Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਸੰਪਾਦਕੀ

ਪੰਜਾਬ ਚੋਣਾਂ ਦੇ ਬਸੰਤੀ ਨਤੀਜੇ

March 11, 2022 08:39 AM

ਪੰਜਾਬੀ ਪੋਸਟ ਸੰਪਾਦਕੀ

ਪੰਜਾਬੀਆਂ ਨੂੰ ਬਸੰਤ ਰੁੱਤ ਨਾਲ ਖਾਸ ਮੁੱਹਬਤ ਹੁੰਦੀ ਹੈ। ਇਹ ਰੁੱਤ ਤਬਦੀਲੀ ਦੀ ਸੂਚਕ ਹੁੰਦੀ ਹੈ। ਇਸ ਵਿੱਚ ਕੁਦਰਤ ਦਾ ਉਹ ਰੰਗ ਹੁੰਦਾ ਹੈ ਜੋ ਪੁਰਾਣੀ ਖੜੋਤ ਨੂੰ ਲਾਂਭੇ ਕਰ ਨਵੇਂ ਜੀਵਨ ਦੀ ਸ਼ੁਰੂਆਤ ਕਰਦਾ ਹੈ। 2022 ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ 117 ਵਿੱਚੋਂ 92 ਸੀਟਾਂ ਬਸੰਤੀ ਦਸਤਾਰ ਬੰਨਣ ਵਾਲੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਝੋਲੀ ਪਾ ਬਸੰਤ ਰੁੱਤ ਦਾ ਤੋਹਫਾ ਖੁਦ ਨੂੰ ਬਖਸ਼ ਲਿਆ ਜਾਪਦਾ ਹੈ। ਇੰਝ ਜਾਪਦਾ ਹੈ ਜਿਵੇਂ ਪੰਜਾਬ ਦੀ ਸਿਆਸੀ ਫਿਜ਼ਾ ਮੁੱਦਤਾਂ ਤੋਂ ਪੁਰਾਣੀ ਸੜਾਂਦ ਨੂੰ ਹੂੰਝ ਕੇ ਨਵੀਂ ਕਰਵਟ ਲੈਣ ਲਈ ਉੱਸਲਵੱਟੇ ਲੈ ਰਹੀ ਸੀ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ ਵਰਗੇ ਘਾਗ ਇੰਝ ਭੂੰਜੇ ਪਟਕੇ ਗਏ ਕਿ ਪੰਜਾਬ ਦੇ ਸਿਰਮੌਰ ਕਵੀ ਮੋਹਣ ਸਿੰਘ ਦੀਆਂ ਸੱਤਰਾਂ ਜਿਵੇਂ ਇਹਨਾਂ ਦੀ ਹਾਰ ਨੂੰ ਵੇਖ ਕੇ ਹੀ ਲਿਖੀਆਂ ਗਈਆਂ ਹੋਣ:

ਕਾਹਨੂੰ ਵੇ ਪੱਤਿਆ ਖੜ ਖੜ ਲਾਈ ਹੈ,

ਪਤ ਝੜ ਪੁਰਾਣੇ ਵੇ

ਰੁੱਤ ਨਵਿਆਂ ਦੀ ਆਈ ਹੈ।

ਪੰਜਾਬ ਦੀ ਸਿਰਫ਼ ਧਰਤੀ ਹੀ ਜਰਖੇਜ਼ ਨਹੀਂ ਸਗੋਂ ਇਹ ਗੁਰੂਆਂ ਪੀਰਾਂ ਦੀ ਮਿਹਰ ਹੈ ਕਿ ਪੰਜਾਬ ਵਾਸੀਆਂ ਦੀ ਜ਼ਹਿਨੀਅਤ ਵੀ ਬਹੁਤ ਜਰਖੇਜ਼ ਹੈ। ਇਤਿਹਾਸ ਗਵਾਹ ਹੈ ਕਿ ਇਸ ਜਰਖੇਜ਼ ਮਾਨਸਿਕਤਾ ਕਾਰਣ ਜੋ ਕੋਈ ਸਿਆਸੀ, ਸਮਾਜਿਕ ਜਾਂ ਆਰਥਿਕ ਵਰਤਾਰਾ ਬਾਕੀ ਭਾਰਤ ਵਿੱਚ ਦੇਰ ਨਾਲ ਵਾਪਰਨਾ ਹੁੰਦਾ ਹੈ, ਉਸਦੀ ਪਨੀਰੀ ਪੰਜਾਬ ਵਿੱਚ ਕਈ ਚਿਰ ਪਹਿਲਾਂ ਬੀਜੀ ਜਾਂਦੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿੱਤ ਇੱਕ ਨਵੇਂ ਸਿਆਸੀ ਪ੍ਰਯੋਗ ਦਾ ਆਰੰਭ ਮੰਨਿਆ ਜਾ ਸਕਦਾ ਹੈ। ਦਿੱਲੀ ਵਿੱਚ ਇਸ ਪਾਰਟੀ ਦੀ ਜਿੱਤ ਨੂੰ ਬਹੁ-ਗਿਣਤੀ ਪੇਂਡੂੰ ਭਾਰਤ ਦਾ ਲਖਾਇਕ ਨਹੀਂ ਮੰਨਿਆ ਜਾ ਸਕਦਾ।

