ਮੋਰਬੀ, 19 ਮਈ (ਪੋਸਟ ਬਿਊਰੋ)- ਗੁਜਰਾਤ ਦੇ ਮੋਰਬੀ ਦੇ ਹਲਵਾੜ ਜੀ ਆਈ ਡੀ ਸੀ ਵਿੱਚ ਇੱਕ ਨਮਕ ਕਾਰਖਾਨੇ ਦੀ ਕੰਧ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰੀ ਰਾਹਤ ਕੋਸ਼ ਤੋਂ ਮ੍ਰਿਤਕ ਪਰਵਾਰਾਂ ਨੂੰ 2-2 ਲੱਖ ਦੇ ਜ਼ਖ਼ਮੀਆਂ ਨੂੰ 50-50 ਹਜ਼ਾਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਮ੍ਰਿਤਕ ਦੇਹਾਂ ਮਲਬੇ ਤੋਂ ਬਰਾਮਦ ਹੋਈਆਂ ਹਨ। ਘਟਨਾ ਕੱਲ੍ਹ ਦੁਪਹਿਰੇ 12 ਵਜੇ ਹੋਈ ਅਤੇ ਪੁਲਸ ਕੰਧ ਡਿੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਇਹ ਘਟਨਾ ਸਾਗਰ ਕੇਮ ਫੂਡ ਇੰਡਸਟਰੀ ਵਿੱਚ ਹੋਈ, ਜਿਸ ਨੂੰ ਜੀ ਆਈ ਡੀ ਸੀ ਹਲਵਾੜ ਵਿੱਚ ਦੋ ਪਲਾਟਾਂ ਵਿੱਚ ਵੰਡਿਆ ਗਿਆ ਹੈ। ਕੰਪਨੀ ਹੋਰ ਉਤਪਾਦਾਂ ਦੇ ਨਾਲ ਖਾਣ ਵਾਲਾ ਨਮਕ ਬਣਾਉਂਦੀ ਹੈ। ਸੂਬੇ ਦੇ ਕਿਰਤ ਤੇ ਰੋਜ਼ਗਾਰ ਮੰਤਰੀ ਨੇ ਕਿਹਾ ਕਿ ਦੁਖਦ ਘਟਨਾ ਹਲਵਾੜ ਉਦਯੋਗਿਕ ਖੇਤਰ ਅੰਦਰ ਸਥਿਤ ਸਮੁੰਦਰੀ ਨਮਕ ਦੀ ਫ਼ੈਕਟਰੀ ਵਿੱਚ ਹੋਈ।