ਓਟਵਾ, 18 ਮਈ (ਪੋਸਟ ਬਿਊਰੋ) : ਅੰਤਰਿਮ ਪਾਰਟੀ ਆਗੂ ਕੈਂਡਿਸ ਬਰਜਨ ਨੇ ਦੱਸਿਆ ਕਿ ਐਡ ਫਾਸਟ ਹੁਣ ਕੰਜ਼ਰਵੇਟਿਵ ਫਾਇਨਾਂਸ ਕ੍ਰਿਟਿਕ ਨਹੀਂ ਹੋਣਗੇ।
ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਬਰਜਨ ਨੇ ਆਖਿਆ ਕਿ ਫਾਸਟ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਫਾਇਨਾਂਸ ਕ੍ਰਿਟਿਕ ਵਜੋਂ ਆਪਣੀਆਂ ਸੇਵਾਵਾਂ ਨਹੀਂ ਦੇ ਸਕਣਗੇ। ਫਾਸਟ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਦੀ ਲੀਡਰਸਿ਼ਪ ਕੈਂਪੇਨ ਨੂੰ ਕੋ-ਚੇਅਰ ਕਰ ਰਹੇ ਹਨ। ਬੁੱਧਵਾਰ ਨੂੰ ਇਨ੍ਹਾਂ ਦੋਵਾਂ ਆਗੂਆਂ ਨੇ ਚਾਰੈਸਟ ਦੇ ਲੀਡਰਸਿ਼ਪ ਵਿਰੋਧੀ ਪਿਏਰ ਪੌਲੀਏਵਰ ਨੂੰ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਕੱਢਣ ਦੀ ਗੱਲ ਉੱਤੇ ਘੇਰਿਆ।
ਫਾਸਟ ਨੇ ਆਖਿਆ ਕਿ ਦੇਸ਼ ਵਿੱਚ ਮਹਿੰਗਾਈ ਦਰ ਵਧਣ ਕਾਰਨ ਪੌਲੀਏਵਰ ਵੱਲੋਂ ਟਿਫ ਮੈਕਲੈਮ ਨੂੰ ਨੌਕਰੀ ਤੋਂ ਕੱਢਣ ਦੀ ਗੱਲ ਕੀਤੀ ਗਈ ਹੈ ਜਿਸ ਨਾਲ ਪਾਰਟੀ ਦੀ ਆਰਥਿਕ ਮਾਮਲਿਆਂ ਵਿੱਚ ਭਰੋਸੇਯੋਗਤਾ ਨੂੰ ਢਾਹ ਲੱਗੀ ਹੈ। ਪਾਰਟੀ ਕਾਕਸ ਦੀ ਮੀਟਿੰਗ ਤੋਂ ਪਹਿਲਾਂ ਫਾਸਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਡੇ ਇੱਕ ਉਮੀਦਵਾਰ ਦੇ ਸੈਂਟਰਲ ਬੈਂਕ ਦੀ ਆਜ਼ਾਦੀ ਵਿੱਚ ਦਖਲ ਦੇਣ ਦੀ ਗੱਲ ਕੀਤੇ ਜਾਣ ਤੋਂ ਉਹ ਪਰੇਸ਼ਾਨ ਹਨ।
ਫਾਸਟ ਨੂੰ ਕੈਂਡਿਸ ਬਰਜਨ ਵੱਲੋਂ ਉਸ ਸਮੇਂ ਪਾਰਟੀ ਦਾ ਫਾਇਨਾਂਸ ਕ੍ਰਿਟਿਕ ਨਿਯੁਕਤ ਕੀਤਾ ਗਿਆ ਸੀ ਜਦੋਂ ਸਾਬਕਾ ਕ੍ਰਿਟਿਕ ਪਿਏਰ ਪੌਲੀਏਵਰ ਨੇ ਚੋਣਾਂ ਵਿੱਚ ਖੜ੍ਹੇ ਹੋਣ ਦਾ ਫੈਸਲਾ ਕੀਤਾ ਸੀ। ਬਰਜਨ ਵੱਲੋਂ ਜਲਦ ਹੀ ਨਵੇਂ ਫਾਇਨਾਂਸ ਕ੍ਰਿਟਿਕ ਦਾ ਐਲਾਨ ਕੀਤਾ ਜਾਵੇਗਾ ਤੇ ਉਨ੍ਹਾਂ ਇਹ ਵੀ ਆਖਿਆ ਕਿ ਫਾਸਟ ਅਜੇ ਵੀ ਕਾਕਸ ਦੇ ਅਹਿਮ ਮੈਂਬਰ ਹਨ।