Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਸ਼ਾਹਬਾਜ਼ ਕੋਲ ਭਾਰਤ ਨਾਲ ਸੰਬੰਧ ਨਿੱਘੇ ਬਣਾਉਣ ਦਾ ਚੰਗਾ ਮੌਕਾ

May 05, 2022 02:07 AM

-ਪ੍ਰੋਫੈਸਰ ਦਰਬਾਰੀ ਲਾਲ, ਸਾਬਕਾ ਸਪੀਕਰ ਵਿਧਾਨ ਸਭਾ

ਪਾਕਿਸਤਾਨ ਦੀ ਸਿਆਸਤ ਦਾ ਬਾਬਾ ਆਦਮ ਨਿਰਾਲਾ ਹੈ। ਇੱਥੇ ਸੱਤਾ ਉੱਤੇ ਕਾਬਜ਼ ਹੋਣਾ ਜਾਂ ਸੱਤਾਹੀਣ ਹੋਣਾ ਦੋਵਾਂ ਦੀ ਪ੍ਰਕਿਰਿਆ ਅਜੀਬੋ-ਗਰੀਬ ਹੀ ਨਹੀਂ, ਬੜੀ ਅਫਸੋਸਨਾਕ ਤੇ ਲੋੜ ਤੋਂ ਵੱਧ ਹੈਰਤਅੰਗੇਜ਼ ਹੁੰਦੀ ਹੈ। ਪਿਛਲੇ ਦਿਨੀਂ ਜਦੋਂ ਇਮਰਾਨ ਖਾਨ ਵਿਰੁੱਧ ਰਾਸ਼ਟਰੀ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਆਇਆ, ਸੰਵਿਧਾਨਕ ਅਤੇ ਲੋਕਤੰਤਰੀ ਮਰਿਆਦਾਵਾਂ ਦੀ ਮੰਗ ਸੀ ਕਿ ਉਹ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਦਾ ਸਾਹਮਣਾ ਕਰਦੇ ਅਤੇ ਜੇ ਹਾਰ ਜਾਂਦੇ ਤਾਂ ਸਨਮਾਨ ਨਾਲ ਸੱਤਾ ਛੱਡ ਦਿੰਦੇ, ਜਿਵੇਂ ਭਾਰਤ ਵਿੱਚ 1978 ਵਿੱਚ ਮੋਰਾਰਜੀ ਦੇਸਾਈ ਅਤੇ 1999 ਵਿੱਚ ਅਟਲ ਬਿਹਾਰੀ ਵਾਜਪਾਈ ਨੇ ਕੀਤਾ ਸੀ। ਇਹ ਵਿਸ਼ਵ ਦੀ ਲੋਕਤੰਤਰੀ ਪ੍ਰਣਾਲੀ ਦਾ ਉੱਚ ਕੋਟੀ ਦਾ ਆਦਰਸ਼ ਮੰਨਣ ਦੀ ਬਜਾਏ ਇਮਰਾਨ ਨੇ ਘਟੀਆ ਸਿਆਸੀ ਹੱਥਕੰਡਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਉਸ ਦੀ ਹੀ ਪਾਰਟੀ ਦੇ ਡਿਪਟੀ ਸਪੀਕਰ ਨੇ ਬੇਭਰੋਸਗੀ ਮਤਾ ਰੱਦ ਕਰ ਦਿੱਤਾ ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਲੋਕਤੰਤਰੀ ਰਵਾਇਤ ਕਾਇਮ ਹੋਈ।
