* ਪੁਲਸ ਥਾਣਿਆਂ ਵਿੱਚ ਮੀਟਰ ਲਾਉਣ ਦੇ ਹੁਕਮ
ਚੰਡੀਗੜ੍ਹ, 13 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਬਿਜਲੀ ਖੇਤਰ ਦੇ ਸੁਧਾਰਾਂ ਲਈ ਕੱਲ੍ਹ ‘ਕੁੰਡੀ ਹਟਾਓ’ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਇਸ ਰਾਜ ਵਿੱਚ ਹਰ ਵਰ੍ਹੇ ਔਸਤ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪਾਵਰਕਾਮ ਨੂੰ ਬਿਜਲੀ ਚੋਰੀ ਰੋਕਣ ਲਈ ਸਖਤ ਕਦਮ ਉਠਾਉਣ ਦੀ ਹਦਾਇਤ ਕਰ ਦਿੱਤੀ ਹੈ, ਜਦ ਕਿ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵੀ ਪੂਰੀ ਸਿ਼ੱਦਤ ਨਾਲ ਚੱਲ ਰਹੀ ਹੈ ਅਤੇ ਇਸ ਦੀ ਹਰ ਪਾਸੇ ਚਰਚਾ ਹੈ।
ਵਰਨਣ ਯੋਗ ਹੈ ਕਿ ਪਾਵਰਕਾਮ ਨੇ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਵਿੱਚ ਇੱਕ ਧਾਰਮਿਕ ਡੇਰੇ ਵਿੱਚ ਚੱਲਦੀ ਸਿੱਧੀ ਕੁੰਡੀ ਫੜੀ ਹੈ, ਜਿੱਥੇ ਪ੍ਰਾਈਵੇਟ ਟਰਾਂਸਫਾਰਮਰ ਰੱਖ ਕੇ ਵੱਡੀ ਬਿਜਲੀ ਲਾਈਨ ਤੋਂ ਸਿੱਧੀ ਕੁੰਡੀ ਪਾਈ ਹੋਈ ਸੀ। ਇਸ ਡੇਰੇ ਵਿੱਚ 17 ਏ ਸੀ, ਸੱਤ ਗੀਜ਼ਰ, ਚਾਰ ਮੋਟਰਾਂ, 196 ਬਲਬ ਤੇ 67 ਪੱਖੇ ਫੜੇ ਗਏ ਹਨ। ਪਾਵਰਕਾਮ ਨੇ ਇਸ ਡੇਰੇ ਨੂੰ 26 ਲੱਖ ਰੁਪਏ ਦਾ ਨੋਟਿਸ ਭੇਜਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ ਐਸ ਪੀਜ਼ ਨਾਲ ਮੀਟਿੰਗ ਵਿੱਚ ਬਿਜਲੀ ਚੋਰੀ ਦਾ ਮੁੱਦਾ ਛਾਇਆ ਰਿਹਾ।