ਪੰਜਾਬ ਵਿੱਚ ਸਿਆਸੀ ਗੰਧਲਾਪਣ ਖਾਸ ਕਰਕੇ ਪੈਸਿਆਂ ਦੇ ਜੋਰ ਵੋਟਾਂ ਦੀ ਖਰੀਦੋਫਰੋਖਤ ਰਾਹੀਂ ਸੱਤਾ ਉੱਤੇ ਕਾਬਜ਼ ਹੋਣਾ ਇੱਕ ‘ਸਿੱਧ ਕੀਤਾ ਫਾਰਮੂਲਾ’ ਬਣ ਚੁੱਕਾ ਸੀ। ਆਮ ਆਦਮੀ ਦਾ ਇਹ ਹੋਕਾ ਕਾਰਗਰ ਸਾਬਤ ਹੋਇਆ ਕਿ ‘ਪੈਸੇ ਵਾਲਿਆਂ ਤੋਂ ਪੈਸੇ ਲਵੋ’ ਅਤੇ ਵੋਟ ਦੇ ਹੱਕਦਾਰ ਨੂੰ ਵੋਟ। ਜੇ ਇਹ ਗੱਲ ਪੰਜਾਬੀਆਂ ਨੇ ਪੱਲੇ ਨਾ ਬੰਨੀ ਹੁੰਦੀ ਤਾਂ ਅੱਜ ਫੇਰ ਕਿਸੇ ਬਾਦਲ, ਅਮਰਿੰਦਰ ਨੇ ਧੱਕੇਸ਼ਾਹੀ ਦਾ ਰਾਜ ਕਰਦੇ ਹੋਣਾ ਸੀ। ਇੱਕ ਹੋਰ ਸ਼ੁਭ ਸ਼ਗਨ ਇਹ ਰਿਹਾ ਹੈ ਕਿ ਵੋਟਾਂ ਜਾਤ ਪਾਤ,ਧਰਮ ਜਾਂ ਮਾਲਵੇ ਵਿੱਚ ਸੱਚਾ ਸੌਦਾ ਵਰਗੇ ਡੇਰਿਆਂ ਤੋਂ ਮਿਲਦੇ ਸੁਨੇਹਿਆਂ ਤੋਂ ਪ੍ਰਭਾਵਿਤ ਨਹੀਂ ਹੋਈਆਂ। ਚੋਣਾਂ ਤੋਂ ਕੁੱਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਨੂੰ ਪੈਰੋਲ ਉੱਤੇ ਛੱਡ ਦਿੱਤਾ ਗਿਆ ਸੀ। ਇਸ ਪਿੱਛੇ ਕੇਂਦਰ ਸਰਕਾਰ ਦੀ ਮਨਸ਼ਾ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੂੰ ਸਿਆਸੀ ਲਾਭ ਦੇਣਾ ਸੀ ਪਰ ਅੰਤ ਨੂੰ ਹੋਇਆ ਉਹੀ ਜੋ ਜਨਤਾ ਨੂੰ ਦਿਲੋਂ ਮਨਜ਼ੂਰ ਸੀ।