ਪਿਛਲੇ 75 ਸਾਲਾਂ ਤੋਂ ਪਾਕਿਸਤਾਨ ਦੀ ਇਹੋ ਸਿਆਸੀ ਤ੍ਰਾਸਦੀ ਰਹੀ ਹੈ। 1951 ਵਿੱਚ ਪ੍ਰਧਾਨ ਮੰਤਰੀ ਪੀਰਜ਼ਾਦਾ ਲਿਆਕਤ ਅਲੀ ਖਾਨ ਦੀ ਰਾਵਲਪਿੰਡੀ ਨੇੜੇ ਇੱਕ ਬਾਗ਼ ਵਿੱਚ ਹੱਤਿਆ ਕਰ ਦਿੱਤੀ ਗਈ। ਇਸੇ ਬਾਗ਼ ਵਿੱਚ ਫਿਰ 2007 ਵਿੱਚ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਮਾਰ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਨੂੰ ਇੱਕ ਝੂਠੇ ਕਤਲ ਕੇਸ ਵਿੱਚ ਫਸਾ ਕੇ ਫਾਂਸੀ ਉੱਤੇ ਲਟਕਾ ਦਿੱਤਾ ਗਿਆ। 1951 ਤੋਂ 1958 ਤੱਕ ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਤਾਸ਼ ਦੇ ਪੱਤਿਆਂ ਵਾਂਗ ਉਡਦੇ ਰਹੇ।ਇੱਕ ਪ੍ਰਧਾਨ ਮੰਤਰੀ ਸਿਰਫ ਦੋ ਮਹੀਨੇ ਰਿਹਾ ਅਤੇ ਅਰਾਜਕਤਾ ਤੇ ਅਵਿਵਸਥਾ ਫੈਲਣ ਨਾਲ ਫੌਜੀ ਜਰਨੈਲ ਅਯੂਬ ਖਾਨ ਪ੍ਰਜਾਤੰਤਰ ਨੂੰ ਪੈਰਾਂ ਹੇਠ ਦਰੜ ਕੇ ਖੁਦ ਹਾਕਮ ਬਣ ਬੈਠਾ। ਉਸ ਦੇ ਬਾਅਦ ਯਾਹੀਆ ਖਾਨ, ਜ਼ਿਆ-ਉਲ-ਹੱਕ, ਪ੍ਰਵੇਜ਼ ਮੁਸ਼ੱਰਫ ਅਤੇ ਅੱਜਕੱਲ੍ਹ ਕਮਰ ਜਾਵੇਦ ਬਾਜਵਾ ਅਪ੍ਰਤੱਖ ਤੌਰ ਉੱਤੇ ਸਭ ਤੋਂ ਉਪਰ ਹਨ। ਪਾਕਿਸਤਾਨ ਵਿੱਚ ਕਹਾਵਤ ਹੈ ਕਿ ਇੱਥੇ ਅੱਲ੍ਹਾ, ਅਮਰੀਕਾ ਅਤੇ ਆਰਮੀ ਦਾ ਬੋਲਬਾਲਾ ਹੈ।
ਇਮਰਾਨ ਖਾਨ ਦੇ ਸਾਢੇ ਤਿੰਨ ਸਾਲਾਂ ਦੇ ਰਾਜ ਵਿੱਚ ਪਾਕਿਸਤਾਨ ਵਿੱਚ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ। ਆਟਾ, ਦਾਲਾਂ ਤੇ ਸਬਜ਼ੀਆਂ ਦੇ ਭਾਅ ਅਸਮਾਨ ਛੂਹਣ ਲੱਗੇ ਤੇ ਲੋਕਾਂ ਵਿੱਚ ਹਾਹਾਕਾਰ ਮਚ ਗਈ। ਪਿਛਲੇ ਛੇ ਮਹੀਨਿਆਂ ਵਿੱਚ ਮਹਿੰਗਾਈ ਦਰ 24.3 ਫੀਸਦੀ ਵਧ ਗਈ। ਪਾਕਿਸਤਾਨ 23.79 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੈ, ਜੋ ਉਸ ਦੀ ਜੀ ਡੀ ਪੀ ਦਾ 43 ਫੀਸਦੀ ਹੈ ਅਤੇ ਰੋਜ਼ 1400 ਕਰੋੜ ਰੁਪਏ ਦਾ ਕਰਜ਼ਾ ਵਧ ਰਿਹਾ ਹੈ। ਇਮਰਾਨ ਖਾਨ ਦੀ ਸਰਕਾਰ ਨੇ ਜਿੰਨਾ ਕਰਜ਼ਾ ਸਾਢੇ ਤਿੰਨ ਸਾਲਾਂ ਵਿੱਚ ਲਿਆ, ਓਨਾ 71 ਸਾਲਾਂ ਵਿੱਚ ਪਿਛਲੀਆਂ ਸਰਕਾਰਾਂ ਨੇ ਨਹੀਂ ਲਿਆ। ਇਮਰਾਨ ਖਾਨ ਦੇ ਸੱਤਾ ਸੰਭਾਲਦੇ ਸਮੇਂ ਇੱਕ ਡਾਲਰ ਪਾਕਿਸਤਾਨ ਦੇ 105 ਰੁਪਏ ਬਰਾਬਰ ਸੀ, ਪਰ ਸੱਤਾ ਛੱਡਣ ਸਮੇਂ ਡਾਲਰ 190 ਰੁਪਏ ਨੇੜੇ ਜਾ ਪੁੱਜਾ ਜਿਸ ਨਾਲ ਵਿਦੇਸ਼ੀ ਵਪਾਰ ਵਿੱਚ ਵੱਡੀਆਂ ਔਕੜਾਂ ਹੋ ਰਹੀਆਂ ਹਨ।
