Welcome to Canadian Punjabi Post
Follow us on

17

May 2022
 
ਪੰਜਾਬ

ਸਿਆਸੀ ਸਟੰਟ: ਉਮੀਦਵਾਰਾਂ ਦੇ ਨਾਂਵਾਂ ਵਾਲੇ ਡੰਮੀ ਉਮੀਦਵਾਰ ਖੜੇ ਕਰ ਕੇ ਵੋਟਰਾਂ ਨੂੰ ਭੁਚਲਾਉਣ ਦਾ ਰੁਝਾਨ

January 25, 2022 08:22 PM

ਚੰਡੀਗੜ੍ਹ, 25 ਜਨਵਰੀ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਐਤਕੀਂ ਫਿਰ ਇੱਕੋ ਨਾਮ ਵਾਲੇ ਕਈ-ਕਈ ਉਮੀਦਵਾਰ ਮਿਲ ਜਾਣ ਤਾਂ ਹੈਰਾਨ ਨਾ ਹੋਣਾ। ਸਿਆਸੀ ਪਿੜ ਵਿੱਚ ਇਹ ਰੁਝਾਨ ਬਹੁਤ ਪੁਰਾਣਾ ਨਹੀਂ, ਪਰ ਇਸ ਵਾਰੀ ਸੰਭਾਵਨਾ ਹੈ ਕਿ ਵੋਟਰਾਂ ਨੂੰ ਭੁਚਲਾਉਣ ਲਈ ਰਾਜਸੀ ਧਿਰਾਂ ਹਰ ਚਾਲ ਚੱਲ ਸਕਦੀਆਂ ਹਨ।
ਚਮਕੌਰ ਸਾਹਿਬ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸੀ ਉਮੀਦਵਾਰ ਹੋਣਗੇ। ਆਮ ਆਦਮੀ ਪਾਰਟੀ ਨੇ ਚੰਨੀ ਦੇ ਮੁਕਾਬਲੇ ਵਿੱਚ ਡਾਕਟਰ ਚਰਨਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਚਰਨਜੀਤ ਸਿੰਘ ਚੰਨੀ ਨੇ 2017 ਵਿੱਚ ਇਸੇ ਚਰਨਜੀਤ ਸਿੰਘ ਨੂੰ ਹਰਾਇਆ ਸੀ। ਏਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅੰਮ੍ਰਿਤਸਰ ਤੋਂ 2014 ਵਿੱਚ ਲੋਕ ਸਭਾ ਚੋਣ ਲੜੀ ਤਾਂ ਉਸੇ ਹਲਕੇ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਚੋਣ ਮੈਦਾਨ ਆ ਗਿਆ। ਮਨਪ੍ਰੀਤ ਸਿੰਘ ਬਾਦਲ ਉਦੋਂ ਹੱਕੇ-ਬੱਕੇ ਰਹਿ ਗਏ, ਜਦੋਂ ਉਨ੍ਹਾਂ ਦੇ ਮੁਕਾਬਲੇ ਹਲਕਾ ਬਠਿੰਡਾ ਤੋਂ 2014 ਵਿੱਚ ਲੋਕ ਸਭਾ ਚੋਣ ਦੌਰਾਨ ਇੱਕ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਆ ਗਿਆ ਸੀ। ਆਜ਼ਾਦ ਉਮੀਦਵਾਰ ਦਾ ਚੋਣ ਨਿਸ਼ਾਨ ‘ਪਤੰਗ' ਸੀ, ਜਿਹੜਾ ਬਿਨਾਂ ਕਿਸੇ ਚੋਣ ਪ੍ਰਚਾਰ ਤੋਂ 4618 ਵੋਟਾਂ ਲੈ ਗਿਆ ਸੀ।
ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਫਿਰ ਪਛਾਣ ਦਾ ਸੰਕਟ ਹੋ ਸਕਦਾ ਹੈ। ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਇੱਕ ਦੂਸਰੇ ਖਿਲਾਫ ਆਪਣੇ ਵਿਰੋਧੀ ਉਮੀਦਵਾਰ ਦੇ ਨਾਂ ਵਾਲੇ ਆਜ਼ਾਦ ਉਮੀਦਵਾਰ ਖੜ੍ਹੇ ਕੀਤੇ ਜਾਂਦੇ ਹਨ ਤਾਂ ਜੋ ਵੋਟਰਾਂ ਵਿੱਚ ਭੰਬਲਭੂਸਾ ਬਣ ਜਾਵੇ। ਉਂਜ ਇਹ ਸਿਆਸੀ ਚਾਲ ਕਦੇ ਬਹੁਤੀ ਸਫਲ ਨਹੀਂ ਹੋਈ ਹੈ। ਏਦ੍ਹਾਂ ਦੀ ਸਿਆਸੀ ਘੁਣਤਰ 2002 ਦੀਆਂ ਚੋਣਾਂ ਤੋਂ ਮਗਰੋਂ ਸ਼ੁਰੂ ਹੋਈ ਹੈ। ਸਾਲ 2017 ਦੀਆਂ ਚੋਣਾਂ ਵਿੱਚ ਹਲਕਾ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਮੁਕਾਬਲੇ ਇਸੇ ਹਲਕੇ ਤੋਂ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ‘ਅਕਾਲੀ' ਡਟ ਗਿਆ ਸੀ।
