ਵਾਸ਼ਿੰਗਟਨ, 16 ਮਈ (ਪੋਸਟ ਬਿਊਰੋ)- ਅਮਰੀਕਾ ਦੀ ਇੱਕ ਕੇਂਦਰੀ ਨਿਆਂ ਜਿਊਰੀ ਨੇ ਪਾਕਿਸਤਾਨੀ ਮੂਲ ਦੇ ਇੱਕ ਅਮਰੀਕੀ ਪਰਵਾਰ ਨੂੰ ਇੱਕ ਪਾਕਿਸਤਾਨੀ ਔਰਤ ਤੋਂ 12 ਸਾਲਾਂ ਤਕ ਜ਼ਬਰਦਸਤੀ ਮਜ਼ਦੂਰੀ ਕਰਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ। ਜਿਊਰੀ ਨੇ ਪਰਵਾਰ ਦੇ ਮੈਂਬਰਾਂ ਜਾਹਿਦਾ ਅਮਾਨ, ਮੁਹੰਮਦ ਨੋਮਾਨ ਚੌਧਰੀ ਅਤੇ ਮੁਹੰਮਦ ਰੇਹਾਨ ਚੌਧਰੀ ਨੂੰ 12 ਸਾਲਾਂ ਤੋਂ ਵੱਧ ਸਮੇਂ ਤਕ ਪੀੜਤਾ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਦਾ ਦੋਸ਼ੀ ਪਾਇਆ। ਇਸ ਕੇਸ ਵਿੱਚ ਦੋਸ਼ੀਆਂ ਨੂੰ 5 ਤੋਂ 20 ਸਾਲ ਤਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਮਿਲੀ ਰਿਪੋਰਟ ਮੁਤਾਬਕ ਪਾਕਿਸਤਾਨੀ ਪਰਵਾਰ ਪੀੜਤਾ ਨੂੰ ਕਈ ਵਾਰ ਥੱਪੜ ਮਾਰਦਾ, ਲੱਤਾਂ ਮਾਰਦਾ ਅਤੇ ਧੱਕੇ ਦਿੰਦਾ ਸੀ। ਇੱਥੋ ਤਕ ਕਿ ਉਸ ਨੂੰ ਕਈ ਵਾਰ ਲੱਕੜੀ ਦੇ ਬੋਰਡ ਨਾਲ ਵੀ ਕੁੱਟਿਆ ਸੀ। ਇੱਕ ਮੌਕੇਔਰਤ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਪੌੜੀਆਂ ਤੋਂ ਹੇਠਾਂ ਘਸੀਟਿਆ ਗਿਆ। ਪਰਵਾਰ ਔਰਤ ਤੋਂ ਇੱਕ ਏਕੜ ਜ਼ਮੀਨਤੋਂ ਘਾਹ ਕਟਵਾਉਂਦਾ ਸੀ, ਦੋ ਮੰਜ਼ਿਲਾ ਘਰ ਦੇ ਅੰਦਰ-ਬਾਹਰ ਸਫ਼ਾਈ ਕਰਵਾਉਂਦਾ ਸੀ ਅਤੇ ਕਾਰ ਦੇ ਕਾਰਪੈਟ ਤੋਂ ਮਿੱਟੀ ਕਢਵਾਉਂਦਾ ਸੀ। ਇਸ ਪਰਵਾਰ ਉੱਤੇ ਔਰਤ ਤੋਂ ਆਪਣੇ ਘਰ ਦੇ ਸਾਹਮਣੇ ਕੰਕ੍ਰੀਟ ਦੇ ਇੱਕ ਵਾਕ-ਵੇਅ ਦਾ ਬਣਵਾਉਣ ਦਾ ਵੀ ਦੋਸ਼ ਹੈ, ਜਿਸ ਦੇ ਲਈ ਪੀੜਤਾ ਨੂੰ 80 ਪੌਂਡ ਭਾਰੇ ਸੀਮੈਂਟ ਦੇ ਬੋਰੇ ਢੋਣੇ ਪਏ।