* ਸੁਪਰੀਮ ਕੋਰਟ ਵਿੱਚ ਜਾਣ ਲਈ ਸਮਾਂ ਦਿੱਤਾ ਗਿਆ
ਚੰਡੀਗੜ੍ਹ, 25 ਜਨਵਰੀ, (ਪੋਸਟ ਬਿਊਰੋ)-ਐਨਡੀਪੀਐਸ (ਨਸ਼ੀਲੇ ਪਦਾਰਥਾਂ ਦੇ ਧੰਦੇ ਬਾਰੇ ਕਾਨੂੰਨ) ਦੇ ਕੇਸ ਵਿੱਚ ਫਸੇ ਹੋਏ ਸੀਨੀਅਰ ਅਕਾਲੀ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਭਾਵੇਂ ਹਾਈ ਕੋਰਟ ਨੇ ਸੋਮਵਾਰ ਨੂੰ ਰੱਦ ਕਰ ਦਿੱਤੀ ਸੀ, ਪਰ ਨਾਲ ਉਨ੍ਹਾਂ ਨੂੰ ਤਿੰਨ ਦਿਨ ਗ੍ਰਿਫ਼ਤਾਰ ਨਾ ਕਰਨ ਦੇ ਹੁਕਮ ਦਿੱਤੇ ਸਨ।ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਨ੍ਹਾਂ ਨੂੰ ਸੱਤ ਦਿਨ ਗ੍ਰਿਫ਼ਤਾਰ ਨਾ ਕਰਨ ਦੀ ਮੰਗ ਕੀਤੀ ਤੇ ਕਿਹਾ ਸੀ ਕਿ ਜਦੋਂ ਤਕ ਸੁਪਰੀਮ ਕੋਰਟ ਵਿੱਚ ਉਨ੍ਹਾਂ ਦੀ ਅਪੀਲ ਪੇਸ਼ ਨਾਹੋਵੇ, ਉਦੋਂ ਤਕ ਗ੍ਰਿਫ਼ਤਾਰ ਨਾ ਕੀਤਾ ਜਾਵੇ, ਪਰ ਹਾਈ ਕੋਰਟ ਨੇ ਸੱਤ ਦੀ ਬਜਾਏ ਸਿਰਫ਼ ਤਿੰਨ ਦਿਨ ਸਮਾਂ ਦਿੱਤਾ ਹੈ।ਬਿਕਰਮ ਸਿੰਘ ਮਜੀਠੀਆ ਇਸ ਸਮੇਂ ਦੌਰਾਨ ਵਿਧਾਨ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਕਾਗਜ਼ ਭਰ ਸਕਦੇ ਹਨ ਤੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀਦੇਣ ਲਈ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ ਵੀ ਪਾਈ ਜਾ ਸਕਦੀ ਹੈ।
ਵਰਨਣ ਯੋਗ ਹੈ ਕਿ ਮੋਹਾਲੀ ਪੁਲਿਸ ਨੇ ਅੱਜ ਮੰਗਲਵਾਰ ਸਵੇਰੇ ਅੰਮ੍ਰਿਤਸਰ ਵਿੱਚਬਿਕਰਮ ਸਿੰਘ ਮਜੀਠੀਆ ਦੇ ਘਰ ਛਾਪਾ ਮਾਰਿਆ ਤੇ ਪੁਲਿਸ ਕਰੀਬ 50 ਮਿੰਟ ਕੋਠੀ ਵਿੱਚ ਰਹਿ ਕੇ ਬਾਰੀਕੀ ਨਾਲ ਸਾਰੀ ਕੋਠੀ ਦੀ ਤਲਾਸ਼ੀ ਲਈ ਸੀ, ਪਰ ਮਜੀਠੀਆ ਦੇ ਬਾਰੇ ਕੋਈ ਸਬੂਤ ਨਹੀਂ ਸੀ ਮਿਲਿਆ।ਇਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਪਿਛਲੇ ਸਾਲ ਦੇ ਆਖਰੀ ਹਫਤਿਆਂ ਵਿੱਚ ਹਲਚਲ ਮੱਚੀ ਸੀ, ਜਦੋਂ ਡਰੱਗਜ਼ ਰੈਕੇਟ ਦੀ ਜਾਂਚ ਬਾਰੇ 2018 ਦੀ ਸਟੇਟਸ ਰਿਪੋਰਟ ਦੇ ਆਧਾਰ ਉੱਤੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਪਿੱਛੋਂ ਸਿਆਸੀ ਦੂਸ਼ਣਬਾਜ਼ੀ ਸ਼ੁਰੂ ਹੋ ਈ ਸੀ। ਕਾਂਗਰਸ ਦੋਸ਼ ਲਾਉਂਦੀ ਸੀ ਕਿ ਬਿਕਰਮ ਸਿੰਘ ਮਜੀਠੀਆ ਗ੍ਰਿਫਤਾਰੀ ਦੇ ਡਰ ਕਰ ਕੇ ਰੂਪੋਸ਼ ਹੋ ਗਿਆ ਹੈ, ਓਥੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਸਿਆਸੀ ਰੰਜਿਸ਼ ਕੱਢ ਰਹੀ ਹੈ ਅਤੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਬੇਵਜ੍ਹਾ ਤੂਲ ਦਿੱਤੀ ਜਾ ਰਹੀ ਹੈ।