ਬੰਗਲੌਰ, 18 ਮਈ (ਪੋਸਟ ਬਿਊਰੋ)- ਕੰਨੜ ਅਭਿਨੇਤਰੀ ਚੇਤਨਾ ਰਾਜ (21) ਦੀ ਬੰਗਲੌਰ ਵਿੱਚ ਭਾਰ ਘਟਾਉਣ ਲਈ ਸਰਜਰੀ ਦੌਰਾਨ ਮੌਤ ਹੋ ਗਈ ਹੈ। ਪੁਲਸ ਦੇ ਮੁਤਾਬਕ ਇਸ ਸਰਜਰੀ ਬਾਰੇ ਉਸ ਦੇ ਮਾਪਿਆਂ ਨੂੰ ਜਾਣਕਾਰੀ ਨਹੀਂ ਸੀ। ਉਹ ਬੰਗਲੌਰ ਦੇ ਅਬੀਗੇਰੇ ਖੇਤਰ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਮੌਤ ਸਰਜਰੀ ਦੌਰਾਨ ਹੋਈ ਹੈ।
ਚੇਤਨਾ ਦੇ ਮਾਪੇ ਸਰਜਰੀ ਦੌਰਾਨ ਡਾਕਟਰਾਂ ਉੱਤੇ ਲਾਪਰਵਾਹੀ ਵਰਤਣ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਜਰੀ ਦੌਰਾਨ ਲੋੜੀਂਦੀ ਸਮੱਗਰੀ ਦੀ ਵੀ ਘਾਟ ਸੀ। ਹਸਪਤਾਲ ਅਥਾਰਟੀ ਦਾ ਕਹਿਣਾ ਹੈ ਕਿ ਚੇਤਨਾ ਦੀ ਮੌਤ ਸਰਜਰੀ ਵੇਲੇ ਫੇਫੜਿਆਂ ਵਿੱਚ ਪਾਣੀ ਭਰਨ ਨਾਲ ਹੋਈ ਹੈ। ਚੇਤਨਾ ਰਾਜ ਨੇ ਪ੍ਰਸਿੱਧ ਲੜੀਵਾਰ ‘ਗੀਤਾ', ‘ਡੋਰੇਸਾਨੀ', ‘ਓਲਾਵੀਨਾ ਨੀਲਦਾਨਾ' ਵਿੱਚ ਕੰਮ ਕੀਤਾ ਸੀ। ਉਸ ਨੇ ਕੰਨੜ ਫਿਲਮ ‘ਹਵਾਯਾਮੀ' ਵਿੱਚ ਵੀ ਕੰਮ ਕੀਤਾ ਸੀ।ਚੇਤਨਾ ਰਾਜ ਦੇ ਪਿਤਾ ਗੋਵਿੰਦਾ ਰਾਜ ਨੇ ਦੱਸਿਆ ਉਨ੍ਹਾਂ ਦੀ ਧੀ ਨੂੰ ਸੋਮਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਦਾਖਲ ਕਰਵਾਇਆ ਗਿਆ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ, ਉਦੋਂ ਸਰਜਰੀ ਸ਼ੁਰੂ ਹੋ ਚੁੱਕੀ ਸੀ। ਸ਼ਾਮ ਤਕ ਉਸ ਦੇ ਫੇਫੜਿਆਂ ਵਿੱਚ ਪਾਣੀ ਅਤੇ ਚਰਬੀ ਭਰਨ ਕਾਰਨ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਉਨ੍ਹਾਂ ਕਿਹਾ ਕਿ ਆਈ ਸੀ ਯੂ ਵਿੱਚ ਸਹੂਲਤਾਂ ਦੀ ਘਾਟ ਸੀ। ਉਸ ਦੇ ਪਿਤਾ ਨੇ ਕਿਹਾ ਕਿ ਚੇਤਨਾ ਨੇ ਪਰਵਾਰ ਤੋਂ ਸਰਜਰੀ ਦੀ ਇਜਾਜ਼ਤ ਮੰਗੀ, ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਅਤੇ ਹਸਪਤਾਲ ਨੇ ਪਰਵਾਰ ਦੀ ਸਹਿਮਤੀ ਤੋਂ ਬਗੈਰ ਸਰਜਰੀ ਕੀਤੀ ਹੈ।