇਰਸ ਨਹੀਂ ਹੈ। ਪਰ ਹੁਣ ਤੱਕ ਮਾਂਟਰੀਅਲ ਏਰੀਆ ਵਿੱਚ ਸੰਕ੍ਰਮਿਤ ਹੋਏ ਵਿਅਕਤੀਆਂ ਦੇ ਹੋਰਨਾਂ ਵਿਅਕਤੀਆਂ ਨਾਲ ਜਿਨਸੀ ਸਬੰਧ ਸਨ।
ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਂਕੀਪੌਕਸ ਅਜਿਹੀ ਬਿਮਾਰੀ ਨਹੀਂ ਹੈ ਜਿਹੜੀ ਕਮਿਊਨਿਟੀ ਟਰਾਂਸਮਿਸ਼ਨ ਦੇ ਪੜਾਅ ਵਿੱਚ ਦਾਖਲ ਹੋਵੇ। ਇਸ ਵਾਇਰਸ ਵਿੱਚ ਮੂੰਹ ਤੇ ਗੁਪਤ ਅੰਗਾਂ ਵਿੱਚ ਛਾਲੇ ਪੈ ਜਾਂਦੇ ਹਨ ਜੋ ਕਿ ਦੁਖਦਾਈ ਹੁੰਦੇ ਹਨ,ਇਸ ਦੇ ਨਾਲ ਹੀ ਤੇਜ਼ ਬੁਖਾਰ, ਪਸੀਨੇ ਆਉਣਾ ਤੇ ਸਿਰ ਦਰਦ ਆਦਿ ਵੀ ਹੁੰਦਾ ਹੈ। ਪਬਲਿਕ ਹੈਲਥ ਚੀਫ ਨੇ ਆਖਿਆ ਕਿ ਸਾਡੇ ਮਾਮਲੇ ਗੰਭੀਰ ਕਿਸਮ ਦੇ ਨਹੀਂ ਹਨ। ਇਹ ਸਾਰੇ ਲੱਛਣ ਮੌਂਕੀਪੌਕਸ ਨਾਲ ਮੇਲ ਖਾਂਦੇ ਹਨ, ਜੋ ਕਿ ਇੱਕ ਵਿਲੱਖਣ ਕਿਸਮ ਦੀ ਬਿਮਾਰੀ ਹੈ ਜਿਹੜੀ ਬੁਖਾਰ, ਸਿਰਦਰਦ ਤੇ ਥਕਾਵਟ ਦੇ ਰੂਪ ਵਿੱਚ ਮੌਜੂਦ ਹੁੰਦੀ ਹੈ।ਬਹੁਤੇ ਮਰੀਜ਼ ਕੁੱਝ ਹਫਤਿਆਂ ਵਿੱਚ ਹੀ ਠੀਕ ਹੋ ਜਾਂਦੇ ਹਨ ਹਾਲਾਂਕਿ ਕੁੱਝ ਮਾਮਲਿਆਂ ਵਿੱਚ ਇਹ ਘਾਤਕ ਵੀ ਹੋ ਸਕਦੀ ਹੈ।
ਮਾਂਟਰੀਅਲ ਵਿੱਚ ਪਾਏ ਗਏ 17 ਮਾਮਲੇ ਮੌਂਕੀਪੌਕਸ ਦੇ ਹਨ ਇਸ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ ਪਰ ਯੂਰਪ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਦੀ ਆਊਟਬ੍ਰੇਕ ਪਾਏ ਜਾਣ ਤੇ ਅਮਰੀਕਾ ਵਿੱਚ ਇਸ ਦਾ ਇੱਕ ਮਾਮਲਾ, ਜੋ ਕਿ ਮਾਂਟਰੀਅਲ ਨਾਲ ਹੀ ਸਬੰਧਤ ਹੈ, ਸਾਹਮਣੇ ਆਉਣ ਤੋਂ ਬਾਅਦ ਪਬਲਿਕ ਹੈਲਥ ਨੇ ਜਾਂਚ ਦੇ ਸਾਰੇ ਪੱਖ ਖੁੱਲੇ੍ਹ ਰੱਖੇ ਹਨ।