ਇਸ ਖੇਡ ਵਿੱਚ ਹਲਕਾ ਰਾਮਪੁਰਾ ਫੂਲ ਸਭ ਤੋਂ ਅੱਗੇ ਰਿਹਾ, ਜਿੱਥੇ ਰਵਾਇਤੀ ਵਿਰੋਧੀ ਸਿਕੰਦਰ ਸਿੰਘ ਮਲੂਕਾ ਤੇ ਗੁਰਪ੍ਰੀਤ ਸਿੰਘ ਕਾਂਗੜ ਵਿਚਾਲੇ ਟੱਕਰ ਹੁੰਦੀ ਰਹੀ ਹੈ। 2017 ਦੀਆਂ ਚੋਣਾਂ ਵਿੱਚ ਰਾਮਪੁਰਾ ਹਲਕੇ ਤੋਂ ਚੋਣ ਮੈਦਾਨ ਵਿੱਚ ਇਕੱਲਾ ਗੁਰਪ੍ਰੀਤ ਸਿੰਘ ਕਾਂਗੜ ਨਹੀਂ ਸੀ, ਤਿੰਨ ਹੋਰ ਗੁਰਪ੍ਰੀਤ ਵੀ ਆਜ਼ਾਦ ਉਮੀਦਵਾਰ ਵਜੋਂ ਖੜੇ ਸਨ ਅਤੇ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਇਕੱਲੇ ਨਹੀਂ, ਇੱਕ ਹੋਰ ਸਿਕੰਦਰ ਵੀ ਮੈਦਾਨ ਵਿੱਚ ਸੀ। ਸਾਲ 2007 ਦੀਆਂ ਚੋਣਾਂ ਵਿੱਚ ਵੀ ਇਸ ਹਲਕੇ ਤੋਂ ਇੱਕੋ ਵੇਲੇ ਤਿੰਨ ਸਿਕੰਦਰ ਅਤੇ ਦੋ ਗੁਰਪ੍ਰੀਤ ਚੋਣ ਲੜ ਰਹੇ ਸਨ।2012 ਦੀਆਂ ਚੋਣਾਂ ਵਿੱਚ ਮਜੀਠਾ ਹਲਕੇ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਤੋਂ ਬਿਨਾ ਇੱਕ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਵੀ ਮੈਦਾਨ ਵਿੱਚ ਆ ਗਿਆ। ਵਿਰੋਧੀ ਕਾਂਗਰਸੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਦੇ ਬਰਾਬਰ ਆਜ਼ਾਦ ਉਮੀਦਵਾਰ ਸੁਖਜਿੰਦਰ ਸਿੰਘ ਖੜਾ ਹੋ ਗਿਆ। ਸਾਲ 2017 ਦੀਆਂ ਚੋਣਾਂ ਵਿੱਚ ਜ਼ੀਰਾ ਹਲਕੇ ਵਿੱਚ ਸਭ ਤੋਂ ਵੱਧ ਪਛਾਣ ਦਾ ਸੰਕਟ ਸੀ, ਜਦੋਂ ਇੱਥੋਂ ਇੱਕੋ ਵੇਲੇ ਚਾਰ ਕੁਲਬੀਰ ਸਿੰਘ ਸਨ, ਜਿਨ੍ਹਾਂ ਵਿੱਚੋਂ ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਤੋਂ ਬਿਨਾਂ ਬਾਕੀ ਤਿੰਨ ਕੁਲਬੀਰ ਆਜ਼ਾਦ ਉਮੀਦਵਾਰ ਸਨ। ਇੱਥੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਸਾਹਮਣੇ ਤਿੰਨ ਹੋਰ ਗੁਰਪ੍ਰੀਤ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।
ਸਾਲ 2007 ਦੀਆਂ ਚੋਣਾਂ ਵਿੱਚ ਹਲਕਾ ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਨਾਲ ਚੋਣ ਮੈਦਾਨ ਵਿੱਚ ਦੋ ਹੋਰ ਅਮਰੀਕ ਸਿੰਘ ਆਜ਼ਾਦ ਖੜੇ ਸਨ। ਇਨ੍ਹਾਂ ਚੋਣਾਂ ਵਿੱਚ ਹੀ ਹਲਕਾ ਧਾਰੀਵਾਲ ਤੋਂ ਸੁੱਚਾ ਸਿੰਘ ਨਾਂਅ ਦੇ ਤਿੰਨ ਉਮੀਦਵਾਰ ਆਹਮੋ ਸਾਹਮਣੇ ਸਨ। ਇੱਕ ਸੁੱਚਾ ਸਿੰਘ ਲੰਗਾਹ, ਦੂਜਾ ਸੁੱਚਾ ਸਿੰਘ ਛੋਟੇਪੁਰ ਤੇ ਤੀਜਾ ਆਜ਼ਾਦ ਉਮੀਦਵਾਰ ਸੁੱਚਾ ਸਿੰਘ। ਅਬੋਹਰ ਹਲਕੇ ਵਿੱਚ ਸੁਨੀਲ ਜਾਖੜ ਦੇ ਨਾਲ ਆਜ਼ਾਦ ਉਮੀਦਵਾਰ ਸੁਨੀਲ ਕੁਮਾਰ ਚੋਣਾਂ ਵਿੱਚ ਖੜ੍ਹਾ ਸੀ। 1997 ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ ਦੇ ਅੱਗੇ ਇੱਕ ਹੋਰ ਹਰਜਿੰਦਰ ਸਿੰਘ ਵੀ ਡਟਿਆ ਹੋਇਆ ਸੀ। 2017 ਵਿੱਚ ਬਟਾਲਾ ਤੋਂ ਤਿੰਨ ਅਸ਼ਵਨੀ ਚੋਣ ਲੜੇ ਸਨ। 2012 ਦੀਆਂ ਚੋਣਾਂ ਵਿੱਚ ਫਰੀਦਕੋਟ ਹਲਕੇ ਤੋਂ ਤਿੰਨ ਅਵਤਾਰ ਸਿੰਘ ਚੋਣ ਲੜੇ ਸਨ।

 
Have something to say? Post your comment