ਪਾਕਿਸਤਾਨ ਵਿੱਚ ਭਿ੍ਰਸ਼ਟਾਚਾਰ ਅਸਮਾਨ ਚੜ੍ਹ ਕੇ ਬੁਲੰਦ ਆਵਾਜ਼ ਨਾਲ ਲੋਕਾਂ ਨੂੰ ਲਲਕਾਰਦਾ ਹੈ। ਟਰਾਂਸਪੇਰੰਸੀ ਇੰਟਰਨੈਸ਼ਨਲ ਦੇ ਅਨੁਸਾਰ ਇਸ ਸਾਲ ਪਾਕਿਸਤਾਨ 140ਵੇਂ ਸਥਾਨ ਉਤੇ ਪਹੁੰਚ ਗਿਆ ਹੈ, ਜਦ ਕਿ ਇਸ ਤੋਂ ਪਹਿਲਾਂ 2018 ਵਿੱਚ ਵਿਸ਼ਵ ਪੱਧਰੀ ਕੁਰੱਪਸ਼ਨ ਪਰਸੈਪਸ਼ਨ ਇੰਡੈਕਸ ਵਿੱਚ 117ਵੇਂ ਨੰਬਰ ਉੱਤੇ ਸੀ। ਭਿ੍ਰਸ਼ਟਾਚਾਰ ਦੇ ਬਿਨਾਂ ਕੋਈ ਕੰਮ ਕਰਨਾ, ਅਸਮਾਨ ਛੂਹਣ ਤੋਂ ਘੱਟ ਨਹੀਂ। ਇਸ ਤਰ੍ਹਾਂ ਲੋਕਾਂ ਵਿੱਚ ਇਮਰਾਨ ਖਾਨ ਵਿਰੁੱਧ ਗੁੱਸਾ ਵਧ ਗਿਆ। ਹਾਲ ਹੀ ਵਿੱਚ ਇੱਕ ਸਰਵੇ ਅਨੁਸਾਰ ਪਾਕਿਸਤਾਨ ਵਿੱਚ 50 ਅਰਬ ਡਾਲਰ ਦਾ ਵਪਾਰਕ ਘਾਟਾ ਵੀ ਹੈ।
ਇਮਰਾਨ ਖਾਨ ਦੇ ਰਾਜ ਦੌਰਾਨ ਅਮਰੀਕਾ ਨਾਲ ਸੰਬੰਧ ਸੁਖਾਵੇਂ ਨਹੀਂ ਰਹੇ ਸਗੋਂ ਸੱਤਾ ਛੱਡਦੇ ਸਮੇਂ ਉਨ੍ਹਾਂ ਨੇ ਅਮਰੀਕਾ ਉੱਤੇ ਸਾਜ਼ਿਸ ਦਾ ਦੋਸ਼ ਵੀ ਲਾਇਆ। ਇਮਰਾਨ ਖਾਨ ਨੇ ਯੂਕਰੇਨ-ਰੂਸ ਜੰਗ ਦੇ ਸ਼ੁਰੂਆਤੀ ਦੌਰ ਵਿੱਚ ਮਾਸਕੋ ਜਾ ਕੇ ਪੁਤਿਨ ਨਾਲ ਗੱਲਬਾਤ ਕੀਤੀ ਜਿਸ ਨੂੰ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਇੱਕ ਨਾਂਹਪੱਖੀ ਕਦਮ ਸਮਝਿਆ।
ਪਾਕਿਸਤਾਨ ਦੀ ਬਦਕਿਸਮਤੀ ਹੈ ਕਿ ਉਸ ਨੇ ਆਪਣੀ ਪ੍ਰਾਚੀਨ ਸਭਿਆਚਾਰਕ ਵਿਰਾਸਤ ਨੂੰ ਨਜ਼ਰਅੰਦਾਜ਼ ਕਰ ਕੇ ਆਪਣੇ ਇਤਿਹਾਸ ਨੂੰ ਮੁਹੰਮਦ ਬਿਨ ਕਾਸਿਮ ਤੋਂ ਸ਼ੁਰੂ ਕੀਤਾ, ਜਦ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕ ਹਿੰਦੂ ਸਨ। ਸਮੇਂ-ਸਮੇਂ ਦੇ ਬਾਦਸ਼ਾਹਾਂ ਦੇ ਦਬਾਅ ਵਿੱਚ ਹਿੰਦੂ ਮੁਸਲਮਾਨ ਬਣ ਗਏ, ਪਰ ਉਨ੍ਹਾਂ ਦਾ ਸਭਿਆਚਾਰ ਭਾਰਤੀ ਉਪ ਮਹਾਦੀਪ ਦਾ ਹੈ, ਨਾ ਕਿ ਅਰਬਾਂ ਦਾ। ਇਹ ਪੁਰਾਣੇ ਭਾਰਤ ਦੀ ਔਲਾਦ ਹਨ। ਲੋਕ ਧਰਮ ਬਦਲਦੇ ਹੀ ਰਹਿੰਦੇ ਹਨ, ਪਰ ਸਭਿਆਚਾਰ ਨਹੀਂ ਬਦਲਦੇ।