ਓਟਵਾ, 2 ਮਈ (ਪੋਸਟ ਬਿਊਰੋ) :ਕੈਨੇਡਾ ਤੇ ਓਨਟਾਰੀਓ ਵੱਲੋਂ ਇਲੈਕਟ੍ਰਿਕ ਵ੍ਹੀਕਲ ਬਣਾਉਣ ਲਈ ਕੈਨੇਡੀਅਨ ਆਟੋ ਪਲਾਂਟਸ ਵਿੱਚ ਨਵਾਂ ਸਾਜੋ਼ ਸਮਾਨ ਲਾਉਣ ਵਾਸਤੇ ਸਟੇਲੈਂਟਿਸ ਦੀ ਮਦਦ ਲਈ ਸਾਂਝੇ ਤੌਰ ਉੱਤੇ ਇੱਕ ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਇੱਕ ਸਾਲ ਪਹਿਲਾਂ ਫਿਏਟ ਕ੍ਰਾਈਸਲਰ ਤੇ ਫਰਾਂਸ ਦੇ ਗਰੁੱਪ ਪੀਐਸਏ ਦੇ ਰਲੇਵੇਂ ਤੋਂ ਬਾਅਦ ਕਾਇਮ ਕੀਤੀ ਗਈ ਨਵੀਂ ਕੰਪਨੀ ਸਟੇਲੈਂਟਿਸ ਵੱਲੋਂ ਵੀ ਆਪਣੇ ਇਲੈਕਟ੍ਰੀਫਿਕੇਸ਼ਨ ਪੋ੍ਰਜੈਕਟਾਂ ਲਈ 2·6 ਬਿਲੀਅਨ ਡਾਲਰ ਦੀ ਰਕਮ ਹੋਰ ਨਿਵੇਸ਼ ਕੀਤੀ ਜਾਵੇਗੀ।ਵਿੰਡਸਰ ਤੇ ਬਰੈਂਪਟਨ ਸਥਿਤ ਸਟੇਲੈਂਟਿਸ ਦੇ ਪਲਾਂਟਸ ਵਿੱਚ ਬੈਟਰੀ ਇਲੈਕਟ੍ਰਿਕ ਤੇ ਹਾਈਬ੍ਰਿਡ ਵ੍ਹੀਕਲ ਤਿਆਰ ਕਰਨ ਲਈ ਫਲੈਕਸੀਬਲ ਅਸੈਂਬਲੀ ਲਾਈਨਾਂ ਤਿਆਰ ਕਰਨਾ ਵੀ ਇਸ ਪ੍ਰੋਜੈਕਟ ਦਾ ਹਿੱਸਾ ਹੈ। ਸਟੇਲੈਂਟਿਸ ਵੱਲੋਂ ਵਿੰਡਸਰ ਵਿੱਚ ਰਿਸਰਚ ਫੈਸਿਲਿਟੀ ਦਾ ਪਸਾਰ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਬੈਟਰੀ ਪੈਕ ਟੈਸਟਿੰਗ ਹੱਬ ਤੇ ਇਲੈਕਟ੍ਰਿਕ ਵ੍ਹੀਕਲ ਰਿਸਰਚ ਸੈਂਟਰ ਬਣਾਇਆ ਜਾ ਸਕੇ।
ਇਨੋਵੇਸ਼ਨ ਮੰਤਰੀ ਫਰੈਂਕੌਇਸ ਫਿਲਿਪ ਸ਼ੈਪੇਨ ਨੇ ਆਖਿਆ ਕਿ ਆਟੋ ਸੈਕਟਰ ਵਿੱਚ ਵੱਡੀ ਤਬਦੀਲੀ ਲਿਆਂਦੀ ਜਾ ਰਹੀ ਹੈ ਤੇ ਕੈਨੇਡਾ ਦੀ ਇੰਡਸਟਰੀ ਵੱਲੋਂ ਇਸ ਵੱਡੇ ਬਦਲਾਅ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਸੈ਼ਂਪੇਨ ਨੇ ਆਖਿਆ ਕਿ ਮੇਡ ਇਨ ਕੈਨੇਡਾ ਇਲੈਕਟ੍ਰਿਕ ਵਾਹਨਾਂ ਲਈ ਇਹ ਵੱਡਾ ਮੀਲ ਪੱਥਰ ਹੈ। ਕੈਨੇਡਾ ਇਸ ਲਈ 529 ਮਿਲੀਅਨ ਡਾਲਰ ਤੇ ਓਨਟਾਰੀਓ 513 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ।