ਓਟਵਾ, 5 ਮਈ (ਪੋਸਟ ਬਿਊਰੋ) : ਟੋਰੀ ਲੀਡਰਸਿ਼ਪ ਦੇ ਛੇ ਉਮੀਦਵਾਰਾਂ ਵਿੱਚੋਂ ਪੰਜ ਵੀਰਵਾਰ ਰਾਤ ਨੂੰ ਕੰਜ਼ਰਵੇਟਿਵਾਂ ਦੇ ਭਰੋਸੇਯੋਗ ਲੋਕਾਂ ਨਾਲ ਭਰੇ ਕਮਰੇ ਵਿੱਚ ਬਹਿਸ ਲਈ ਇੱਕਠੇ ਹੋਣਗੇ।
ਇਹ ਕੋਈ ਰਸਮੀ ਲੀਡਰਸਿ਼ਪ ਬਹਿਸ ਨਹੀਂ ਹੈ ਪਰ ਓਟਵਾ ਵਿੱਚ ਹੋਣ ਜਾ ਰਹੀ ਸਾਲਾਨਾ ਕਾਨਫਰੰਸ ਦੇ ਹਿੱਸੇ ਵਜੋਂ ਇਸ ਨੂੰ ਕੈਨੇਡਾ ਸਟਰਾਂਗ ਐਂਡ ਫਰੀ ਨੈੱਟਵਰਕ ਵੱਲੋਂ ਹੋਸਟ ਕੀਤਾ ਜਾਵੇਗਾ। ਇਹ ਆਰਗੇਨਾਈਜ਼ੇਸ਼ਨ ਕੰਜ਼ਰਵੇਟਿਵ ਵਿਚਾਰਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਤੇ ਇਸ ਨੂੰ ਰਿਫੌਰਮ ਪਾਰਟੀ ਆਫ ਕੈਨੇਡਾ ਦੇ ਸਾਬਕਾ ਆਗੂ ਪ੍ਰੈਸਟਨ ਮੈਨਿੰਗ ਵੱਲੋਂ ਕਾਇਮ ਕੀਤਾ ਗਿਆ ਸੀ। ਰਿਫਾਰਮ ਪਾਰਟੀ ਆਫ ਕੈਨੇਡਾ ਬਾਅਦ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਰਲ ਗਈ ਤੇ ਇਸ ਕਾਰਨ ਹੀ ਕੰਜ਼ਰਵੇਟਿਵ ਪਾਰਟੀ ਦਾ ਜਨਮ ਹੋਇਆ।
ਅੱਜ ਹੋਣ ਵਾਲੀ ਬਹਿਸ ਵਿੱਚ ਉਸ ਇਤਿਹਾਸ ਨੂੰ ਵੀ ਛੋਹੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਇਹ ਦੋਸ਼ ਵੀ ਲਾਏ ਜਾ ਰਹੇ ਹਨ ਕਿ ਕੁੱਝ ਉਮੀਦਵਾਰ ਤਾਂ ਅਸਲ ਵਿੱਚ ਕੰਜ਼ਰਵੇਟਿਵ ਹੈ ਵੀ ਨਹੀਂ। ਇਸ ਬਹਿਸ ਵਿੱਚ ਪਿਏਰ ਪੌਲੀਏਵਰ, ਲੈਸਲਿਨ ਲੂਈ, ਰਮਨ ਬੇਬਰ, ਸਕੌਟ ਐਚੀਸਨ ਤੇ ਜੀਨ ਚਾਰੈਸਟ ਹਿੱਸਾ ਲੈਣਗੇ। ਪੈਟ੍ਰਿਕ ਬ੍ਰਾਊਨ 3 ਜੂਨ ਤੋਂ ਪਹਿਲਾਂ ਮੈਂਬਰਸਿ਼ਪ ਵੇਚ ਰਹੇ ਹਨ ਇਸ ਲਈ ਉਹ ਇਸ ਬਹਿਸ ਵਿੱਚ ਹਿੱਸਾ ਨਹੀਂ ਲੈਣਗੇ।