ਨਵੀਂ ਸਰਕਾਰ ਸਾਹਮਣੇ ਸੁਨਹਿਰੀ ਮੌਕਾ ਹੈ ਕਿ ਦੂਸਰੇ ਧਰਮਾਂ ਪ੍ਰਤੀ ਨਫਰਤ ਤੇ ਅੱਤਵਾਦ ਨੂੰ ਖਤਮ ਕਰ ਕੇ ਮਨੁੱਖਤਾਵਦੀ ਸਭਿਆਚਾਰ ਅਪਣਾਵੇ। ਪਾਕਿਸਤਾਨ ਵਿੱਚ ਆਜ਼ਾਦੀ ਸਮੇਂ 24 ਫੀਸਦੀ ਹਿੰਦੂ ਅਤੇ ਸਿੱਖ ਸਨ, ਜੋ ਅੱਜ ਸਿਰਫ 1.5 ਫੀਸਦੀ ਹਨ। ਸ਼ੀਆ, ਅਹਿਮਦੀਆ, ਈਸਾਈਆਂ, ਹਿੰਦੂਆਂ, ਸਿੱਖਾਂ ਅਤੇ ਹੋਰ ਘੱਟਗਿਣਤੀਆਂ ਨਾਲ ਵਿਹਾਰ ਬਹੁਤ ਮਾੜਾ ਹੈ। ਭਾਰਤ-ਪਾਕਿ ਸੰਬੰਧਾਂ ਨੂੰ ਨਿੱਘੇ ਬਣਾਉਣ ਲਈ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 1999 ਵਿੱਚ ਦਿੱਲੀ-ਲਾਹੌਰ ਬਸ ਸੇਵਾ ਸ਼ੁਰੂ ਕੀਤੀ, ਖੁਦ ਬਸ ਵਿੱਚ ਬੈਠ ਕੇ ਲਾਹੌਰ ਗਏ ਅਤੇ ਨਿਸ਼ਾਨ-ਏ-ਪਾਕਿ ਉੱਤੇ ਜਾ ਕੇ ਨਵਾਜ਼ ਸ਼ਰੀਫ ਨੂੰ ਮਿਲ ਕੇ ਕਿਹਾ: ਦੋਸਤ ਬਦਲੇ ਜਾ ਸਕਦੇ ਹਨ, ਗੁਆਂਢੀ ਨਹੀਂ। ਤੁਹਾਨੂੰ ਇਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਦਿੱਲੀ ਆਉਣ ਦੇ ਕੁਝ ਦਿਨ ਬਾਅਦ ਪਾਕਿਸਤਾਨ ਨੇ ਕਾਰਗਿਲ ਵਿੱਚ ਜੰਗ ਸ਼ੁਰੂ ਕਰ ਦਿੱਤੀ।ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਨਵਾਜ਼ ਸ਼ਰੀਫ ਨੂੰ ਹੌਟਲਾਈਨ ਉੱਤੇ ਇਸ ਦੀ ਜਾਣਕਾਰੀ ਦਿੱਤੀ ਤਾਂ ਉਹ ਹੈਰਾਨ ਰਹਿ ਗਏ, ਪਰ ਕੁਝ ਨਹੀਂ ਕਰ ਸਕੇ।
2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਬੁਲ ਤੋਂ ਲਾਹੌਰ ਜਾ ਪਹੁੰਚੇ ਅਤੇ ਨਵਾਜ਼ ਸ਼ਰੀਫ ਦੇ ਪਰਵਾਰਕ ਵਿਆਹ ਵਿੱਚ ਮੁਬਾਰਕਬਾਦ ਦੇਣ ਉਨ੍ਹਾਂ ਦੇ ਘਰ ਗਏ। ਇਹ ਹਕੀਕਤ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਨਿੱਘੇ ਸੰਬੰਧ ਬਣਾਉਣ ਦਾ ਪ੍ਰਧਾਨ ਮੰਤਰੀ ਦਾ ਆਪਣਾ ਅੰਦਾਜ਼ ਸੀ, ਪਰ ਜਦੋਂ ਉਹ ਦਿੱਲੀ ਆਏ, ਪਾਕਿ ਟ੍ਰੇਂਡ ਅੱਤਵਾਦੀਆਂ ਨੇ ਪਠਾਨਕੋਟ ਉੱਤੇ ਹਮਲਾ ਕਰ ਦਿੱਤਾ।
