Welcome to Canadian Punjabi Post
Follow us on

17

May 2022
 
ਪੰਜਾਬ

ਭਾਜਪਾ ਵਿੱਚ ਗਏ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਦੀ ਸਿ਼ਕਾਇਤ ਅਕਾਲ ਤਖ਼ਤ ਪੁੱਜੀ

January 26, 2022 08:15 AM

ਅੰਮ੍ਰਿਤਸਰ, 25 ਜਨਵਰੀ, (ਪੋਸਟ ਬਿਊਰੋ)-ਭਾਜਪਾ ਵਿੱਚ ਜਾਣ ਵਾਲੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਵਾਲੇ ਕਹਿਣ ਦਾ ਮੁੱਦਾ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਗਿਆ ਹੈ। ਭਾਜਪਾ ਵਿੱਚ ਸ਼ਾਮਲ ਹੋਏ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਬਾਰੇ ਪੱਤਰ ਲਿਖਿਆ ਹੈ।
ਪ੍ਰੋ: ਸਰਚਾਂਦ ਸਿੰਘ ਨੇ ਇਸ ਪੱਤਰ ਵਿੱਚ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕਹੀ ਬੇਦਾਵੇ ਦੀ ਗੱਲ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲਾਈ ਹੈ। ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਹੈ ਕਿ ਇਹ ਕਹਿ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਭਾਈਚਾਰੇ ਤੇ ਭਾਜਪਾ ਦਾ ਟਕਰਾਅ ਕਰਾਉਣ ਲਈ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਦਾ ਨੋਟਿਸ ਲੈਣ। ਉਨ੍ਹਾਂ ਭਾਜਪਾ ਵਿੱਚ ਗਏ ਸਿੱਖਾਂ ਬਾਰੇ ਗ਼ਲਤ ਬਿਆਨ ਰੋਕਣ ਦੀ ਅਪੀਲ ਨਾਲ ਕਿਹਾ ਕਿ ਕਿਸੇ ਸਿੱਖ ਦੇ ਭਾਜਪਾ ਵਿੱਚਜਾਣ ਨਾਲ ਕਿਸੇ ਰਹਿਤ ਮਰਯਾਦਾ ਦਾ ਖੰਡਨ ਨਹੀਂ ਹੁੰਦਾ ਤੇ ਨਾ ਇਹ ਗੁਰੂ ਵੱਲੋਂ ਬੇਮੁੱਖ ਹੋ ਕੇ ਧਰਮ ਤਬਦੀਲੀ ਦਾ ਕੇਸ ਹੈ, ਜਿਸ ਨੂੰ ਬੇਦਾਵਾ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੋ ਦਹਾਕੇ ਤੋਂ ਵੱਧ ਸਮਾਂ ਭਾਰਤੀ ਜਨਤਾ ਪਾਰਟੀ ਨਾਲ ਹਰ ਸਾਂਝ ਰੱਖੀ ਸੀ, ਕੀ ਉਸ ਨੂੰ ਵੀ ਬੇਦਾਵਾ ਕਿਹਾ ਜਾਵੇਗਾ? ਉਨ੍ਹਾਂ ਕਿਹਾ ਕਿ ਜੇ ਉਹ ਬੇਦਾਵਾ ਸੀ ਤਾਂ ਦੱਸਿਆ ਜਾਵੇ ਕਿ ਇਹ ਬੇਦਾਵਾ ਕਿਹੜੀ ਕੁਰਬਾਨੀ ਕਰ ਕੇ ਜਾਂ ਲਹੂ ਡੋਲ੍ਹ ਕੇ ਕਿਸ ਦੀ ਪਾਵਨ ਗੋਦ ਵਿੱਚ ਸੀਸ ਰੱਖ ਕੇ ਪੜਵਾਇਆ ਸੀ। ਉਨ੍ਹਾਂ ਸਵਾਲ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰ ਕੇ ਹਜ਼ਾਰਾਂ ਸ਼ਰਧਾਲੂਆਂ ਨੂੰ ਸ਼ਹੀਦ ਕਰਨ ਤੇ 84 ਦੌਰਾਨ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ‘ਤੁਝੇ ਸਿੱਖੀ ਸੇ ਨਿਕਾਲ ਦੇਤੇ ਤੋ ਕਿਆ ਹੋ ਜਾਤਾ’ ਕਹਿਣ ਦੇ ਖਿਲਾਫ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੁਝ ਵੀ ਨਹੀਂ ਕਿਹਾ। ਉਨ੍ਹਾਂ ਪੁੱਛਿਆ ਕਿ ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਕੇਵਲ ਉਹ ਗੁਰਸਿੱਖ ਜਾਂ ਪੰਥਕ ਹਨ, ਜਿਨ੍ਹਾਂ ਨੇ ਰਾਮ ਰਹੀਮ ਨੂੰ ਬਿਨਾਂ ਮੰਗੀ ਮੁਆਫ਼ੀ ਦਿੱਤੀ ਤੇ ਆਪਣੇ ਕੂੜ ਨੂੰ ਸੱਚ ਸਾਬਤ ਕਰਨ ਲਈ 90 ਲੱਖ ਰੁਪਏ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਦਿੱਤੇ ਸਨ।

 
Have something to say? Post your comment