ਓਨਟਾਰੀਓ, 18 ਮਈ (ਪੋਸਟ ਬਿਊਰੋ) : ਓਨਟਾਰੀਓ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਬਰੈਂਪਟਨ ਦੇ ਪੰਜ ਹਲਕਿਆਂ ਤੋਂ ਚੋਣ ਲੜ ਰਹੇ ਓਨਟਾਰੀਓ ਦੀ ਪੀਸੀ ਪਾਰਟੀ ਦੇ ਪੰਜੇ ਉਮੀਦਵਾਰਾਂ-ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬਰੈਂਪਟਨ ਸੈਂਟਰ ਤੋਂ ਚਾਰਾਮੀਨ ਵਿਲੀਅਮਜ਼, ਬਰੈਂਪਟਨ ਨੌਰਥ ਤੋਂ ਗ੍ਰਾਹਮ ਮੈਕਗ੍ਰੈਗਰ, ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ ਤੇ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ ਲਈ ਮੀਟ ਐਂਡ ਗ੍ਰੀਟ ਈਵੈਂਟ ਦਾ ਆਯੋਜਨ ਕੀਤਾ ਗਿਆ। ਜਿਸ ਦੀ ਮੇਜ਼ਬਾਨੀ ਨਵਲ ਬਜਾਜ ਵੱਲੋਂ ਕੀਤੀ ਗਈ।
ਇਸ ਮੀਟ ਐਂਡ ਗ੍ਰੀਟ ਈਵੈਂਟ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸਮਰਥਕਾਂ ਦੇ ਨਾਲ ਨਾਲ ਅਹਿਮ ਕਮਿਊਨਿਟੀ ਆਗੂਆਂ, ਕਈ ਬਿਜ਼ਨਸ ਆਰਗੇਨਾਈਜੇ਼ਸ਼ਨਜ਼,ਸੋਸ਼ਲ ਤੇ ਧਾਰਮਿਕ ਆਰਗੇਨਾਈਜੇ਼ਸ਼ਨਜ਼ ਦੇ ਮੁਖੀਆਂ ਦੇ ਨਾਲ ਨਾਲ ਮੀਡੀਆ ਮੈਂਬਰਾਂ ਨੇ ਹਿੱਸਾ ਲਿਆ। ਮੀਟ ਐਂਡ ਗ੍ਰੀਟ ਈਵੈਂਟ ਉੱਤੇ ਨਵਲ ਬਜਾਜ ਨੇ ਪੰਜੇ ਉਮੀਦਵਾਰਾਂ ਦੀ ਜਾਣ-ਪਛਾਣ ਕਰਵਾਈ ਤੇ ਦੱਸਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਪ੍ਰੋਵਿੰਸ਼ੀਅਲ ਮੁੱਦਿਆਂ ਦੀ ਜਿ਼ਆਦਾ ਸਮਝ ਹੈ,ਉਨ੍ਹਾਂ ਆਖਿਆ ਕਿ ਇਹ ਸਾਰੇ ਹੀ ਪ੍ਰੋਵਿੰਸ਼ੀਅਲ ਮੁੱਦਿਆਂ ਲਈ ਆਵਾਜ਼ ਉਠਾਉਣ ਤੋਂ ਪਿੱਛੇ ਨਹੀਂ ਹਟਣਗੇ ਤੇ ਇਹ ਯਕੀਨੀ ਬਣਾਉਣਗੇ ਕਿ ਬਰੈਂਪਟਨ ਨੂੰ ਬਿਹਤਰ ਨੁਮਾਇੰਦਗੀ ਮਿਲੇ।
ਇਨ੍ਹਾਂ ਮੁੱਦਿਆਂ ਵਿੱਚ ਬਰੈੱਪਟਨ ਵਿੱਚ ਦੂਜਾ ਹਸਪਤਾਲ ਬਣਾਉਣਾ, ਯੂਨੀਵਰਸਿਟੀ, ਹਾਈਵੇਅ, ਅਫੋਰਡੇਬਲ ਹਾਊਸਿੰਗ, ਐਜੂਕੇਸ਼ਨਲ ਇੰਸਟੀਚਿਊਟਸ ਦਾ ਨਿਰਮਾਣ ਆਦਿ ਮੁੱਖ ਤੌਰ ਉੱਤੇ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਿੱਚ ਪੀਸੀ ਪਾਰਟੀ ਦੇ ਨੁਮਾਇੰਦਿਆਂ ਨੇ ਪਿਛਲੇ 4 ਸਾਲਾਂ ਵਿੱਚ ਕਿਸ ਤਰ੍ਹਾਂ ਨਿੱਠ ਕੇ ਕੰਮ ਕੀਤਾ। ਇਹ ਤਰੱਕੀ ਇਸੇ ਤਰ੍ਹਾਂ ਜਾਰੀ ਰਹੇ ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ।
ਬਰੈਂਪਟਨ ਸਾਊਥ ਤ਼ੋਂ ਪੀਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਪ੍ਰੀਮੀਅਰ ਫੋਰਡ ਦੀ ਅਗਵਾਈ ਵਿੱਚ ਕਿਸ ਤਰ੍ਹਾਂ ਉਹ ਬਰੈਂਪਟਨ ਲਈ ਦੂਜੇ ਹਸਪਤਾਲ, ਮੈਡੀਕਲ ਯੂਨੀਵਰਸਿਟੀ, ਹਾਈਵੇਅ 413 ਦਾ ਸੁਪਨਾ ਸਾਕਾਰ ਕਰਨ ਵਿੱਚ ਕਾਮਯਾਬ ਰਹੇ ਤੇ ਇਸ ਦੇ ਨਾਲ ਹੀ ਗੈਸ ਟੈਕਸ ਨੂੰ ਘਟਾਉਣ ਵਿੱਚ ਵੀ ਸਫਲ ਰਹੇ। ਇਸ ਈਵੈਂਟ ਉੱਤੇ ਹਰਦੀਪ ਗਰੇਵਾਲ, ਪ੍ਰਭਮੀਤ ਸਰਕਾਰੀਆ, ਚਾਰਾਮੀਨ ਵਿਲੀਅਮਜ਼, ਅਮਰਜੋਤ ਸੰਧੂ ਤੇ ਗ੍ਰਾਹਮ ਮੈਕਗ੍ਰੈਗਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਬਰੈਂਪਟਨ ਦੀ ਤਰੱਕੀ ਲਈ ਪੀਸੀ ਪਾਰਟੀ ਦੇ ਉਮੀਦਵਾਰਾਂ ਦੇ ਹੱਥ ਮਜ਼ਬੂਤ ਕਰਨ ਦਾ ਹੋਕਾ ਦਿੱਤਾ।