ਪਾਕਿਸਤਾਨ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇੱਕ ਨਵੇਂ ਪਾਕਿਸਤਾਨ ਦੇ ਨਿਰਮਾਣ ਲਈ ਨਵੀਂ ਕੂਟਨੀਤੀ ਅਤੇ ਸਿਆਸਤ ਅਪਣਾਉਣੀ ਹੋਵੇਗੀ ਤੇ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਮਾਹੌਲ ਸਥਾਪਤ ਕਰਨਾ ਹੋਵੇਗਾ ਖਾਸ ਕਰ ਕੇ ਭਾਰਤ ਨਾਲ। ਇਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਸ਼ਾਹਬਾਜ਼ ਸ਼ਰੀਫ ਤਿੰਨ ਵਾਰ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਸਿਆਸਤ ਦਾ ਉਨ੍ਹਾਂ ਨੂੰ ਲੰਬਾ ਤਜਰਬਾ ਹੈ, ਪਰ ਕੁਝ ਪਾਰਟੀਆਂ ਦੀ ਜਿਸ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ ਇਨ੍ਹਾਂ ਨੂੰ ਇਕੱਠੇ ਰੱਖਣਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ ਕਿਉਂਕਿ ਮੰਤਰੀ ਮੰਡਲ ਬਣਦੇ ਹੀ ਆਪਸੀ ਮਤਭੇਦਾਂ ਦੀਆਂ ਲਕੀਰਾਂ ਨਜ਼ਰ ਆ ਰਹੀਆਂ ਹਨ।ਪਾਕਿਸਤਾਨ ਵਿੱਚ ਬਿਲਾਵਲ ਭੁੱਟੋ ਨਵੇਂ ਵਿਦੇਸ਼ ਮੰਤਰੀ ਬਣੇ ਹਨ, ਜਿਸ ਦੇ ਨਾਨਾ ਜ਼ੁਲਿਫਕਾਰ ਅਲੀ ਭੁੱਟੋ ਨੇ ਭਾਰਤ ਨਾਲ 1972 ਵਿੱਚ ਸ਼ਿਮਲਾ ਸਮਝੌਤਾ ਕੀਤਾ ਸੀ। ਉਨ੍ਹਾਂ ਨਾਲ ਉਨ੍ਹਾਂ ਦੀ ਮਾਤਾ ਬੇਨਜ਼ੀਰ ਭੁੱਟੋ ਵੀ ਆਈ ਸੀ। ਇਸ ਤਰ੍ਹਾਂ ਭੁੱਟੋ ਪਰਵਾਰ ਭਾਰਤ ਦੀ ਉਦਾਰਵਾਦਿਤਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਦੋਵਾਂ ਦੇਸ਼ਾਂ ਦੇ ਨਿੱਘੇ ਸੰਬੰਧਾਂ ਨਾਲ ਸ਼ਾਂਤੀ ਅਤੇ ਖੁਸ਼ਹਾਲੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।

Have something to say? Post your comment