ਇਸ ਮੀਟਿੰਗ ਵਿੱਚ ਪੁਲਸ ਥਾਣਿਆਂ ਵਿੱਚ ਬਿਜਲੀ ਦੀ ਸਿੱਧੀ ਕੁੰਡੀ ਚੱਲਣ ਦਾ ਮੁੱਦਾ ਵੀ ਉਠਿਆ ਜਿਸ ਬਾਰੇ ਮੁੱਖ ਮੰਤਰੀ ਕਾਫੀ ਖਫਾ ਹੋਏ ਅਤੇ ਉਨ੍ਹਾਂ ਐਸ ਐਸ ਪੀਜ਼ ਨੂੰ ਹਿਦਾਇਤਾਂ ਕੀਤੀਆਂ ਕਿ ਸਾਰੇ ਥਾਣਿਆਂ ਵਿੱਚ ਬਿਜਲੀ ਦੇ ਮੀਟਰ ਲਵਾਏ ਜਾਣ ਅਤੇ ਪੁਲਸ ਲੋਕਾਂ ਲਈ ਪਹਿਲਾਂ ਖੁਦ ਮਿਸਾਲ ਬਣੇ। ਬੀਤੇ ਦੋ ਦਿਨਾਂ ਦੌਰਾਨ ਪਾਵਰਕਾਮ ਨੇ ਪਟਿਆਲਾ ਅਤੇ ਲੁਧਿਆਣਾ ਵਿੱਚ ਪੰਜਾਬ ਪੁਲਸ ਦੇ ਤਿੰਨ ਥਾਣੇਦਾਰ ਵੀ ਬਿਜਲੀ ਚੋਰੀ ਕਰਦੇ ਫੜੇ ਹਨ।
ਪਤਾ ਲੱਗਾ ਹੈ ਕਿਪੰਜਾਬ ਵਿੱਚ ਇਸ ਵੇਲੇ ਭਿੱਖੀਵਿੰਡ ਡਵੀਜ਼ਨ ਵਿੱਚ ਸਭ ਤੋਂ ਵੱਧ ਬਿਜਲੀ ਚੋਰੀ ਹੁੰਦੀ ਹੈ ਅਤੇ ਦੂਜਾ ਨੰਬਰ ਪੱਟੀ ਡਵੀਜ਼ਨ ਦਾ ਹੈ।ਜਿਨ੍ਹਾਂ ਡਵੀਜ਼ਨਾਂ ਵਿੱਚ ਵੱਧ ਬਿਜਲੀ ਚੋਰੀ ਹੁੰਦੀ ਹੈ, ਉਨ੍ਹਾਂ ਵਿੱਚ ਜ਼ੀਰਾ, ਅੰਮ੍ਰਿਤਸਰਪੱਛਮੀ, ਅਜਨਾਲਾ, ਪਾਤੜਾਂ, ਲਹਿਰਾਗਾਗਾ, ਬਾਘਾਪੁਰਾਣਾ, ਭਗਤਾ ਭਾਈ ਕਾ, ਜਲਾਲਾਬਾਦ, ਮਲੋਟ, ਬਾਦਲ, ਸਿਟੀ ਬਰਨਾਲਾ, ਫਿਰੋਜ਼ਪੁਰਦਿਹਾਤੀ, ਸੁਨਾਮ ਅਤੇ ਪਟਿਆਲਾ ਪੂਰਬੀ ਸ਼ਾਮਲ ਹਨ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਸਬ ਡਵੀਜ਼ਨ ਬਰਗਾੜੀ ਦੇ ਜੇ ਈ ਕੁਲਦੀਪ ਸਿੰਘ ਦੀ ਪਠਾਨਕੋਟ ਦੀ ਬਦਲੀ ਕਰਵਾ ਕੇ ਪਾਵਰਕਾਮ ਦੀ ਡਿਫਾਲਟਰਾਂ ਖਿਲਾਫ ਚਲਾਈ ਮੁਹਿੰਮ ਨੂੰ ਢਾਹ ਲਾ ਦਿੱਤੀ ਹੈ। ਇਸ ਜੇ ਈ ਦਾ ਏਨਾ ਕਸੂਰ ਹੈ ਕਿ ਉਸ ਨੇ ਡਿਫਾਲਟਰ ਖਪਤਕਾਰ ਦਾ ਲਿਖਤੀ ਹੁਕਮ ਮਿਲਣ ਪਿੱਛੋਂ ਕੁਨੈਕਸ਼ਨ ਕੱਟ ਦਿੱਤਾ ਅਤੇ ਵਿਧਾਇਕ ਦੇ ਹੁਕਮਾਂ ਉੱਤੇ ਕੁਨੈਕਸ਼ਨ ਮੁੜ ਜੋੜਨ ਤੋਂ ਇਨਕਾਰ ਕਰ ਦਿੱਤਾ ਸੀ।