Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਕ੍ਰਿਸ਼ਮਾ

May 05, 2022 02:06 AM

-ਸੁੱਚਾ ਸਿੰਘ ਖੱਟੜਾ
ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸੇਵਾ ਲਈ ਚੁਣੇ ਜਾਣ ਉੱਤੇ ਮੈਨੂੰ 22-23 ਕਿਲੋਮੀਟਰ ਦੂਰ ਨਿਯੁਕਤੀ ਮਿਲੀ। ਆਉਣ ਜਾਣ ਦਾ ਸਮਾਂ ਵਿਦਿਆਰਥੀਆਂ ਲੇਖੇ ਲਾਉਣ ਦੀ ਸੋਚਦਾ ਰਹਿੰਦਾ। ਸਿੱਖਿਆ ਸ਼ਾਸਤਰੀ ਡਾਕਟਰ ਰਜਨੀ ਕੋਠਾਰੀ ਦੀ ਅਧਿਆਪਕ ਨੂੰ ਉਸ ਦੇ ਘਰ ਨੇੜੇ ਨਿਯੁਕਤੀ ਕਰਨ ਦੀ ਵਕਾਲਤ ਦੇ ਮੈਂ ਇਹੀ ਅਰਥ ਕੱਢਦਾ ਸੀ। ਅਗਲੇ ਵਰ੍ਹੇ ਮੈਂ ਆਪਣੀ ਬਦਲੀ ਆਪਣੇ ਘਰ ਤੋਂ ਦੋ ਕਿਲੋਮੀਟਰ ਦੂਰ ਸਕੂਲ ਵਿੱਚ ਕਰਵਾ ਲਈ।
ਨਵੇਂ ਸਕੂਲ ਵਿੱਚ ਪੁਰਸ਼ ਤੇ ਇਸਤਰੀ ਅਧਿਆਪਕਾਂ ਲਈ ਵੱਖ-ਵੱਖ ਸਟਾਫ ਰੂਮ ਮੈਨੂੰ ਚੰਗੀ ਗੱਲ ਨਾ ਲੱਗੀ। ਮੈਂ ਪੁਰਸ਼ਾਂ ਵਿੱਚ ਬੈਠਦਾ ਤਾਂ ਵਿਦਿਆ ਅਤੇ ਵਿਦਿਆਰਥੀਆਂ ਤੋਂ ਬਿਨਾਂ ਸਭ ਗੱਲਾਂ ਹੁੰਦੀਆਂ। ਸੀਨੀਅਰ ਅਧਿਆਪਕ ਗੰਭੀਰ ਤਬੀਅਤ ਦਾ ਸੀ, ਪਰ ਉਹਦੇ ਵਿਹਲੇ ਪੀਰੀਅਡ ਦਫਤਰ ਤੇ ਮੁਖੀ ਦਾ ਹੱਥ ਵਟਾਉਣ ਦੇ ਲੇਖੇ ਲੱਗਦੇ ਸਨ। ਮੈਂ ਅਸਹਿਜ ਜਿਹਾ ਹੋ ਕੇ ਇੱਕ ਦਿਨ ਇਸਤਰੀ ਅਧਿਆਪਕਾਂ ਦੇ ਸਟਾਫ ਰੂਮ ਵਿੱਚ ਜਾ ਬੈਠਾ, ਜਿਨ੍ਹਾਂ ਦਾ ਵਿਹਲਾ ਪੀਰੀਅਡ ਸੀ, ਉਹ ਵੀ ਚੁੱਪ ਵੱਟ ਬੈਠੀਆਂ ਰਹੀਆਂ। ਮੈਂ ਫਿਰ ਪੁਰਸ਼ਾਂ ਵਾਲੇ ਪਾਸੇ ਆ ਗਿਆ।
ਅਗਲੇ ਵਰ੍ਹੇ ਮੇਰੇ ਦੋਸਤ ਦੀ ਨਿਯੁਕਤੀ ਮੇਰੇ ਸਕੂਲ ਵਿੱਚ ਹੋ ਗਈ। ਮੇਰੇ ਵਾਂਗ ਉਹ ਵੀ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸੇਵਾ ਵਿੱਚ ਆਇਆ ਸੀ। ਡਿਊਟੀ ਬਾਰੇ ਉਹਦਾ ਦਿ੍ਰਸ਼ਟੀਕੋਣ ਮੇਰੇ ਵਾਲਾ ਸੀ। ਇਸਤਰੀ ਪੁਰਸ਼ਾਂ ਦਾ ਵੱਖ-ਵੱਖ ਬੈਠਣਾ ਉਸ ਨੂੰ ਭਾਉਂਦਾ ਨਹੀਂ ਸੀ। ਥੋੜ੍ਹੇ ਯਤਨ ਬਾਅਦ ਪਤਾ ਲੱਗ ਗਿਆ ਕਿ ਦੋ ਕੁ ਪੁਰਸ਼ ਅਧਿਆਪਕਾਂ ਦੀ ਗੱਲਬਾਤ ਇਸਤਰੀ ਅਧਿਆਪਕਾਂ ਲਈ ਪੁਰਸ਼ਾਂ ਨਾਲ ਬੈਠਣ ਵਿੱਚ ਰੁਕਾਵਟ ਹੈ। ਸਾਡੇ ਦੋਵਾਂ ਦੀ ਹਾਜ਼ਰੀ ਨੇ ਇਸਤਰੀ ਅਧਿਆਪਕਾਂ ਨੂੰ ਪੁਰਸ਼ਾਂ ਵਾਲੇ ਪਾਸੇ, ਭਾਵ ਇੱਕ ਥਾਂ ਬੈਠਣ ਨੂੰ ਉਤਸ਼ਾਹਤ ਕੀਤਾ। ਸਾਡੀ ਛੋਟੀ ਜਿਹੀ ਬੇਨਤੀ ਉੱਤੇ ਸਟਾਫ ਰੂਮ ਸਾਂਝਾ ਬਣ ਗਿਆ। ਨਤੀਜੇ ਵਜੋਂ ਪੁਰਸ਼ ਅਧਿਆਪਕਾਂ ਦੀ ਬੋਲ-ਬਾਣੀ ਵਿੱਚ ਸਲੀਕਾ ਜਿਹਾ ਆ ਗਿਆ। ਇਹ ਪਹਿਲਾ ਲਾਭ ਬਣ ਗਿਆ। ਪੜ੍ਹਾਉਣ ਦੇ ਮਸਲੇ ਵਿੱਚ ਨਾ ਕੋਈ ਕੰਮ ਚੋਰ ਸੀ ਅਤੇ ਨਾ ਨਿਕੰਮਾ। ਜਿਹੜਾ ਵੀ ਪੀਰੀਅਡ ਲਾ ਕੇ ਆਉਂਦਾ, ਉਹ ਹੁਸ਼ਿਆਰ ਅਤੇ ਕਮਜ਼ੋਰ ਵਿਦਿਆਰਥੀਆਂ ਦਾ ਜ਼ਿਕਰ ਕਰਦਾ ਜਾਂ ਆਪਣੇੇ ਵਿਸ਼ੇ ਦੇ ਸਿਲੇਬਸ ਦੀ ਗੱਲ ਕਰਦਾ। ਕਦੇ ਕਦੇ ਦੇਸ਼ ਨਾਲ ਜੁੜੇ ਸਮਾਜਕ, ਸਿਆਸੀ, ਆਰਥਿਕ ਤੇ ਧਾਰਮਿਕ ਵਿਸ਼ਿਆਂ ਉਪਰ ਵੀ ਗੱਲ ਚੱਲ ਪੈਂਦੀ। ਪੁਰਸ਼ਾਂ ਵਿੱਚੋਂ ਕੁਝ ਦੁਪਹਿਰ ਦਾ ਖਾਣਾ ਨਹੀਂ ਸੀ ਲਿਆਉਂਦੇ, ਪਰ ਜਿਹੜੇ ਲਿਆਉਂਦੇ ਸਨ, ਉਨ੍ਹਾਂ ਦੀਆਂ ਸਬਜ਼ੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ ਅਤੇ ਜੇ ਮੇਰੇ ਵਰਗਾ ਘਰ ਦੀ ਥਾਂ ਬਾਹਰੋਂ ਆਇਆ ਹੋਵੇ, ਉਸ ਦੀ ਪਲੇਟ ਵਿੱਚ ਸਭ ਤੋਂ ਵੱਧ ਹਿੱਸਾ ਸਜ ਜਾਂਦਾ ਸੀ। ਸਟਾਫ ਸਮਝੋ ਪਰਵਾਰ ਬਣ ਗਿਆ। ਇਹ ਦੂਜਾ ਲਾਭ ਸੀ।
