ਬਰੱਸਲਜ਼, 18 ਮਈ (ਪੋਸਟ ਬਿਊਰੋ) : ਨਾਟੋ ਦੇ ਸਕੱਤਰ ਜਨਰਲ ਜੈਨਜ਼ ਸਟੋਲਨਬਰਗ ਨੇ ਬੁੱਧਵਾਰ ਨੂੰ ਆਖਿਆ ਕਿ ਇਹ ਫੌਜੀ ਗੱਠਜੋੜ ਜਲਦ ਹੀ ਫਿਨਲੈਂਡ ਤੇ ਸਵੀਡਨ ਨੂੰ ਵੀ ਆਪਣੇ ਵਿੱਚ ਸ਼ਾਮਲ ਕਰਨ ਜਾ ਰਿਹਾ ਹੈ।ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਮੁਲਕਾਂ ਵੱਲੋਂ ਮੈਂਬਰਸਿ਼ਪ ਸਬੰਧੀ ਬੇਨਤੀ ਕੀਤੀ ਗਈ ਸੀ।
ਫਿਨਲੈਂਡ ਤੇ ਸਵੀਡਨ ਦੇ ਅੰਬੈਸਡਰਜ਼ ਵੱਲੋਂ ਨਾਟੋ ਨੂੰ ਇਸ ਸਬੰਧ ਵਿੱਚ ਰਸਮੀ ਤੌਰ ਉੱਤੇ ਸੌਂਪੀਆਂ ਗਈਆਂ ਅਰਜ਼ੀਆਂ ਤੋਂ ਬਾਅਦ ਦੋਵਾਂ ਮੁਲਕਾਂ ਦੀ ਨਾਟੋ ਵਿੱਚ ਮੈਂਬਰੀ ਲਈ ਰਾਹ ਪੱਧਰਾ ਹੋ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਯੂਕਰੇਨ ਉੱਤੇ ਚੜ੍ਹਾਈ ਕਰਨ ਵਾਲੇ ਰੂਸ ਨੇ ਦੋਵਾਂ ਦੇਸ਼ਾਂ ਨੂੰ ਧਮਕਾਇਆ ਸੀ ਕਿ ਜੇ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਉਹ ਸਖ਼ਤ ਪ੍ਰਤੀਕਿਰਿਆ ਪ੍ਰਗਟਾਵੇਗਾ।
ਸਟੋਲਨਬਰਗ ਨੇ ਆਖਿਆ ਕਿ ਉਹ ਦੋਵਾਂ ਦੇਸ਼ਾਂ ਵੱਲੋਂ ਕੀਤੀ ਗਈ ਇਸ ਤਰ੍ਹਾਂ ਦੀ ਬੇਨਤੀ ਦਾ ਸਵਾਗਤ ਕਰਦੇ ਹਨ ਕਿਉਂਕਿ ਦੋਵੇਂ ਹੀ ਦੇਸ਼ ਸਾਡੇ ਨੇੜਲੇ ਭਾਈਵਾਲ ਹਨ। ਉਨ੍ਹਾਂ ਆਖਿਆ ਕਿ ਸਾਰੇ ਭਾਈਵਾਲ ਨਾਟੋ ਦੇ ਹੋਰ ਪਸਾਰ ਦੀ ਅਹਿਮੀਅਤ ਨਾਲ ਸਹਿਮਤ ਹਨ। ਅਸੀਂ ਸਹਿਮਤ ਹਾਂ ਕਿ ਸਾਨੂੰ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਤੇ ਦੋਵਾਂ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਮੈਂਬਰੀ ਇਤਿਹਾਸਕ ਫੈਸਲਾ ਹੋਵੇਗਾ।
ਸਟੋਲਨਬਰਗ ਨੇ ਆਖਿਆ ਕਿ ਇਹ ਪਲ ਸਾਡੀ ਸਕਿਊਰਿਟੀ ਲਈ ਬਹੁਤ ਵੱਡਾ ਦਿਨ ਹੈ। ਉਨ੍ਹਾਂ ਦੇ ਨਾਲ ਫਿਨਲੈਂਡ ਤੇ ਸਵੀਡਨ ਦੇ ਅੰਬੈਸਡਰਜ਼ ਮੌਜੂਦ ਸਨ ਤੇ ਦੋਵਾਂ ਦੇਸ਼ਾਂ ਦੇ ਝੰਡੇ ਵੀ ਉਨ੍ਹਾਂ ਦੇ ਪਿੱਛੇ ਨਜ਼ਰ ਆ ਰਹੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗ ਕੀਤੀ ਹੈ ਕਿ ਨਾਟੋ ਭਾਈਵਾਲ ਰੂਸੀ ਸਰਹੱਦ ਵੱਲ ਵਧਣਾ ਬੰਦ ਕਰਨ। ਪਰ ਅਮਰੀਕਾ ਤੇ ਬ੍ਰਿਟੇਨ ਦੀ ਅਗਵਾਈ ਵਿੱਚ ਨਾਟੋ ਭਾਈਵਾਲਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਜੇ ਦੋਵਾਂ ਦੇਸ਼ਾਂ ਦੇ ਪੂਰੇ ਮੈਂਬਰ ਬਣਨ ਦਰਮਿਆਨ ਰੂਸ ਵੱਲੋਂ ਕਿਸੇ ਕਿਸਮ ਦਾ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਦੋਵਾਂ ਦੇਸ਼ਾਂ ਨੂੰ ਸਕਿਊਰਿਟੀ ਮਦਦ ਦੇਣ ਲਈ ਤਿਆਰ ਹਨ।