ਲੰਬੇ ਚਿਰ ਤੋਂ ਪੰਜਾਬ ਇੱਕ ਨਾਂਹ ਪੱਖੀ ਮਾਹੌਲ ਦਾ ਸਿ਼ਕਾਰ ਹੋ ਚੁੱਕਾ ਸੀ। ਢਿੱਲਾ ਅਰਥਚਾਰਾ, ਕੁਰੱਪਸ਼ਨ ਦਾ ਬੋਲਬਾਲਾ, ਸਿੱਖਿਆ ਪ੍ਰਬੰਧ ਦਾ ਹਾਸੋਹੀਣਾ ਹਾਲ, ਨਸਿ਼ਆਂ ਦਾ ਹੜ, ਮਾਫੀਆ ਦਾ ਅੰਨ੍ਹਾਧੁੰਦ ਰਾਜ ਅਤੇ ਨੌਜਵਾਨਾਂ ਵਿੱਚ ਉਤਸ਼ਾਹ ਦੀ ਕਮੀ, ਇਹ ਗੱਲਾਂ ਪੰਜਾਬ ਦੀਆਂ ਸੂਚਕ ਬਣ ਚੁੱਕੀਆਂ ਸਨ। ਭਗਵੰਤ ਮਾਨ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਸਨੇ ਪੰਜਾਬ ਅਤੇ ਪੰਜਾਬੀਆਂ ਨੂੰ ਆਸ ਦੀ ਇੱਕ ਨਵੀਂ ਕਿਰਣ ਵਿਖਾਈ ਹੈ।

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਇਹ ਸੋਚ ਨੂੰ ਸ਼ਾਇਦ ਬਦਲਣੀ ਹੋਵੇਗੀ ਕਿ ਅਗਲੇ ਸਾਲਾਂ ਵਿੱਚ ਉਸਦੀ ਪਾਰਟੀ ਕਾਂਗਰਸ ਦਾ ਬਦਲ ਬਣ ਕੇ ਉੱਭਰੇਗੀ। ਹਕੀਕਤ ਵਿੱਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਬਦਲ ਬਣਨ ਦੀ ਤੰਮਨਾਂ ਨਹੀਂ ਕਰਨੀ ਚਾਹੀਦੀ। ਸਹੀ ਤਬਦੀਲੀ ਪੁਰਾਣਿਆਂ ਦੀਆਂ ਗਲਤੀਆਂ ਤੋਂ ਸਿੱਖ ਕੇ ਕੁੱਝ ਨਵਾਂ ਕਰਨ ਨਾਲ ਸੰਭਵ ਹੋਵੇਗੀ ਨਾ ਕਿ ਪੁਰਾਣੇ ਮਾਡਲ ਵਰਗਾ ਬਣ ਕੇ।

ਭਗਵੰਤ ਮਾਨ ਦਾ ਆਪਣਾ ਸਹੁੰ ਚੁੱਕ ਸਮਾਗਮ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਆਯੋਜਿਤ ਕਰਨ, ਸਰਕਾਰੀ ਦਫ਼ਤਰਾਂ ਵਿੱਚ ਭਗਤ ਸਿੰਘ ਅਤੇ ਬੀ ਆਰ ਅੰਬੇਦਕਰ ਦੀਆਂ ਫੋਟੋਆਂ ਲਾਉਣ ਦਾ ਫੈਸਲਾ ਕੀਤਾ ਹੈ। ਜੇ ਅਜਿਹਾ ਕਰਨਾ ਨਵੀਆਂ ਸੰਭਾਵਨਾਵਾਂ ਦਾ ਸੰਕੇਤ ਹੈ ਤਾਂ ਇਸਨੂੰ ‘ਜੀ ਆਇਆਂ ਨੂੰ’ ਕਹਿਣਾ ਬਣਦਾ ਹੈ। ਇਹ ਦੋਵੇਂ ਸਖਸਿ਼ਅਤਾਂ ਦਾ ਸਾਫ਼ ਸੁਥਰੀ ਸੋਚ ਵਾਲੇ ਲੋਕਾਂ ਉੱਤੇ ਗਹਿਰਾ ਪ੍ਰਭਾਵ ਹੈ। ਲੋੜ ਹੈ ਕਿ ਲੋਕ ਭਗਵੰਤ ਮਾਨ ਨੂੰ ਅਮਲ ਤੱਕ ਦਾ ਸਫ਼ਰ ਤੈਅ ਕਰਨ ਲਈ ਕੁੱਝ ਸਮਾਂ ਦੇਣ।

Have something to say? Post your comment