ਪਤਾ ਨਹੀਂ ਕਿਉਂ, ਮੁੱਖ ਅਧਿਆਪਕਾ ਨੂੰ ਇਕੱਠੇ ਬੈਠਣਾ ਪਸੰਦ ਨਹੀਂ ਸੀ। ਆਪ ਤਾਂ ਉਹ ਸਾਰਾ ਸਮਾਂ ਦਫਤਰ ਵਿੱਚ ਰਹਿੰਦੀ ਸੀ। ਨੌਵੀਂ ਦਸਵੀਂ ਦੀਆਂ ਪੰਜ-ਪੰਜ ਸੱਤ ਕੁੜੀਆਂ ਦੇ ਘਰੇਲੂ ਗਣਿਤ ਵਿਸ਼ੇ ਦੇ ਪੀਰੀਅਡ ਵੀ ਉਹ ਕੁਰਸੀ ਉੱਤੇ ਬੈਠੀ ਬੈਠੀ ਲਾ ਲੈਂਦੀ ਸੀ। ਇੱਕ ਦਿਨ ਉਸ ਨੇ ਸੇਵਾਦਾਰ ਨੂੰ ਹੁਕਮ ਦਿੱਤਾ ਕਿ ਉਹ ਤੀਜੇ ਪੀਰੀਅਡ ਵਿੱਚ ਸਟਾਫ ਨੂੰ ਚਾਹ ਬਣਾ ਕੇ ਨਹੀਂ ਪੁਚਾਏਗਾ। ਮੇਰਾ ਤੀਜਾ ਪੀਰੀਅਡ ਖਾਲੀ ਸੀ। ਮੈਨੂੰ ਸ਼ਰਾਰਤੀ ਫੁਰਨਾ ਫੁਰਿਆ। ਮੈਂ ਚਾਹ ਬਣਾਈ ਤੇ ਵੱਡੀ ਟਰੇਅ ਵਿੱਚ ਰੱਖ ਕੇ ਸਭ ਤੱਕ ਖੁਦ ਪੁਚਾ ਦਿੱਤੀ। ਇਹ ਦੇਖ ਕੇ ਮੁੱਖ ਅਧਿਆਪਕਾ ਨੇ ਸੇਵਾਦਾਰ ਨੂੰ ਚਾਹ ਨਾ ਬਣਾਉਣ ਦਾ ਹੁਕਮ ਵਾਪਸ ਲੈ ਲਿਆ। ਇਕੱਠੇ ਬੈਠਣ ਨਾਲ ਉਸਾਰੂ ਇਕਜੁਟਤਾ ਦਾ ਲਾਭ ਮਿਲਣਾ ਹੀ ਸੀ।
ਸਾਂਝੇ ਸਟਾਫ ਰੂਮ ਦਾ ਸਭ ਤੋਂ ਵੱਡਾ ਲਾਭ ਪੜ੍ਹਾਈ ਵਿੱਚ ਇੱਕ ਦੂਜੇ ਦੀ ਮਦਦ ਹੋਣ ਵਿੱਚ ਮਿਲਿਆ। ਅੰਗਰੇਜ਼ੀ ਦੀ ਗਰਾਮਰ ਦਾ ਕੋਈ ਵੀ ਅੰਗ ਜਾਂ ਖੰਡ ਪੜ੍ਹਾਉਣ ਤੋਂ ਪਹਿਲਾਂ ਮੈਂ ਉਸੇ ਅੰਗ ਜਾਂ ਖੰਡ ਨੂੰ ਪੰਜਾਬੀ ਅਤੇ ਹਿੰਦੀ ਦੀਆਂ ਅਧਿਆਪਕਾਵਾਂ ਨੂੰ ਪੜ੍ਹਾਉਣ ਲਈ ਬੇਨਤੀ ਕਰ ਲੈਂਦਾ ਸੀ। ਮੈਂ ਅੱਜ ਵੀ ਇੰਦਰਜੀਤ ਕੌਰ ਤੇ ਕਿਰਨ ਬਾਲਾ ਦਾ ਰਿਣੀ ਹਾਂ ਕਿ ਉਹ ਆਪਣਾ ਰੁਟੀਨ ਤੋੜ ਕੇ ਮੇਰੀ ਆਈਟਮ ਪੜ੍ਹਾ ਕੇ ਮੈਨੂੰ ਸੂਚਿਤ ਕਰ ਦਿੰਦੀਆਂ। ਭਾਸ਼ਾ ਦੇ ਸਾਰੇ ਅਧਿਆਪਕਾਂ ਨੂੰ ਇਹ ਵਿਧੀ ਅਪਣਾਉਣੀ ਚਾਹੀਦੀ ਹੈ। ਵੀਹ ਸਾਲ ਪਹਿਲਾਂ ਅੱਠਵੀਂ ਦਸਵੀਂ ਦੀਆਂ ਫਸਟ ਡਵੀਜ਼ਨਾਂ ਗਿਣਵੀਆਂ ਚੁਣਵੀਆਂ ਹੁੰਦੀਆਂ ਹਨ। ਕਿਰਨ ਬਾਲਾ ਜੀ ਦੇ ਹਿੰਦੀ ਅਤੇ ਮੇਰੇ ਅੰਗਰੇਜ਼ੀ ਵਿਸ਼ੇ ਦੇ ਨਤੀਜੇ ਦਾ ਮੁਕਾਬਲਾ ਨੱਬੇ ਫੀਸਦੀ ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੋਂ ਹੁੰਦਾ ਸੀ ਜਿਸ ਵਿੱਚ ਅਕਸਰ ਕਿਰਨ ਜੀ ਹੀ ਅੱਗੇ ਰਹਿੰਦੇ ਸਨ, ਪਰ 100 ਵਿੱਚੋਂ 100, 99, 98 ਵਾਲਾ ਬੱਚਾ ਅੰਗਰੇਜ਼ੀ ਵਾਲਾ ਹੁੰਦਾ ਸੀ। ਵੀਹ ਵਰ੍ਹੇ ਇਕੱਠੇ ਪੜ੍ਹਾਇਆ। ਕਿਰਨ ਜੀ ਨੂੰ ਮੈਂ ਜਮਾਤ ਵਿੱਚ ਪਈ ਕੁਰਸੀ ਉੱਤੇ ਬੈਠਿਆਂ ਕਦੇ ਨਹੀਂ ਦੇਖਿਆ।
ਸਾਡੀ ਸੀਨੀਅਰ ਅਧਿਆਪਕ ਤਿ੍ਰਪਤਾ ਕਾਲੜਾ ਸਾਡੀ ਸਕੂਲ ਇੰਚਾਰਜ ਬਣ ਗਈ ਸੀ। ਮੇਰੀ ਗੈਰ ਹਾਜ਼ਰੀ ਵਿੱਚ ਮੇਰੀਆਂ ਜਮਾਤਾਂ ਦੀ ਅੰਗਰੇਜ਼ੀ ਦਾ ਪੀਰੀਅਡ ਲੈਣਾ ਉਹੀ ਪਸੰਦ ਕਰਦੇ ਸਨ। ਉਹ ਜੋ ਪੜ੍ਹਾਉਂਦੇ ਸਨ, ਮੈਨੂੰ ਫੋਨ ਉੱਤੇ ਜਾਣਕਾਰੀ ਦੇ ਦਿੰਦੇ ਸਨ। ਕਿਸੇ ਗੱਲੋਂ ਗੁੱਸੇ ਵਿੱਚ ਜੇ ਕੋਈ ਵਾਰਸ ਆ ਜਾਂਦਾ ਤਾਂ ਸਾਡੇ ਸਟਾਫ ਰੂਮ ਤੋਂ ਸ਼ਾਂਤ, ਸੰਤੁਸ਼ਟ ਅਤੇ ਪ੍ਰਸੰਨ ਹੋ ਕੇ ਹੀ ਬਾਹਰ ਨਿਕਲਦਾ ਸੀ।
ਇੰਝ ਸਾਡਾ ਸਾਂਝਾ ਸਟਾਫ ਰੂਮ ਸਾਡਾ ਘਰ ਤੇ ਵਰਕਸ਼ਾਪ ਸੀ ਜਿੱਥੇ ਸਾਡੀਆਂ ਸ਼ਖਸੀਅਤਾਂ ਤੇ ਵਿਦਿਆਰਥੀਆਂ ਦੀ ਸਿੱਖਿਆ ਦੇ ਮਿਆਰ ਵਿੱਚ ਬਰਾਬਰ ਅਜਿਹਾ ਵਿਕਾਸ ਹੋਇਆ ਕਿ ਸਟਾਫ ਦੇ ਲੋਕਲ ਅਧਿਆਪਕਾਂ ਨੇ ਆਪਣੇ ਬੱਚੇ ਇੱਥੇ ਹੀ ਪੜ੍ਹਾਏ। ਮੁਲਕ ਨੂੰ ਲੈਫਟੀਨੈਂਟ ਕਰਨਲ, ਆਈ ਆਈ ਟੀ, ਡਾਕਟਰ, ਖੇਤੀਬਾੜੀ ਅਫਸਰ ਤੇ ਖੇਤੀਬਾੜੀ ਪੀ ਐੱਚ ਡੀ, ਸਰਕਾਰੀ ਪ੍ਰਾਇਮਰੀ ਸੈਕੰਡਰੀ ਸਕੂਲਾਂ ਲਈ ਵਧੀਆ ਅਧਿਆਪਕ ਡੀ ਪੀ ਆਈ ਤੋਂ ਸਕੂਲ ਲਈ ਪ੍ਰਸ਼ੰਸਾ ਪੱਤਰ ਅਤੇ ਵਿਭਾਗ ਨੂੰ ਦੋ ਸਟੇਟ ਐਵਾਰਡੀ-ਫੋਰਨ ਚੰਦ ਤੇ ਹਰੀਸ਼ ਚੰਦਰ, ਵੀ ਮਿਲੇ। ਵੱਖ-ਵੱਖ ਸਟਾਫ ਰੂਮ ਰਹਿੰਦੇ ਤਾਂ ਇਹ ਕ੍ਰਿਸ਼ਮਾ ਕਦੇ ਨਾ ਵਾਪਰਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’